ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਵੱਲੋਂ ਅਨੁਮਾਨਿਤ ਖ਼ਰਚਿਆਂ ਨੂੰ ਹਰੀ ਝੰਡੀ
ਮੁਕੇਸ਼ ਕੁਮਾਰ
ਚੰਡੀਗੜ੍ਹ, 28 ਅਕਤੂਬਰ
ਗੰਭੀਰ ਆਰਥਿਕ ਸੰਕਟ ਦੇ ਦੌਰ ਤੋਂ ਗੁਜ਼ਰ ਰਹੀ ਚੰਡੀਗੜ੍ਹ ਨਗਰ ਨਿਗਮ ਜਿੱਥੇ ਆਉਣ ਵਾਲੇ ਸਮੇਂ ਵਿੱਚ ਆਪਣੇ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਦੇ ਫ਼ਿਕਰ ਵਿੱਚ ਹੈ, ਉੱਥੇ ਨਗਰ ਨਿਗਮ ਵੱਲੋਂ ਸ਼ਹਿਰ ਲਈ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਏਜੰਡੇ ਮਨਜ਼ੂਰ ਕੀਤੇ ਜਾ ਰਹੇ ਹਨ। ਨਗਰ ਨਿਗਮ ਵਿੱਚ ਆਰਥਿਕ ਸੰਕਟ ਦੇ ਚੱਲਦਿਆਂ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਮਨਜ਼ੂਰ ਕੀਤੇ ਵਿਕਾਸ ਕਾਰਜ ਠੱਪ ਪਏ ਹਨ, ਉੱਥੇ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਅੱਜ ਹੋਈ ਮੀਟਿੰਗ ਦੌਰਾਨ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਪਾਸ ਕਰ ਦਿੱਤਾ ਗਿਆ।
ਮੇਅਰ ਕੁਲਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਸੋਮਵਾਰ ਨੂੰ ਹੋਈ ਮੀਟਿੰਗ ਦੌਰਾਨ ਕਮੇਟੀ ਦੇ ਮੈਂਬਰਾਂ ਨੇ ਮੀਟਿੰਗ ਦੌਰਾਨ ਪੇਸ਼ ਏਜੰਡਿਆਂ ’ਤੇ ਚਰਚਾ ਕੀਤੀ ਅਤੇ ਨਿਗਮ ਦੇ ਖਾਲੀ ਖਜ਼ਾਨੇ ਦੇ ਬਾਵਜੂਦ ਲੱਖਾਂ ਰੁਪਏ ਦੇ ਅਨੁਮਾਨਿਤ ਖ਼ਰਚਿਆਂ ਨੂੰ ਮਨਜ਼ੂਰੀ ਦੇ ਦਿੱਤੀ। ਮੀਟਿੰਗ ਵਿੱਚ ਕਮੇਟੀ ਮੈਂਬਰਾਂ ਨੇ ਸੈਕਟਰ-24 ਦੇ ਪਾਰਕ ਵਿੱਚ ਜੌਗਿੰਗ ਟਰੈਕ ਦੀ ਉਸਾਰੀ ਲਈ ਅਨੁਮਾਨਿਤ ਲਾਗਤ 10.31 ਲੱਖ ਰੁਪਏ, ਡੱਡੂ ਮਾਜਰਾ ਵਿੱਚ 300 ਟੀਪੀਡੀ ਕੰਪੋਸਟਿੰਗ ਪਲਾਂਟ ਵਿੱਚ ਆਰਸੀਸੀ ਟੋਅ ਵਾਲ ਦੀ ਉਸਾਰੀ ਲਈ ਅਨੁਮਾਨਿਤ ਲਾਗਤ ਨਾਲ 15.40 ਲੱਖ ਰੁਪਏ, ਇੰਦਰਾ ਕਲੋਨੀ ਮਨੀਮਾਜਰਾ ਵਿੱਚ ਛਠ ਪੂਜਾ ਦੇ ਪ੍ਰੋਗਰਾਮ ਦੇ ਇੰਤਜ਼ਾਮ ਲਈ ਅਨੁਮਾਨਿਤ ਲਾਗਤ ਨਾਲ 7 ਲੱਖ ਰੁਪਏ, ਸੈਕਟਰ-25 ਵਿੱਚ ਸੁਲਭ ਸੌਚਾਲਿਆ ਵਿੱਚ ਵਿਕਾਸ ਕਾਰਜਾਂ ਲਈ ਅਨੁਮਾਨਿਤ ਲਾਗਤ 17.33 ਲੱਖ ਰੁਪਏ, ਡੁੱਡੂ ਮਾਜਰਾ ਪਿੰਡ ਸਥਿਤ ਤਿੰਨ ਵੱਖ-ਵੱਖ ਗਰੀਨ ਬੈਲਟਾਂ ਵਿੱਚ ਤਿੰਨ ਜਨਤਕ ਟਾਇਲਟ ਬਲਾਕਾਂ ਦੀ ਉਸਾਰੀ ਲਈ ਅਨੁਮਾਨਿਤ ਲਾਗਤ 49.77 ਲੱਖ ਰੁਪਏ ਨੂੰ ਮਨਜ਼ੂਰੀ ਦਿੱਤੀ। ਇਸ ਤੋਂ ਇਲਾਵਾ ਮੀਟਿੰਗ ਵਿੱਚ ਕਮੇਟੀ ਮੈਂਬਰਾਂ ਨੇ ਜ਼ਿਲ੍ਹਾ ਅਦਾਲਤਾਂ, ਲੇਬਰ ਕੋਰਟ, ਸਥਾਈ ਲੋਕ ਅਦਾਲਤ, ਖ਼ਪਤਕਾਰ ਫੋਰਮ ਅਤੇ ਹੋਰ ਹੇਠਲੀਆਂ ਅਦਾਲਤਾਂ ਵਿੱਚ ਨਗਰ ਨਿਗਮ ਦੁਆਰਾ ਪੈਨਲ ਕੀਤੇ ਵਕੀਲਾਂ ਦੀ ਫੀਸ 7000 ਰੁਪਏ ਤੋਂ ਵਧਾ ਕੇ 10,000 ਰੁਪਏ ਪ੍ਰਤੀ ਕੇਸ ਕਲਰਕੇਜ ਅਤੇ ਖ਼ਰਚਿਆਂ ਸਣੇ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੀਟਿੰਗ ਦੌਰਾਨ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ, ਕਮੇਟੀ ਦੇ ਹੋਰ ਮੈਂਬਰ ਕੌਂਸਲਰ ਜਸਵਿੰਦਰ ਕੌਰ, ਮਹੇਸ਼ਇੰਦਰ ਸਿੰਘ ਸਿੱਧੂ, ਲਖਬੀਰ ਸਿੰਘ, ਤਰੁਣਾ ਮਹਿਤਾ ਅਤੇ ਨਗਰ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਨਿਗਮ ਦੀ ਮਾੜੀ ਵਿੱਤੀ ਹਾਲਾਤ ਬਾਰੇ ਵ੍ਹਾਈਟ ਪੱਤਰ ਜਾਰੀ ਕੀਤਾ ਜਾਵੇ: ਕਾਂਗਰਸ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਚੰਡੀਗੜ੍ਹ ਕਾਂਗਰਸ ਨੇ ਨਗਰ ਨਿਗਮ ਦੀ ਖਸਤਾਹਾਲ ਵਿੱਤੀ ਹਾਲਤ ਬਾਰੇ ਵ੍ਹਾਈਟ ਪੱਤਰ ਜਾਰੀ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਨਿਗਮ ਦੀ ਅਜਿਹੀ ਹਾਲਤ ਬਣਾਉਣ ਵਾਲੇ ਵਿਅਕਤੀਆਂ ਨੂੰ ਲੋਕਾਂ ਅੱਗੇ ਲਿਆਉਣ ਦੀ ਅਪੀਲ ਕੀਤੀ। ਚੰਡੀਗੜ੍ਹ ਕਾਂਗਰਸ ਦੇ ਬੁਲਾਰੇ ਰਾਜੀਵ ਸ਼ਰਮਾ ਨੇ ਕਿਹਾ ਕਿ ਸਾਲ 2016 ਤੋਂ 2023 ਤੱਕ ਨਗਰ ਨਿਗਮ ਵਿੱਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਤੇ ਸਰਕਾਰੀ ਸਾਧਨਾਂ ਦੀ ਦੁਰਵਰਤੋਂ ਕੀਤੀ ਗਈ ਹੈ। ਇਸੇ ਕਰ ਕੇ ਨਗਰ ਨਿਗਮ ਦੀ ਵਿੱਤੀ ਹਾਲਤ ਮਾੜੀ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਲ 2015 ਵਿੱਚ ਨਗਰ ਨਿਗਮ ਦੇ ਕੋਲ 500 ਕਰੋੜ ਰੁਪਏ ਦੀ ਐੱਫਡੀ ਸੀ, ਜੋ ਅੱਜ ਖ਼ਤਮ ਹੋ ਚੁੱਕੀ ਹੈ। ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਇਹ ਜਨਤਕ ਕੀਤਾ ਜਾਣਾ ਚਾਹੀਦਾ ਹੈ ਕਿ ਨਿਗਮ ਦੀ 500 ਕਰੋੜ ਰੁਪਏ ਦੀ ਐੱਫਡੀ ਤੇ ਹੋਰਨਾਂ ਫੰਡਾਂ ਦੀ ਕਿੱਥੇ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ਹਿਰ ਵਿੱਚ ਸੀਵਰੇਜ ਲਾਈਨਾਂ, ਸਟਰੀਟ ਲਾਈਟਾਂ, ਸਫਾਈ ਤੇ ਹੋਰਨਾਂ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਨਿਗਮ ਕੋਲ ਇਹ ਕੰਮ ਕਰਨ ਲਈ ਰੁਪਏ ਨਹੀਂ ਹਨ। ਉਨ੍ਹਾਂ ਨੇ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਨਿਗਮ ਦੇ ਖਜ਼ਾਨੇ ਨੂੰ ਖੋਰਾ ਲਾਉਣ ਵਾਲੇ ਅਧਿਕਾਰੀਆਂ ਤੇ ਰਾਜਨੇਤਾਵਾਂ ਨੂੰ ਸਾਹਮਣੇ ਲਿਆਉਣ। ਇਸ ਦੌਰਾਨ ਕਸੂਰਵਾਰਾਂ ਵਿਰੁੱਧ ਬਣਦੀ ਕਾਰਵਾਈ ਵੀ ਕੀਤੀ ਜਾਵੇ।