ਫ਼ਿਲਮ ‘ਟਾਈਗਰ 3’ ਨੇ ਪਹਿਲੇ ਦਿਨ 44.50 ਕਰੋੜ ਰੁਪਏ ਕਮਾਏ
ਮੁੰਬਈ: ਸਲਮਾਨ ਖ਼ਾਨ ਦੀ ਫ਼ਿਲਮ ‘ਟਾਈਗਰ 3’ ਨੇ ਰਿਲੀਜ਼ ਹੋਣ ਮਗਰੋਂ ਪਹਿਲੇ ਦਿਨ ਬਾਕਸ ਆਫ਼ਿਸ ’ਤੇ 44.50 ਕਰੋੜ ਰੁਪਏ ਦੀ ਕਮਾਈ ਕੀਤੀ। ਪ੍ਰੋਡਕਸ਼ਨ ਬੈਨਰ ਯਸ਼ਰਾਜ ਫ਼ਿਲਮਜ਼ (ਵਾਈਆਰਐੱਫ) ਨੇ ਸੋਮਵਾਰ ਨੂੰ ਦੱਸਿਆ ਕਿ ਫ਼ਿਲਮ ਨੇ ਆਪਣੇ ਪਹਿਲੇ ਦਿਨ ਇਹ ਕਮਾਈ ਕੀਤੀ। ਮਨੀਸ਼ ਸ਼ਰਮਾ ਵੱਲੋਂ ਬਣਾਈ ਇਸ ਫ਼ਿਲਮ ਵਿੱਚ ਕੈਟਰੀਨਾ ਕੈਫ਼ ਅਤੇ ਇਮਰਾਨ ਹਾਸ਼ਮੀ ਵੀ ਹਨ। ਇਹ ਫ਼ਿਲਮ ਦੀਵਾਲੀ ਮੌਕੇ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾ ਵਿੱਚ ਰਿਲੀਜ਼ ਹੋਈ ਸੀ। ਫ਼ਿਲਮ ਨਿਰਮਾਤਾਵਾਂ ਨੇ ਦੱੱਸਿਆ ਕਿ ਫ਼ਿਲਮ ‘ਟਾਈਗਰ 3’ ਨੇ ਹਿੰਦੀ ਵਿੱਚ 43 ਕਰੋੜ ਰੁਪਏ ਅਤੇ ਹੋਰਨਾਂ ਭਾਸ਼ਾਵਾਂ ਵਿੱਚ 1.50 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਤਰ੍ਹਾਂ ਫ਼ਿਲਮ ਨੇ ਪਹਿਲੇ ਦਿਨ ਕਰੀਬ ਕੁੱਲ 44.50 ਕਰੋੜ ਰੁਪਏ ਕਮਾਏ ਹਨ। ਵਾਈਆਰਐੱਫ ਨੇ ਦਾਅਵਾ ਕੀਤਾ ਕਿ ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਦੀਵਾਲੀ ਦੇ ਦਿਨ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਇਹ ਫ਼ਿਲਮ ਹੈ। ਇਹ ਫ਼ਿਲਮ ‘ਟਾਈਗਰ ਜ਼ਿੰਦਾ ਹੈ’ ਦਾ ਅਗਲਾ ਹਿੱਸਾ ਹੈ। ਫ਼ਿਲਮ ਦੀ ਐਡਵਾਂਸ ਬੁਕਿੰਗ ਪੰਜ ਨਵੰਬਰ ਨੂੰ ਸ਼ੁਰੂ ਹੋਈ ਸੀ। ‘ਪਠਾਨ’ ਦੀਆਂ ਘਟਨਾਵਾਂ ਤੋਂ ਬਾਅਦ ਫ਼ਿਲਮ ‘ਟਾਈਗਰ 3’ ਵਿੱਚ ਸਲਮਾਨ ਖ਼ਾਨ ਆਪਣੇ ਪਰਿਵਾਰ ਅਤੇ ਦੇਸ਼ ਦੋਵਾਂ ਨੂੰ ਬਚਾਉਣ ਲਈ ਜਾਸੂਸੀ ਕਰਦਾ ਦਿਖਾਈ ਦਿੰਦਾ ਹੈ। ਇਸੇ ਦੌਰਾਨ ਨਾਸਿਕ (ਮਹਾਰਾਸ਼ਟਰ) ਵਿੱਚ ਦੇਰ ਰਾਤ ਫ਼ਿਲਮ ‘ਟਾਈਗਰ 3’ ਦੇ ਸ਼ੋਅ ਦੌਰਾਨ ਮੋਹਨ ਸਿਨੇਮਾ ਹਾਲ ਵਿੱਚ ਐਤਵਾਰ ਨੂੰ ਦਰਸ਼ਕਾਂ ਨੇ ਆਤਿਸ਼ਬਾਜ਼ੀ ਕੀਤੀ। ਇਲਾਕੇ ਦੇ ਥਾਣਾ ਮੁਖੀ ਥਾਣੇਦਾਰ ਰਘੂਨਾਥ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ। ਉਧਰ, ਮੁੰਬਈ ਵਿੱਚ ਸਲਮਾਨ ਖਾਨ ਨੇ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਥੀਏਟਰ ਮਾਲਕਾਂ ਨੂੰ ਵੀ ਬੇਨਤੀ ਕਿ ਉਹ ਸਿਨੇਮਾ ਵਿੱਚ ਪਟਾਖੇ ਨਾ ਲਜਿਾਣ ਦੇਣ। -ਏਜੰਸੀਆਂ