ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਵੇਦਨਸ਼ੀਲ ਸਵਾਲ ਖੜ੍ਹੇ ਕਰਦੀ ਫਿਲਮ ‘ਦਿ ਜ਼ੋਨ ਆਫ ਇੰਟਰਸਟ’

07:53 AM Apr 28, 2024 IST
ਨਾਜ਼ੀ ਜਰਮਨੀ ਵਿੱਚ ਸਟੇਟ ਦੇ ਪੁਰਜ਼ੇ ਵਜੋਂ ਕੰਮ ਕਰਦੇ ਵਿਅਕਤੀਆਂ ਦੇ ਹਿੱਸੇ ਆਈਆਂ ਰੰਗੀਨੀਆਂ ਅਤੇ ਯਹੂਦੀਆਂ ’ਤੇ ਵਰ੍ਹੇ ਕਹਿਰ ਨੂੰ ਦਰਸਾਉਂਦਾ ਫਿਲਮ ‘ਦਿ ਜ਼ੋਨ ਆਫ ਇੰਟਰਸਟ’ ਦਾ ਇੱਕ ਦ੍ਰਿਸ਼।

ਡਾ. ਕੁਲਦੀਪ ਕੌਰ
Advertisement

ਵਿਸ਼ਵ ਸਿਨੇਮਾ ਦੇ ਵੱਕਾਰੀ ਐਵਾਰਡ ਆਸਕਰ ਦੀ ਕੌਮਾਂਤਰੀ ਸ਼੍ਰੇਣੀ ਵਿੱਚ ਸਰਵੋਤਮ ਫਿਲਮ ਦਾ ਪੁਰਸਕਾਰ ਜਿੱਤਣ ਵਾਲੀ ਫਿਲਮ ‘ਦਿ ਜ਼ੋਨ ਆਫ ਇੰਟਰਸਟ’ ਇਜ਼ਰਾਈਲ ਦੁਆਰਾ ਗਾਜ਼ਾ ਵਿੱਚ ਕੀਤੇ ਜਾ ਰਹੇ ਮਨੁੱਖਤਾ ਦੇ ਘਾਣ ਉੱਪਰ ਸਾਡੇ ਦੌਰ ਦੀ ਸਭ ਤੋਂ ਅਹਿਮ ਕਲਾਤਮਿਕ ਟਿੱਪਣੀ ਹੈ। ਇਸ ਦਾ ਨਿਰਦੇਸ਼ਕ ਜੌਨਾਥਨ ਗਲੇਜ਼ਰ ਹੈ। ਉਹ ਆਸਕਰ ਜਿੱਤਣ ਸਮੇਂ ਦਿੱਤੇ ਭਾਸ਼ਣ ਵਿੱਚ ਕੀਤੀਆਂ ਟਿੱਪਣੀਆਂ ਕਰਕੇ ਸਾਰੀ ਮਨੁੱਖਤਾ ਦਾ ਧਿਆਨ ਗਾਜ਼ਾ ਪ੍ਰਤੀ ਸਾਡੇ ਸੰਵੇਦਨਹੀਣ ਵਰਤਾਉ ਵੱਲ ਖਿੱਚਣ ਵਿੱਚ ਕਾਮਯਾਬ ਰਿਹਾ ਹੈ। ਇਸ ਦੇ ਨਾਲ ਹੀ ਉਹ ਆਪਣੀ ਯਹੂਦੀ ਪਛਾਣ ’ਤੇ ਤਰਕ ਭਰਪੂਰ ਸਵਾਲ ਚੁੱਕਣ ਕਾਰਨ ਵਿਵਾਦਾਂ ਵਿੱਚ ਘਿਰ ਚੁੱਕਿਆ ਹੈ। ਉਸ ਦੀ ਫਿਲਮ ਅਸਾਧਾਰਨ ਫਿਲਮਾਂਕਣ ਤਕਨੀਕਾਂ, ਸਿਨਮੈਟਿਕ ਵਿਧੀਆਂ ਅਤੇ ਬਿਰਤਾਂਤਕ ਢਾਂਚਿਆਂ ਦੀ ਵਰਤੋਂ ਦੁਆਰਾ ਫਿਲਮ ਬਣਾਉਣ ਦੇ ਹੌਲੀਵੁੱਡ ਫਾਰਮੂਲਿਆਂ ਦੇ ਉਲਟੇ ਦਾਅ ਵਗਦੀ ਹੈ। ਉਸ ਦੀ ਵਿਚਾਰਧਾਰਕ ਸੁੱਚਤਾ ਅਤੇ ਬੌਧਿਕ ਸਮਰੱਥਾ ਵੀ ਫਾਸ਼ੀਵਾਦੀ/ ਫ਼ਿਰਕੂ ਤੇ ਨਸਲਵਾਦੀ ਰੁਝਾਨਾਂ ਦੇ ਮੌਜੂਦਾ ਆਲਮੀ ਵਰਤਾਰਿਆਂ ਅਤੇ ਮਨੁੱਖੀ ਤ੍ਰਾਸਦੀਆਂ ਪ੍ਰਤੀ ਵਧ ਰਹੀ ਨਿਰਲੇਪਤਾ ਜਾਂ ਸੰਵੇਦਨਹੀਣਤਾ ’ਤੇ ਤਿੱਖੀ ਚੋਟ ਕਰਦੀ ਹੈ। ਆਸਕਰ ਪ੍ਰਾਪਤ ਕਰਦੇ ਸਮੇਂ ਉਸ ਨੇ ਕਿਹਾ, ‘‘’ਅਤੀਤ ਵਿੱਚ ਜੋ ਅਸੀਂ ਚੁਣਦੇ ਹਾਂ, ਉਹ ਹੀ ਸਾਡਾ ਅੱਜ ਤੇ ਕੱਲ੍ਹ ਤੈਅ ਕਰਦਾ ਹੈ। ‘ਦੇਖੋ, ਉਨ੍ਹਾਂ ਨੇ ਸਾਡੇ ਨਾਲ ਉਦੋਂ ਕੀ ਕੀਤਾ?’ ਕਹਿਣ ਨਾਲੋਂ ਇਹ ਕਹਿਣਾ ਵੱਧ ਅਹਿਮ ਹੈ ਕਿ ‘ਦੇਖੋ ਅਸੀਂ ਅੱਜ ਕੀ ਕਰ ਰਹੇ ਹਾਂ?’ ਸਾਡੀ ਫਿਲਮ ਦਿਖਾਉਂਦੀ ਹੈ ਕਿ ਅਣਮਨੁੱਖੀ ਵਰਤਾਰਾ ਤੁਹਾਨੂੰ ਕਿਸ ਨਿਵਾਣ ਤੱਕ ਲਿਜਾ ਸਕਦਾ ਹੈ। ਇਸ ਨੇ ਹੀ ਸਾਡੇ ਅਤੀਤ ਅਤੇ ਸਮਕਾਲ ਨੂੰ ਘੜਨਾ ਹੈ। ਅੱਜ ਇਸ ਮੰਚ ’ਤੇ ਅਸੀਂ ਯਹੂਦੀਆਂ ਵਜੋਂ ਅਜਿਹੇ ‘ਯਹੂਦੀਪਣ’ ਅਤੇ ‘ਯਹੂਦੀ ਕਤਲੇਆਮ’ ਨੂੰ ਕਬਜ਼ਾਉਣ ਦਾ ਖੰਡਨ ਕਰਦੇ ਹਾਂ ਕਿਉਂਕਿ ਇਹ ਬਹੁਤ ਸਾਰੀਆਂ ਮਾਸੂਮ ਜ਼ਿੰਦਗੀਆਂ ਲਈ ਨਿਰੰਤਰ ਚੱਲ ਰਹੀ ਜੰਗ ਵਿੱਚ ਬਦਲ ਚੁੱਕਿਆ ਹੈ। ਭਾਵੇਂ ਸੱਤ ਅਕਤੂਬਰ ਨੂੰ ਇਜ਼ਰਾਈਲ ਵਿੱਚ ਕਤਲ ਕੀਤੇ ਨਾਗਰਿਕ ਹੋਣ ਜਾਂ ਫਿਰ ਗਾਜ਼ਾ ’ਤੇ ਕੀਤਾ ਜਾਂਦਾ ਨਿੱਤ ਨਵਾਂ ਹਮਲਾ ਹੋਵੇ, ਅਣਮਨੁੱਖੀ ਵਤੀਰੇ ਦਾ ਸ਼ਿਕਾਰ ਹੋਏ ਇਹ ਸਾਰੇ ਲੋਕ, ਪਰ ਇਸ ਸਭ ਕੁਝ ਵਿਰੁੱਧ ਲੜਿਆ ਕਿਵੇਂ ਜਾਵੇ? ਕੀ ਕਿਰਦਾਰ ਵਜੋਂ ਫਿਲਮ ਵਿੱਚ ਅਤੇ ਮਨੁੱਖ ਵਜੋਂ ਅਸਲ ਜ਼ਿੰਦਗੀ ਵਿੱਚ ਵੀ ਧਰੂ ਤਰੇ ਵਾਂਗ ਚਮਕ ਰਹੀ ਅਲੈਗਜ਼ੈਡਰਾ ਵਿਸਟ੍ਰੋਨ ਕੋਲੋਡਜ਼ਿਨਜਿਕਜੇਕ ਵਾਂਗ ਲੜਿਆ ਜਾਵੇ? ਮੈਂ ਇਹ ਫਿਲਮ ਉਸ ਦੀ ਯਾਦ ਅਤੇ ਸ਼ੰਘਰਸ਼ ਨੂੰ ਸਮਰਪਿਤ ਕਰਦਾ ਹਾਂ... ਧੰਨਵਾਦ।’’

ਫਿਲਮ ਦੇ ਇੱਕ ਦ੍ਰਿਸ਼ ’ਚ ਔਸ਼ਿਵਜ਼ ਤਸੀਹਾ ਕੇਂਦਰ ਨੂੰ ਕੀਤੀ ਵਾੜ ਨੇੜੇ ਕੂੜੇ ਦੇ ਢੇਰ ਕੋਲ ਕੈਦੀਆਂ ਲਈ ਸੇਬ ਲੁਕਾਉਂਦੀ ਬੱਚੀ।

ਫਿਲਮ ‘ਦਿ ਜ਼ੋਨ ਆਫ ਇੰਟਰਸਟ’ ਫਾਸ਼ੀਵਾਦੀ ਕਤਲੋਗਾਰਤਾਂ ਅਤੇ ਨਾਜ਼ੀ ਤੌਰ-ਤਰੀਕਿਆਂ ਬਾਰੇ ਸਦਾ ਤੋਂ ਹੀ ਚਰਚਾ ਵਿੱਚ ਰਹੇ ਇੱਕ ਅਹਿਮ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ ਕਰਦੀ ਹੈ ਕਿ ਜਦ ਸੰਸਥਾਗਤ ਅਤੇ ਵਿਉਂਤਬੱਧ ਤਰੀਕੇ ਨਾਲ ਸਟੇਟ ਅਤੇ ਉਸ ਦੀ ਮਸ਼ੀਨਰੀ ਨਾਗਰਿਕਾਂ ਦੇ ਇੱਕ ਖ਼ਾਸ ਵਰਗ ਦਾ ਨਾਮੋ-ਨਿਸ਼ਾਨ ਮਿਟਾਉਣ ’ਤੇ ਉਤਾਰੂ ਹੁੰਦੀ ਹੈ ਤਾਂ ਉਸ ਮਸ਼ੀਨਰੀ ਦਾ ਸੰਦ ਬਣ ਕੇ ਆਮ ਲੋਕਾਂ ਨੂੰ ਕਤਲ ਕਰਨ ਵਾਲੇ, ਜ਼ਿੰਮੇਵਾਰ ਤੇ ਉੱਚੇ ਅਹੁਦਿਆਂ ’ਤੇ ਤਾਇਨਾਤ ਨਾਗਰਿਕ ਕਿਵੇਂ ਜਿਊਂਦੇ ਹਨ, ਕੀ ਸੋਚਦੇ ਹਨ, ਉਨ੍ਹਾਂ ਦੇ ਪਰਿਵਾਰ ਉਨ੍ਹਾਂ ਨੂੰ ਰੋਕਦੇ ਕਿਉਂ ਨਹੀਂ। ਸਭ ਤੋਂ ਜ਼ਰੂਰੀ ਸਵਾਲ ਇਹ ਹੈ ਕਿ ਉਨ੍ਹਾਂ ਦੀ ਨਿੱਜੀ ਤੇ ਘਰੇਲੂ ਜ਼ਿੰਦਗੀ ਦੀਆਂ ਬੇਪਨਾਹ ਖ਼ੁਸ਼ੀਆਂ ਦੀ ਅਸਲ ਕੀਮਤ ਕੌਣ ਤਾਰਦਾ ਹੈ? ਇਸ ਫਿਲਮ ਦੀ ਸਭ ਤੋਂ ਅਹਿਮ ਪ੍ਰਾਪਤੀ ਇਸ ਨੂੰ ਬਣਾਉਣ ਤੋਂ ਪਹਿਲਾਂ ਇਕੱਤਰ ਕੀਤੀ ਗਈ ਕੀਤੀ ਜਾਣਕਾਰੀ ਹੈ ਜਿਸ ਲਈ ਇਸ ਫਿਲਮ ਦੇ ਨਿਰਦੇਸ਼ਕ ਨੇ ਹਿਟਲਰ ਦੀ ਛਤਰ-ਛਾਇਆ ਹੇਠ ਨਾਜ਼ੀਆਂ ਦੁਆਰਾ ਪੋਲੈਂਡ ਵਿੱਚ ਸਥਾਪਿਤ ਕੀਤੇ ਤਸੀਹਾ ਕੇਂਦਰ ਔਸ਼ਿਵਜ਼ ਨੂੰ ਕਈ ਸਾਲ ਆਪਣੀ ਠਾਹਰ ਬਣਾਇਆ। ਉਸ ਨੇ ਮਾਰੇ ਗਏ ਯਹੂਦੀਆਂ ਬਾਰੇ ਸਮਾਜ ਵਿਗਿਆਨੀ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਵਾਂਗ ਨਿੱਕੀ ਤੋਂ ਨਿੱਕੀ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ ਕੀਤੀ। ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਕਿ ਹੋਲੋਕਾਸਟ ਨਾਲ ਜੁੜੇ ਤੱਥ, ਸੂਚਨਾ ਅਤੇ ਜਾਣਕਾਰੀਆਂ ਆਪਣੀ ਯਹੂਦੀ ਪਛਾਣ ਕਾਰਨ ਉਸ ਲਈ ਕਿੰਨੀਆਂ ਤਕਲੀਫ਼ਦੇਹ ਹੋਣਗੀਆਂ। ਉਹ ਹਰ ਉਸ ਜਗ੍ਹਾ ’ਤੇ ਪਹੁੰਚਿਆ ਤੇ ਹਰ ਉਸ ਵਿਅਕਤੀ ਨੂੰ ਮਿਲਿਆ ਜੋ ਉਸ ਨੂੰ ਗੈਸ ਚੈਂਬਰਾਂ ਵਿੱਚ ਸਾੜੇ ਗਏ ਯਹੂਦੀਆਂ ਅਤੇ ਨਾਜ਼ੀ ਕੈਂਪਾਂ ਦੇ ਆਸ-ਪਾਸ ਬੇਫ਼ਿਕਰੀ ਤੇ ਐਸ਼ੋ-ਆਰਾਮ ਨਾਲ ਧੜਕ ਰਹੀ ਜ਼ਿੰਦਗੀ ਨਾਲ ਵਾਬਸਤਾ ਕਰਾ ਸਕੇ। ਉਸ ਨੇ ਹੋਲੋਕਾਸਟ ਅਤੇ ਯਹੂਦੀ ਕਤਲਾਂ ਦੇ ਸਦਮਿਆਂ ਦੀ ਜ਼ਮੀਨ ਫਰੋਲੀ ਤਾਂ ਕਿ ਉਸ ਨੂੰ ਕੁਝ ਅਜਿਹਾ ਮਿਲ ਸਕੇ ਜੋ ਉਸ ਦੌਰ ਵਿੱਚ ਅੰਦਰੋਂ ਗ਼ੈਰ-ਮਾਨਵੀ ਅਤੇ ਸੰਵੇਦਨਹੀਣ ਹੋ ਰਹੇ ਜਰਮਨਾਂ ਦੇ ਨਿਰਦਈ ਦਿਲਾਂ ਵਿੱਚ ਕੋਈ ਚਾਨਣ ਲੱਭ ਸਕੇ। ਉਸ ਨੂੰ ਅਜਿਹਾ ਕਿਰਦਾਰ ਇੱਕ ਨਿੱਕੀ ਲੜਕੀ ਦੇ ਰੂਪ ਵਿੱਚ ਮਿਲਿਆ ਜਿਹੜੀ ਰਾਤਾਂ ਨੂੰ ਯਹੂਦੀ ਕੈਦੀਆਂ ਲਈ ਕੈਂਪ ਦੇ ਆਲੇ-ਦੁਆਲੇ ਲਾਈਆਂ ਵਾੜਾਂ ਅਤੇ ਖਾਲਾਂ ਵਿੱਚ ਸੇਬ ਲੁਕਾ ਜਾਂਦੀ ਤਾਂ ਕਿ ਉਹ ਭੁੱਖੇ ਨਾ ਮਰ ਜਾਣ।

Advertisement

ਫਿਲਮ ਦਾ ਨਿਰਦੇਸ਼ਕ ਜੌਨਾਥਨ ਗਲੇਜ਼ਰ

ਪ੍ਰਸਿੱਧ ਅਖ਼ਬਾਰ ‘ਦਿ ਗਾਰਡੀਅਨ’ ਨੂੰ ਦਿੱਤੀ ਇੰਟਰਵਿਊ ਵਿੱਚ ਫਿਲਮ ਦਾ ਨਿਰਦੇਸ਼ਕ ਜੌਨਾਥਨ ਗਲੇਜ਼ਰ ਦੱਸਦਾ ਹੈ, ‘‘ਇਸ ਫਿਲਮ ਨੂੰ ਬਣਾਉਂਦੇ ਸਮੇਂ ਸਾਨੂੰ ਲਗਾਤਾਰ ਇਹ ਮਹਿਸੂਸ ਹੋ ਰਿਹਾ ਸੀ ਕਿ ਫਿਲਮ ਬੇਹੱਦ ਉਦਾਸ ਅਤੇ ਨਾ-ਉਮੀਦ ਕਰਨ ਵਾਲੀ ਬਣਦੀ ਜਾ ਰਹੀ ਹੈ ਕਿਉਂਕਿ ਹਰ ਅਗਲਾ ਦ੍ਰਿਸ਼ ਨਾਜ਼ੀਆਂ ਦੀ ਨਵੀਂ ਤੋਂ ਨਵੀਂ ਕਰੂਰ ਅਤੇ ਕਤਲੋਗਾਰਤ ਦੀਆਂ ਅਗਲੀਆਂ ਯੋਜਨਾਵਾਂ ਨੂੰ ਫਿਲਮਾਉਣ ਦਾ ਤਰੱਦਦ ਸੀ। ਸਾਰੀ ਟੀਮ ਦੇ ਦਿਲੋ-ਦਿਮਾਗ ’ਤੇ ਇੰਨਾ ਦਬਾਅ ਸੀ ਕਿ ਮੈਂ ਕਈ ਵਾਰ ਇਸ ਨੂੰ ਬਣਾਉਣ ਦਾ ਇਰਾਦਾ ਵੀ ਤਿਆਗ ਦਿੱਤਾ ਪਰ ਬਾਰ੍ਹਾਂ ਸਾਲਾਂ ਦੀ ਇੱਕ ਪੋਲਿਸ਼ ਲੜਕੀ ਦੁਆਰਾ ਯਹੂਦੀ ਕੈਦੀਆਂ ਲਈ ਸੇਬ ਲੁਕਾਉਣ ਦਾ ਸੱਚਾ ਵਾਕਿਆ ਇੰਨਾ ਮਜ਼ਬੂਤ ਤੇ ਸ਼ਾਨਦਾਰ ਨਿਕਲਿਆ ਕਿ ਉਹ ਯਹੂਦੀ ਕੈਦੀਆਂ ਦੀ ਜ਼ਿੰਦਗੀ ਵਿੱਚ ਲਿਆਂਦੇ ਸੇਬਾਂ ਦੀ ਤਰ੍ਹਾਂ ਫਿਲਮ ਦੀ ਕਹਾਣੀ ਵਿੱਚ ਵੀ ਮਨੁੱਖਤਾ, ਉਮੀਦ ਅਤੇ ਸੱਚ ਦੀ ਨਵੀਂ ਰੌਸ਼ਨੀ ਲੈ ਕੇ ਆਇਆ।
ਇਸ ਫਿਲਮ ਨੂੰ ਦੇਖਦਿਆਂ ਦਰਸ਼ਕ ਵੀ ਇਸ ਦਬਾਅ ਨੂੰ ਵਾਰ-ਵਾਰ ਮਹਿਸੂਸ ਕਰਦੇ ਹਨ। ਫਿਲਮ ਦੀ ਅਸਲ ਤਾਕਤ ਇਸ ਦਾ ਰੂਹ ਕੰਬਾਊ ਸੰਗੀਤ ਅਤੇ ਪਿੱਠਵਰਤੀ ਆਵਾਜ਼ਾਂ ਦਾ ਜੰਗਲ ਹੈ। ਯਹੂਦੀ ਕੈਦੀਆਂ ਨੂੰ ਮਾਰਨ ਲਈ ਭਰੀਆਂ ਰੇਲਗੱਡੀਆਂ ਦੇ ਰੁਕਣ ਦੀ ਆਵਾਜ਼, ਛੋਟੇ ਬੱਚਿਆਂ ਅਤੇ ਔਰਤਾਂ ਦੀ ਗੈਸ ਚੈਂਬਰਾਂ ਵਿੱਚ ਦਮ ਘੁੱਟਣ ਦੀ ਆਵਾਜ਼, ਚਿਮਨੀਆਂ ਵਿੱਚੋਂ ਲਗਾਤਾਰ ਨਿਕਲ ਰਿਹਾ ਧੁੂੰਆਂ, ਬੇਵੱਸ ਕੈਦੀਆਂ ’ਤੇ ਲਗਾਤਾਰ ਤਸ਼ੱਦਦ ਕਰ ਰਹੇ ਨਾਜ਼ੀ ਅਫਸਰਾਂ ਦੀਆਂ ਗਾਲ੍ਹਾਂ ਅਤੇ ਉਨ੍ਹਾਂ ਨੂੰ ਖਿੱਚਣ-ਧੂਹਣ ਦੀਆਂ ਅਨੇਕਾਂ ਆਵਾਜ਼ਾਂ ਇਸ ਫਿਲਮ ਨੂੰ ਪ੍ਰਯੋਗਾਤਮਕ ਅਤੇ ਕਲਾ ਫਿਲਮ ਦੀ ਵੰਨਗੀ ਵਿੱਚ ਸ਼ਾਮਿਲ ਕਰ ਦਿੰਦੀਆਂ ਹਨ।

ਔਸ਼ਿਵਜ਼ ਤਸੀਹਾ ਕੇਂਦਰ ਵਿੱਚ ਕੈਦੀਆਂ ਨੂੰ ਤਸੀਹੇ ਦੇ ਕੇ ਮਾਰਨ ਲਈ ਨਵੇਂ ਤਰੀਕੇ ਖੋਜਣ ਵਿੱਚ ਲੱਗੇ ਅਫਸਰ ਦੀ ਪਤਨੀ ਆਪਣੀ ਧੀ ਨੂੰ ਘਰ ਦੇ ਬਗੀਚੇ ’ਚ ਲੱਗੇ ਫੁੱਲ ਦਿਖਾਉਂਦੀ ਹੋਈ।

ਫਿਲਮ ਇਸ ਪੱਖ ਤੋਂ ਬੇਹੱਦ ਸ਼ਾਨਦਾਰ ਅਤੇ ਵੱਖਰੀ ਹੈ ਕਿ ਦਰਸ਼ਕ ਫਿਲਮ ਪਰਦੇ ’ਤੇ ਦਿਖਾਏ ਜਾ ਰਹੇ ਦ੍ਰਿਸ਼ ਨੂੰ ਮਹਿਸੂਸ ਕਰਨ ਦੀ ਥਾਂ ਨਾਜ਼ੀ ਕੈਂਪਾਂ ਵਿੱਚ ਮਰ ਰਹੇ ਲੋਕਾਂ ਦੀ ਕੁਰਲਾਹਟ, ਚੀਕਾਂ ਅਤੇ ਫਰਿਆਦਾਂ ਸੁਣਨ ਲਈ ਮਜਬੂਰ ਹੋ ਜਾਂਦਾ ਹੈ। ਘਰ ਦੀ ਮਾਲਕਣ ਹੈਡਵਗ (ਸੈਂਡਰਾ ਹੁਲਰ) ਆਪਣੀ ਛੋਟੀ ਧੀ ਨੂੰ ਆਪਣੇ ਖ਼ੂਬਸੂਰਤ ਬਗੀਚੇ ਵਿੱਚ ਖਿੜੇ ਫੁੱਲ ਦਿਖਾ ਰਹੀ ਹੈ। ਉਹ ਉਸ ਨੂੰ ਫੁੱਲਾਂ ਦੇ ਨਾਮ ਦੱਸਦੀ ਹੈ। ਹਰ ਫੁੱਲ ਦੇ ਨਾਮ ’ਤੇ ਉਨ੍ਹਾਂ ਦੇ ਬਗੀਚੇ ਦੀ ਕੰਧ ਦੇ ਪਾਰੋਂ ਗੋਲੀ ਚੱਲਣ ਦਾ ਖੜਾਕ ਸੁਣਦਾ ਹੈ। ਜਿਉਂ-ਜਿਉਂ ਗੁਲਾਬ ਦੇ ਲਾਲ ਫੁੱਲਾਂ ਦਾ ਰੰਗ ਪਰਦੇ ’ਤੇ ਉੱਘੜਦਾ ਜਾਂਦਾ ਹੈ ਗੋਲੀਆਂ ਦੀ ਆਵਾਜ਼ ਹੋਰ ਉੱਚੀ ਹੁੰਦੀ ਜਾਂਦੀ ਹੈ। ਇਹ ਪੂਰੀ ਫਿਲਮ ਅਜਿਹੇ ਹੀ ਰੂਪਕਾਂ ਨਾਲ ਭਰੀ ਹੋਈ ਹੈ ਜਿਹੜੇ ਇਸ ਘਰ ਦੇ ਆਲੇ-ਦੁਆਲੇ ਮੌਜੂਦ ਸਾਰੀਆਂ ਖ਼ੂਬਸੂਰਤ ਚੀਜ਼ਾਂ ਰਾਹੀਂ ਨਾਜ਼ੀ ਕੈਪਾਂ ਅੰਦਰ ਵਰ੍ਹਦੀ ਬਰਬਰਤਾ ਅਤੇ ਜ਼ੁਲਮ ਦੀ ਵਿਆਖਿਆ ਕਰਦੇ ਹਨ। ਇਸ ਘਰ ਦੇ ਬੱਚੇ ਨਦੀ ਵਿੱਚ ਖੇਡ ਕੇ ਖ਼ੁਸ਼ ਹਨ ਪਰ ਨਦੀ ਵਿੱਚ ਨਾਜ਼ੀ ਤਸੀਹਾਂ ਕੇਂਦਰਾਂ ਵਿੱਚ ਮਰੇ ਕੈਦੀਆਂ ਦੀਆਂ ਹੱਡੀਆਂ ਤੈਰ ਰਹੀਆਂ ਹਨ। ਇਸ ਘਰ ਅਤੇ ਬਗੀਚੇ ਦੇ ਆਲੇ-ਦੁਆਲੇ ਦੀ ਹਵਾ ਤੇ ਧੁੱਪ ਬੇਹੱਦ ਦਿਲਕਸ਼ ਅਤੇ ਸਕੂਨ ਦੇਣ ਵਾਲੀ ਹੈ ਪਰ ਇਹ ਹਵਾ ਮੁਰਦਿਆਂ ਦੇ ਸੜਨ ਕਾਰਨ ਬੋਝਲ ਹੈ ਅਤੇ ਲਾਸ਼ਾਂ ਦੀ ਉੱਡ ਰਹੀ ਗੰਧ ਕਾਰਨ ਸਾਹ ਲੈਣ ਯੋਗ ਨਹੀਂ ਰਹੀ। ਇਸ ਘਰ ਅਤੇ ਬਗੀਚੇ ਵਿੱਚ ਸਜੇ ਮੇਜ਼ਾਂ ’ਤੇ ਦੁਨੀਆ ਦੇ ਸਭ ਤੋਂ ਸੁਆਦਲੇ ਪਕਵਾਨ ਹਾਜ਼ਰ ਹਨ ਪਰ ਉਨ੍ਹਾਂ ਨੂੰ ਖਾਂਦੇ ਸਮੇਂ ਗੈਸ ਚੈਬਰਾਂ ਵਿੱਚ ਹੁੰਦੀ ‘ਚਰ-ਚਰ’ ਦੀ ਆਵਾਜ਼ ਜਾੜ੍ਹਾਂ ਥੱਲੇ ਚਿੱਥੀਆਂ ਜਾ ਰਹੀਆਂ ਬੁਰਕੀਆਂ ਦੀ ਆਵਾਜ਼ ਨਾਲ ਜਾ ਮਿਲਦੀ ਹੈ। ਇਸ ਘਰ ਦੇ ਮੁਖੀ ਰੋਡਲਫ ਹੌਸ (ਕ੍ਰਿਸ਼ਚਨ ਫ੍ਰੀਡਲ) ਦੀ ਡਿਊਟੀ ਉਸ ਦੇ ਬਗੀਚੇ ਨਾਲ ਲੱਗਦੇ ਨਾਜ਼ੀ ਇਤਿਹਾਸ ਦੇ ਸਭ ਤੋਂ ਘਿਣਾਉਣੇ ਅਤੇ ਬਦਨਾਮ ਕੈਂਪ ਔਸ਼ਿਵਜ਼ ਵਿੱਚ ਲੱਗੀ ਹੋਈ ਹੈ ਜਿੱਥੇ ਉਸ ਨੇ ਲੱਖਾਂ ਯਹੂਦੀ ਕੈਦੀਆਂ ਨੂੰ ਮਿੰਟਾਂ-ਸਕਿੰਟਾਂ ਵਿੱਚ ਸਾੜ ਕੇ ਸੁਆਹ ਕਰਨ ਜਾਂ ਉਨ੍ਹਾਂ ਨੂੰ ਹੋਰ ਅਨੇਕਾਂ ਦਰਦਨਾਕ ਢੰਗਾਂ ਨਾਲ ਮੌਤ ਦੇ ਮੂੰਹ ਵਿੱਚ ਧੱਕਣ ਵਿੱਚ ਮੁਹਾਰਤ ਹਾਸਿਲ ਕੀਤੀ ਹੋਈ ਹੈ। ਤ੍ਰਾਸਦੀ ਦੇਖੋ ਕਿ ਜਿਹੜਾ ਅਫਸਰ ਆਪਣੇ ਬਗੀਚੇ ਵਿੱਚ ਕੁਝ ਫੁੱਲਾਂ ਦੇ ਟੁੱਟਣ ’ਤੇ ਨੌਕਰਾਂ ਨੂੰ ਸਜ਼ਾ ਦਿੰਦਾ ਹੈ ਉਹ ਆਪਣੇ ਦੋਸਤਾਂ ਨਾਲ ਮਿਲ ਕੇ ਅਜਿਹੇ ਗੈਸ ਚੈਂਬਰ ਬਣਾਉਣ ਲਈ ਗੰਭੀਰ ਮੀਟਿੰਗਾਂ ਕਰਦਾ ਹੈ ਜਿਸ ਵਿੱਚ ਲੱਖਾਂ ਯਹੂਦੀਆਂ ਨੂੰ ਸਿਰਫ਼ ਇੱਕ ਬਟਨ ਦਬਾ ਕੇ ਹੀ ਮਾਰਿਆ ਜਾ ਸਕੇ। ਫਿਲਮ ਦੇ ਨਿਰਦੇਸ਼ਕ ਅਤੇ ਸਮੁੱਚੀ ਟੀਮ ਦਾ ਕਮਾਲ ਇਹ ਹੈ ਕਿ ਨਾਜ਼ੀ ਜਰਮਨਾਂ ਦੇ ਇੰਝ ਦਿਨੋ-ਦਿਨ ਗ਼ੈਰ-ਮਾਨਵੀ ਹੁੰਦੇ ਜਾਣ ਨੂੰ ਛੋਟੀਆਂ-ਛੋਟੀਆਂ ਘਟਨਾਵਾਂ ਰਾਹੀਂ ਚਿਤਰਿਆ ਗਿਆ ਹੈ। ਦਰਅਸਲ, ਉਹ ਇਨ੍ਹਾਂ ਘਟਨਾਵਾਂ ਦੀ ਵੀ ‘ਮਿਰਰ ਇਮੇਜ’ ਪਰਦੇ ’ਤੇ ਉਤਾਰਦਾ ਹੈ। ਮਿਸਾਲ ਵਜੋਂ, ਘਰ ਬੇਹੱਦ ਖ਼ੂਬਸੂਰਤ ਹੈ, ਪਰ ਉਸ ਘਰ ਵਿੱਚ ਪਲ ਰਹੇ ਬੱਚੇ ਨਾਜ਼ੀ ਕੈਂਪਾਂ ਵਿੱਚ ਮਾਰੇ ਗਏ ਕੈਦੀਆਂ ਦੇ ਇਕੱਠੇ ਹੋਏ ਸੋਨੇ ਦੇ ਨਕਲੀ ਦੰਦਾਂ ਨਾਲ ਖੇਡ ਰਹੇ ਹਨ। ਘਰ ਦੀ ਮਾਲਕਣ ਅਮੀਰ ਹੈ ਪਰ ਉਸ ਦੀ ਨੀਤ ਦਾ ਟੇਢਾਪਣ ਦੇਖੋ ਕਿ ਉਹ ਕੈਂਪ ਵਿੱਚ ਮਾਰੀ ਗਈ ਯਹੂਦੀ ਔਰਤ ਦਾ ਓਵਰਕੋਟ ਪਾ ਕੇ ਆਪਣੀ ਖ਼ੂਬਸੂਰਤੀ ਵਿੱਚ ਇਜ਼ਾਫ਼ਾ ਕਰਨਾ ਲੋਚਦੀ ਹੈ। ਇਸੇ ਤਰ੍ਹਾਂ ਫਿਲਮ ਵਿਚਲੇ ਸਾਰੇ ਰੰਗਾਂ, ਖ਼ੂਬਸੂਰਤੀ, ਹਾਸੇ ਤੇ ਖ਼ੁਸ਼ੀਆਂ ਪਿੱਛੇ ਮਾਰੇ ਗਏ ਲੋਕਾਂ ਦਾ ਵਿਰਲਾਪ, ਉਨ੍ਹਾਂ ਦੀ ਬੇਬਸੀ ਅਤੇ ਉਦਾਸੀ ਹੈ। ਉਨ੍ਹਾਂ ਦੀ ਮੌਤ ਦਾ ਰੰਗ ਸਾਰੀ ਫਿਲਮ ਦੇ ਕੈਨਵਸ ਨੂੰ ਲਗਾਤਾਰ ਖ਼ੂਨ ਨਾਲ ਤਰ ਰੱਖਦਾ ਹੈ।
ਇਸ ਫਿਲਮ ਨੇ ਹੌਲੀਵੁੱਡ ਨੂੰ ਦੋ ਧਿਰਾਂ ਵਿੱਚ ਵੰਡ ਦਿੱਤਾ ਹੈ। ਇੱਥੋਂ ਤੱਕ ਕਿ ਫਿਲਮ ਦੇ ਨਿਰਮਾਤਾ ਨੇ ਫਿਲਮ ਦੇ ਨਿਰਦੇਸ਼ਕ ਦੇ ਬਿਆਨ ਨਾਲ ਅਸਹਿਮਤੀ ਪ੍ਰਗਟ ਕੀਤੀ ਹੈ। ਇਸ ਦੇ ਨਾਲ ਹੀ ਸਿਨੇਮਾ ਜਿਹੀ ਸੰਪੂਰਨ ਕਲਾ ਦੀ ਜ਼ਰੂਰਤ ਅਤੇ ਇਸ ਦੇ ਮੰਤਵਾਂ ਬਾਰੇ ਵੀ ਚਰਚਾ ਭਖ ਗਈ ਹੈ। ਇਹ ਚਰਚਾ ਇਸ ਕਲਾ ਮਾਧਿਅਮ ਦੇ ਜਿਊਂਦੇ-ਜਾਗਦੇ ਹੋਣ ਅਤੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਦਾ ਸਬੂਤ ਹੈ। ਹੁਣ ਦੇਖਣਾ ਇਹ ਹੈ ਕਿ ਆਲਮੀ ਪੱਧਰ ’ਤੇ ਆਲਮੀ ਮੀਡੀਆ ਅਦਾਰਿਆਂ, ਫਿਲਮ ਬਣਾਉਣ ਦੇ ਕੇਂਦਰਾਂ ਅਤੇ ਦਰਸ਼ਕਾਂ ਵਿੱਚ ਛਿੜੀ ਇਹ ਚਰਚਾ ਗਾਜ਼ਾ ਦੇ ਹੱਕ ਵਿੱਚ ਇੱਕ ਬੁਲੰਦ ਆਵਾਜ਼ ਕਦੋਂ ਬਣਦੀ ਹੈ।
ਸੰਪਰਕ: 98554-04330

Advertisement
Advertisement