For the best experience, open
https://m.punjabitribuneonline.com
on your mobile browser.
Advertisement

ਨਵੇਂ ਮਾਪਦੰਡ ਉਭਾਰਦੀ ਫਿਲਮ ‘ਸੁੱਚਾ ਸੂਰਮਾ’

08:56 AM Oct 05, 2024 IST
ਨਵੇਂ ਮਾਪਦੰਡ ਉਭਾਰਦੀ ਫਿਲਮ ‘ਸੁੱਚਾ ਸੂਰਮਾ’
Advertisement

ਭੋਲਾ ਸਿੰਘ ਸ਼ਮੀਰੀਆ

ਫਿਲਮਾਂ ਸਿਰਫ਼ ਮਨੋਰੰਜਨ ਦਾ ਸਬੱਬ ਹੀ ਨਹੀਂ ਹੁੰਦੀਆਂ, ਸਾਡੀ ਚੇਤਨਾ ਨੂੰ ਹੁਲਾਰਾ ਦੇਣ ਦਾ ਜ਼ਰੀਆ ਵੀ ਬਣਦੀਆਂ ਹਨ। ਪੁਰਾਤਨ ਸਮੇਂ ’ਤੇ ਆਧਾਰਿਤ ਕਿਸੇ ਫਿਲਮ ਨੂੰ ਫਿਲਮਾਉਣ ਸਮੇਂ ਨਿਰਦੇਸ਼ਕ ਦੀ ਲਿਆਕਤ ਦੀ ਵੀ ਪਰਖ ਹੁੰਦੀ ਹੈ ਕਿ ਕੀ ਉਹ ਉਸ ਸਮੇਂ ਦੀਆਂ ਪ੍ਰਸਿਥੀਆਂ, ਪਹਿਰਾਵੇ, ਰੀਤੀ-ਰਿਵਾਜ ਅਤੇ ਰਹਿਣ-ਸਹਿਣ ਨਾਲ ਇਨਸਾਫ ਕਰ ਸਕਿਆ ਹੈ? ਪੰਜਾਬੀ ਫਿਲਮ ‘ਸੁੱਚਾ ਸੂਰਮਾ’ ਇੱਕ ਸੂਰਮਗਤੀ ਵਾਲੀ ਗਾਥਾ ਦੇ ਗੁੱਝੇ ਤੱਥਾਂ ਨੂੰ ਰੂਪਮਾਨ ਕਰਦੀ ਨਜ਼ਰ ਆਉਂਦੀ ਹੈ। ਬੇਸ਼ੱਕ ਫਿਲਮ ਸ਼ੁਰੂ-ਸ਼ੁੂਰੂ ਵਿੱਚ ਇੱਕ ਭੁਲੇਖਾ ਜਿਹਾ ਸਿਰਜਦੀ ਹੈ ਕਿ ਕਹਾਣੀ ਦੀ ਸ਼ੁਰੂਆਤ ਕਿੱਥੋਂ ਤੇ ਕਿਵੇਂ ਹੁੰਦੀ ਹੈ?
ਭਾਵੇਂ ਫਿਲਮ ਦੇ ਸ਼ੁਰੂ ਵਿੱਚ ਇਹ ਲਿਖ ਦਿੱਤਾ ਹੈ ਕਿ ਇਹ ਕਹਾਣੀ ਨਿਰੋਲ ਕਲਪਿਤ ਹੈ ਪ੍ਰੰਤੂ ਫਿਰ ਵੀ ਲੋਕ ਮਨਾਂ ਵਿੱਚੋਂ ਸੁੱਚੇ ਸੂਰਮੇ ਦੇ ਕਿਰਦਾਰ ਨੂੰ ਮਨਫੀ ਕਰਕੇ ਨਹੀਂ ਦੇਖਿਆ ਜਾ ਸਕਦਾ। ਹੋ ਸਕਦੈ ‘ਕਲਪਿਤ ਕਹਾਣੀ’ ਲਿਖਣਾ ਕਿਸੇ ਕਾਨੂੰਨੀ ਨੁਕਤੇ ਤੋਂ ਨਿਰਦੇਸ਼ਕ ਜਾਂ ਨਿਰਮਾਤਾ ਦੀ ਮਜਬੂਰੀ ਹੋਵੇ, ਪਰ ਸੁੱਚੇ ਸੂਰਮੇ ਦੀ ਕਹਾਣੀ ਲੋਕ ਮਨਾਂ ਵਿੱਚ ਪਹਿਲਾਂ ਹੀ ਜਾਣੀ-ਪਛਾਣੀ ਹੋਣ ਕਰਕੇ ਦਰਸ਼ਕਾਂ ਦੀ ਖਿੱਚ ਦਾ ਸਬੱਬ ਬਣਦੀ। ਜਿਸ ਦਰਸ਼ਕ ਨੂੰ ਕਹਾਣੀ ਦੇ ਪਿਛੋਕੜ ਦਾ ਪਹਿਲਾਂ ਪਤਾ ਨਹੀਂ ਹੈ, ਉਸ ਨੂੰ ਕਹਾਣੀ ਦੀ ਸ਼ੁਰੂਆਤ ਜ਼ਰੂਰ ਭੰਬਲਭੂਸਾ ਜਿਹਾ ਪਾਉਂਦੀ ਹੈ। ਜਿਵੇਂ ਸ਼ੁਰੂ ਵਿੱਚ ਹੀ ਗਊਆਂ ਨੂੰ ਛੁਡਾਉਣਾ ਤੇ ਬੁੱਚੜਾਂ ਨੂੰ ਮਾਰਨਾ ਅਤੇ ਸੁੱਚੇ ਤੇ ਘੁੱਕਰ ਦੀ ਯਾਰੀ ਦੇ ਮੁੱਢ ਬੱਝਣ ਦੇ ਮੂਲ ਕਾਰਨ ਸਪੱਸ਼ਟ ਨਾ ਹੋਣ ਕਰਕੇ ਕਹਾਣੀ ਦਾ ਕੋਈ ਸਿਰਾ ਜਿਹਾ ਨਹੀਂ ਲੱਭਦਾ। ਜਿਸ ਨੂੰ ਕਹਾਣੀ ਦਾ ਪਹਿਲਾਂ ਹੀ ਪਤਾ ਹੈ ਉਸ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਉਂਦੀ। ਅੱਧੇ ਸਮੇਂ ਤੀਕ ਉਪਰੋਥਲੀ ਕਈ ਘਟਨਾਵਾਂ ਵਾਪਰ ਜਾਣ ਕਰਕੇ ਕਹਾਣੀ ਕਿਸੇ ਤਰਤੀਬ ਵਿੱਚ ਬੱਝਦੀ ਨਜ਼ਰ ਨਹੀਂ ਆਉਂਦੀ। ਅੱਧੇ ਸਮੇਂ ਤੋਂ ਬਾਅਦ ਕਹਾਣੀ ਖਿੱਚ ਦਾ ਕੇਂਦਰ ਬਣਦੀ ਹੈ।
‘ਸੁੱਚਾ-ਸੂਰਮਾ’ ਫਿਲਮ ਕਈ ਨਵੇਂ ਮਾਪਦੰਡ ਉਲੀਕਦੀ ਹੈ। ਸਾਡੀ ਸਮਾਜਿਕ ਅਤੇ ਸੱਭਿਆਚਾਕ ਦ੍ਰਿਸ਼ਟੀ ਤੋਂ ਬਲਬੀਰੋ ਨੂੰ ਬਦਕਾਰ ਜਾਂ ਚਰਿੱਤਰਹੀਣ ਔਰਤ ਦੇ ਰੂਪ ਵਿੱਚ ਦੇਖਿਆ ਜਾਂਦਾ ਰਿਹਾ ਹੈ ਪ੍ਰੰਤੂ ਫਿਲਮ ‘ਸੁੱਚਾ ਸੂਰਮਾ’ ਵਿੱਚ ਬਲਬੀਰੋ ਨੂੰ ਸ਼ਿਵ ਕੁਮਾਰ ਬਟਾਲਵੀ ਦੀ ‘ਲੂਣਾ’ ਵਾਂਗ ਬੇਵੱਸ ਅਤੇ ਸਮਾਜਿਕ ਧੱਕੇਸ਼ਾਹੀ ਦੀ ਸ਼ਿਕਾਰ ਦਰਸਾਇਆ ਗਿਆ ਹੈ। ਪਾਤਰ ਨਰੈਣਾ (ਸਰਬਜੀਤ ਚੀਮਾ) ਬਲਬੀਰੋ ਦੇ ਅਰਮਾਨਾਂ ਨੂੰ ਥਾਂ-ਥਾਂ ’ਤੇ ਕੁਚਲਦਾ ਦਰਸਾਇਆ ਗਿਆ ਹੈ। ਜਿਵੇਂ ਸਮਾਜਿਕ ਸਰੋਕਾਰਾਂ ਨੇ ਲੂਣਾ ਦੇ ਅਰਮਾਨਾਂ ਦਾ ਕਤਲ ਕੀਤਾ ਸੀ, ਉਹੀ ਸਥਿਤੀ ਬਲਬੀਰੋ ਨਾਲ ਇਸ ਫਿਲਮ ਵਿੱਚ ਦਰਸਾਈ ਗਈ ਹੈ। ਆਪਣੇ ਵਲੂੰਧਰੇ ਗਏ ਅਰਮਾਨਾਂ ਦੇ ਕੌੜੇ ਸੱਚ ਦਾ ਭਾਂਡਾ ਪਹਿਲਾਂ ਉਹ ਆਪਣੇ ਬਾਪ ਅੱਗੇ ਤੋੜਦੀ ਹੈ ਤੇ ਫਿਰ ਗੁੱਸੇ ਵਿੱਚ ਆਪਣੇ ਦਿਉਰ ਸੁੱਚੇ ਅੱਗੇ ਆਪਣੀ ਧੁਖਦੀ ਜਵਾਨੀ ਦੀ ਪੀੜ ਨੂੰ ਦਰਸਾ ਜਾਂਦੀ ਹੈ। ਇਸ ਤਰ੍ਹਾਂ ਦਰਸ਼ਕਾਂ ਦਾ ਨਜ਼ਰੀਆ ਬਲਬੀਰੋ ਬਾਰੇ ਸਿਨੇਮਾ ਘਰ ਵਿੱਚੋਂ ਬਾਹਰ ਆਉਂਦਿਆਂ ਹੀ ਬਦਲ ਜਾਂਦਾ ਹੈ। ਫਿਲਮ ਵਿੱਚ ਬਲਬੀਰੋ ਦੀਆਂ ਦਿਲ ਖਿੱਚਵੀਆਂ ਅਦਾਵਾਂ ਤੇ ਤਿੱਖੇ ਨਕਸ਼ ਦਰਸ਼ਕਾਂ ਨੂੰ ਕੀਲਣ ਵਿੱਚ ਕਾਮਯਾਬ ਹੁੰਦੇ ਹਨ। ਘੁੱਕਰ ਤੇ ਭਾਗ ਸਿੰਘ ਆਪੋ-ਆਪਣੇ ਕਿਰਦਾਰ ਵਿੱਚ ਖ਼ੂਬ ਨਿਭਦੇ ਹਨ।
ਕੁਝ ਗੱਲਾਂ ਫਿਲਮ ’ਤੇ ਉਂਗਲ ਵੀ ਚੁੱਕਦੀਆਂ ਹਨ। ਜਿਹੜਾ ਪਾਤਰ ਸਾਰੀ ਕਹਾਣੀ ਦਾ ਕੇਂਦਰ-ਬਿੰਦੂ ਬਣ ਕੇ ਇੱਜ਼ਤ ਤੇ ਅਣਖ ਲਈ ਖੂਨੀ ਹੋਲੀ ਖੇਡਦਾ ਹੈ, ਉਹ ਆਪ ਬਰਾਤ ਜਾ ਕੇ ਲੋਕਾਂ ਦੀਆਂ ਕੁੜੀਆਂ ਨਾਲ ਇਸ਼ਕ-ਪੇਚੇ ਲੜਾਉਂਦਾ ਦਿਖਾਇਆ ਗਿਆ ਹੈ। ਸੁੱਚਾ ਸਿੰਘ ਜਦੋਂ ਨਰੈਣੇ ਦੀ ਬਰਾਤ ਜਾਂਦਾ ਹੈ ਤਾਂ ਉੱਥੇ ਉਹ ਭੁਰੋ ਨਾਂ ਦੀ ਕੁੜੀ ਨਾਲ ਇਸ਼ਕ ਕਰਦਾ ਹੈ। ਕਿਉਂਕਿ ਫਿਲਮ ਜਿਸ ਕਾਲ (ਸਮੇਂ) ਦੀ ਪ੍ਰਤੀਨਿਧਤਾ ਕਰਦੀ ਹੈ, ਉਹ ਸਮਾਂ ਕੁੜੀਆਂ ਨੂੰ ਇਸ ਤਰ੍ਹਾਂ ਦੀ ਰੁਮਾਂਟਿਕ ਖੁੱਲ੍ਹ ਦੀ ਆਗਿਆ ਨਹੀਂ ਦਿੰਦਾ ਸੀ। ਨਾਲੇ ਸੁੱਚਾ ਸਿੰਘ ਵਰਗੇ ਅਣਖੀ ਬੰਦੇ ਲਈ ਇਹ ਕੰਮ ਉਸ ਦੇ ‘ਸੁੱਚੇ ਕੰਮ’ ਨੂੰ ਵੀ ਦਾਗੀ ਬਣਾਉਂਦਾ ਹੈ। ਜਦੋਂ ਬਲਬੀਰੋ ਆਪਣੇ ਕੁਚਲੇ ਅਰਮਾਨਾਂ ਦੀ ਗੱਲ ਪੂਰੇ ਗੁੱਸੇ ਨਾਲ ਨਰੈਣੇ ਵੱਲ ਹੱਥ ਕਰ ਕੇ ਸੁੱਚੇ ਨੂੰ ਕਹਿੰਦੀ ਹੈ, ‘‘ਪੁੱਛ, ਆਪਣੇ ਭਰਾ ਨੂੰ ਪੁੱਛ, ਮੇਰੇ ਅਰਮਾਨਾਂ ਦਾ ਕਿਵੇਂ ਕਤਲ...।’’ ਉਦੋਂ ਸੁੱਚੇ ਦੀ ਹਿੱਕ ਵਿਚਲਾ ਨਿਆਂ ਮਰਦ ਪ੍ਰਧਾਨ ਸਮਾਜ ਦੇ ਨਿਯਮ ਦੀ ਭੇਂਟ ਚੜ੍ਹ ਜਾਂਦਾ ਹੈ। ਉਂਝ ਵੀ ਬੱਬੂ ਮਾਨ ਦੀਆਂ ਅੱਖਾਂ ਵਿੱਚੋਂ ਸੁੱਚਾ ਸਿੰਘ ਬਹੁਤਾ ਚਮਕ ਨਹੀਂ ਸਕਿਆ। ਜਦੋਂ ਸੁੱਚੇ ਨੂੰ ਪਹਿਲਾਂ ਫਾਂਸੀ ਹੁੰਦੀ ਹੈ, ਉਹ ਬੁੱਚੜਾਂ ਨੂੰ ਮਾਰਨ ਕਰਕੇ ਹੁੰਦੀ ਹੈ ਜਾਂ ਬਲਬੀਰੋ ਤੇ ਘੁੱਕਰ ਨੂੰ ਮਾਰਨ ਕਰਕੇ? ਇਸ ਸਬੰਧੀ ਅਦਾਲਤੀ ਪ੍ਰਕਿਰਿਆ ਫਿਲਮ ਵਿੱਚ ਦਰਸਾਈ ਜਾਂਦੀ ਤਾਂ ਹੋਰ ਵੀ ਚੰਗਾ ਲੱਗਣਾ ਸੀ।
ਨਿਰਦੇਸ਼ਕ ਦੇ ਤੌਰ ’ਤੇ ਅਮਿਤੋਜ ਮਾਨ ਕਈ ਥਾਵਾਂ ’ਤੇ ਕਮਾਲ ਕਰਦਾ ਦਿਖਾਈ ਦਿੰਦਾ ਹੈ। ਫਿਲਮ ਵਿੱਚ ਪਹਿਰਾਵੇ, ਬਰਤਨਾਂ, ਖਾਣੇ ਆਦਿ ਦਾ ਪੂਰਾ ਧਿਆਨ ਰੱਖਿਆ ਗਿਆ। ਪੁਰਾਣੀਆਂ ਰਵਾਇਤਾਂ ਜਿਵੇਂ ਜੰਨ ਬੰਨਣੀ ਤੇ ਜੰਨ ਛੁਡਾਉਣੀ, ਕੱਚੀ ਲੱਸੀ ਵਿੱਚ ਕੰਗਣਾ ਖੇਡਣਾ, ਵਿਆਹ ਵਿੱਚ ਲੱਡੂਆਂ ਦੀ ਮਹਾਨਤਾ ਨੂੰ ਦਰਸਾਉਣਾ ਆਦਿ ਨਿਰਦੇਸ਼ਕ ਦੀ ਕਾਬਲੀਅਤ ਦੀ ਬਾਤ ਪਾਉਂਦੇ ਹਨ। ਇਸ ਤੋਂ ਵੀ ਵਧੀਆ ਗੱਲ ਜਦੋਂ ਬਲਬੀਰੋ ਘੁੱਕਰ ਨੂੰ ਸਿਰ ਹਿਲਾ ਕੇ ‘ਹਾਂ’ ਕਰ ਦਿੰਦੀ ਹੈ... ਤਾਂ ਦਰਸ਼ਕ ‘ਵਾਹ-ਵਾਹ’ ਕਰ ਉੱਠਦੇ ਹਨ। ਜਦੋਂ ਬਲਬੀਰੋ ਸੁੱਚੇ ਨੂੰ ਆਪਣਾ ਦੁਖ ਦੱਸਦੀ ਹੈ ਤਾਂ ਉਸ ਸਮੇਂ ਇਹ ਮੱਝ ਦੇ ਕਿੱਲਾ ਪੁਟਾਉਣ ਰਾਹੀਂ ਦਰਸਾਇਆ ਗਿਆ ਹੈ ਜੋ ਉਸ ਦੀ ਜ਼ਖਮੀ ਮਾਨਸਿਕਤਾ ਦਾ ਪ੍ਰਤੀਕ ਹੈ। ਇਹ ਦ੍ਰਿਸ਼ ਨਿਰਦੇਸ਼ਕ ਦੀ ਤੀਖਣ ਬੁੱਧੀ ਦਾ ਪ੍ਰਮਾਣ ਹੈ। ਪਿੰਡ ਗਹਿਰੀ ਭਾਗੀ ਵਿੱਚ ਆਸ਼ਕ-ਮਸ਼ੂਕ ਨੂੰ ਮਾਰਨ ਤੋਂ ਪਹਿਲਾਂ ਉਨ੍ਹਾਂ ਨੂੰ ਭੱਜਣ ਦਾ ਸਮਾਂ ਦੇਣਾ ਅਤੇ ਪਿੰਡ ਦੇ ਲੋਕਾਂ ਦੀ ਹਮਦਰਦੀ ਹਾਸਲ ਕਰਨਾ ਇੱਕ ਵਧੀਆ ਵਿਉਂਤਬੰਦੀ ਨੂੰ ਦਰਸਾਉਂਦਾ ਹੈ।

Advertisement

Advertisement
Advertisement
Author Image

sukhwinder singh

View all posts

Advertisement