For the best experience, open
https://m.punjabitribuneonline.com
on your mobile browser.
Advertisement

ਮੁਹੱਬਤ ਨੂੰ ਸਿਜਦਾ ਕਰਦੀ ਫਿਲਮ ‘ਸ਼ਾਹਕੋਟ’

10:55 AM Aug 24, 2024 IST
ਮੁਹੱਬਤ ਨੂੰ ਸਿਜਦਾ ਕਰਦੀ ਫਿਲਮ ‘ਸ਼ਾਹਕੋਟ’
ਫਿਲਮ ਬਾਰੇ ਜਾਣਕਾਰੀ ਦਿੰਦੇ ਹੋਏ ਗੁਰੂ ਰੰਧਾਵਾ, ਈਸ਼ਾ ਤਲਵਾਰ ਅਤੇ ਰਾਜ ਬੱਬਰ (ਫੋਟੋ: ਵਿੱਕੀ ਘਾਰੂ)
Advertisement

ਮੋਨਾ

ਪੰਜਾਬੀ ਫਿਲਮ ‘ਸ਼ਾਹਕੋਟ’ ਸਰਹੱਦ ਦੇ ਦੋਵੇਂ ਪਾਸੇ ਵਸੇ ਪੰਜਾਬ ਦੀ ਕਹਾਣੀ ਦਿਖਾਏਗੀ। ਇਸ ਵਿੱਚ ਉੱਘਾ ਅਦਾਕਾਰ ਰਾਜ ਬੱਬਰ ਪਿਤਾ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ। ਇਸ ਫਿਲਮ ਰਾਹੀਂ ਰਾਜ ਬੱਬਰ ਨੇ ਪੌਲੀਵੁੱਡ ’ਚ ਵਾਪਸੀ ਕੀਤੀ ਹੈ। ਪਿਤਾ ਦੀ ਭੂਮਿਕਾ ’ਚ ਨਜ਼ਰ ਆਏ ਰਾਜ ਬੱਬਰ ਨੇ ਫਿਲਮ ਦੀ ਟੀਮ ਨੂੰ ਇੱਕ ਪਿਤਾ ਵਾਂਗ ਹੀ ਸੰਭਾਲਿਆ ਹੈ ਤੇ ਯਕੀਨੀ ਬਣਾਇਆ ਹੈ ਕਿ ਨੌਜਵਾਨ ਕਲਾਕਾਰਾਂ ਨੂੰ ਅੱਗੇ ਆਉਣ ਤੇ ਆਪਣੀ ਕਲਾ ਦਾ ਮੁਜ਼ਾਹਰਾ ਕਰਨ ਦਾ ਪੂਰਾ ਮੌਕਾ ਮਿਲੇ। ਜਦਕਿ ਆਪ ਉਸ ਨੇ ਪਿੱਛੇ ਰਹਿੰਦਿਆਂ ਸਾਥੀ ਕਲਾਕਾਰਾਂ ਨੂੰ ਕੋਮਲਤਾ ਨਾਲ ਉਭਾਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਗਾਇਕ ਗੁਰੂ ਰੰਧਾਵਾ ਤੇ ਅਭਿਨੇਤਰੀ ਈਸ਼ਾ ਤਲਵਾਰ ਵੀ ਇਸ ਫਿਲਮ ਦਾ ਹਿੱਸਾ ਬਣੇ ਹਨ।
ਰਾਜ ਬੱਬਰ ਦਾ ਕਹਿਣਾ ਹੈ ‘‘ਸ਼ਾਹਕੋਟ ਭਾਰਤ-ਪਾਕਿਸਤਾਨ ਦੀ ਕਹਾਣੀ ਹੈ, ਪਰ ਇਹ ਇੱਕ ਅਲੱਗ ਦ੍ਰਿਸ਼ਟੀਕੋਣ ਤੋਂ ਹੈ। ਇਹ ਮੁਹੱਬਤ ਦਾ ਪੱਖ ਪੂਰਦੀ ਹੈ!’’ ਮੁਹੱਬਤ ਨੂੰ ਸਿਜਦਾ ਕਰਦੀ ਇਸ ਫਿਲਮ ਦਾ ਟੀਜ਼ਰ ਜਾਰੀ ਹੋ ਚੁੱਕਾ ਹੈ ਤੇ ਫਿਲਮ 4 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਜਤਿੰਦਰ ਸ਼ਾਹ ਦੇ ਸੰਗੀਤ ਨਾਲ ਸਜੀ ਇਸ ਫਿਲਮ ਦਾ ਦਿਲਚਸਪ ਤੱਥ ਇਹ ਹੈ ਕਿ ਫਿਲਮ ਦਾ ਨਿਰਮਾਤਾ ਇੱਕ ਮਾਰਵਾੜੀ ਹੈ। ਨਿਰਮਾਤਾ ਮੋਹਟਾ ਦਾ ਕਹਿਣਾ ਹੈ, ‘‘ਮੈਂ ਸਿਰਫ਼ ਐਨਾ ਹੀ ਕਹਾਂਗਾ ਕਿ ਇੱਕ ਮਾਰਵਾੜੀ ਕਾਰੋਬਾਰੀ ਕਦੇ ਵੀ ਕੱਚਾ ਸੌਦਾ ਨਹੀਂ ਕਰਦਾ, ਇਸ ਤਰ੍ਹਾਂ ਅਸੀਂ ਇੱਕ ਅਜਿਹੀ ਫਿਲਮ ਲੈ ਕੇ ਆਏ ਹਾਂ ਜੋ ਚੰਗਾ ਹੀ ਕਰੇਗੀ।’’
ਨਿਰਦੇਸ਼ਕ ਅਤੇ ਫਿਲਮ ਦਾ ਲੇਖਕ ਰਾਜੀਵ ਢੀਂਗਰਾ ਕਹਿੰਦਾ ਹੈ ਕਿ ਰਾਜ ਬੱਬਰ ਨੂੰ ਫਿਲਮ ਕਰਨ ਲਈ ਮਨਾਉਣਾ, ਜਿੱਤ ਵਰਗਾ ਹੈ। ਜ਼ਿਕਰਯੋਗ ਹੈ ਕਿ ਢੀਂਗਰਾ ‘ਲਵ ਪੰਜਾਬ’ ਵਰਗੀ ਫਿਲਮ ਨਿਰਦੇਸ਼ਤ ਕਰ ਚੁੱਕਾ ਹੈ ਅਤੇ ‘ਕਾਮੇਡੀ ਨਾਈਟਸ ਵਿਦ ਕਪਿਲ’ ਨਾਲ ਵੀ ਜੁੜਿਆ ਰਿਹਾ ਹੈ। ਢੀਂਗਰਾ ਦੱਸਦਾ ਹੈ, ‘‘ਫਿਲਮ ਦਿਖਾਉਂਦੀ ਹੈ ਕਿ ਕਿਵੇਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਭਾਰਤੀਆਂ ਨੂੰ ਗਰੀਸ ਦੇ ਰੂਟ ਰਾਹੀਂ ਲਿਜਾਇਆ ਜਾਂਦਾ ਸੀ, ਪਰ ਫੜੇ ਜਾਣ ’ਤੇ ਉਨ੍ਹਾਂ ਨੂੰ ਜੰਗੀ ਕੈਦੀ ਬਣਾ ਕੇ ਤਬਾਦਲੇ ਵਜੋਂ ਤੁਰਕੀ, ਇਰਾਨ ਤੇ ਪਾਕਿਸਤਾਨ ਭੇਜ ਦਿੱਤਾ ਜਾਂਦਾ ਸੀ, ਪਰ ਫਿਲਮ ਦਾ ਬਿਰਤਾਂਤ ਕਾਲਪਨਿਕ ਮਾਧਿਅਮ ਲੈਂਦਾ ਹੈ ਤੇ ‘ਮੁਹੱਬਤ’ ਨੂੰ ਇਸ ਦਾ ਮਾਟੋ ਬਣਾਉਂਦਾ ਹੈ।’’
ਫਿਲਮ ’ਚ ਗੁਰੂ ਦੀ ਨਾਇਕਾ ਦਾ ਕਿਰਦਾਰ ਈਸ਼ਾ ਤਲਵਾਰ ਨੇ ਨਿਭਾਇਆ ਹੈ। ਇਹ ਪੰਜਾਬੀ ਕੁੜੀ ਮਲਿਆਲਮ, ਤੇਲਗੂ, ਤਾਮਿਲ ਤੇ ਹਿੰਦੀ ਸਿਨੇਮਾ ਦੇ ਨਾਲ-ਨਾਲ ਕੁਝ ਹਿੱਟ ਵੈੱਬ ਸ਼ੋਅ ਕਰ ਕੇ ਘਰ ਵਾਪਸ ਮੁੜੀ ਹੈ। ਮੁੰਬਈ ਦੀ ਜੰਮਪਲ ਈਸ਼ਾ ਮੁਤਾਬਕ, ‘‘ਕਾਸ਼, ਮੇਰੇ ਵੱਡੇ ਹੋਣ ਦੌਰਾਨ, ਘਰ ਵਿੱਚ ਮਾਪਿਆਂ ਨੇ ਕੁਝ ਪੰਜਾਬੀ ਬੋਲੀ ਹੁੰਦੀ, ਪਰ ਹੁਣ ਮੈਨੂੰ ਇੱਥੇ ਹੀ ਆਪਣੀ ਮਾਤ ਭਾਸ਼ਾ ਨਾਲ ਸਹਿਜ ਹੋਣਾ ਸਿੱਖਣਾ ਪੈ ਰਿਹਾ ਹੈ।’’ ਉਸ ਨੇ ਫਿਲਮ ਲਈ ਡਬਿੰਗ ਵੀ ਕੀਤੀ ਹੈ। ‘‘ਮੈਂ ਆਪਣਾ ਬਿਹਤਰੀਨ ਦੇਣ ਦੀ ਕੋਸ਼ਿਸ਼ ਕਰਦੀ ਹਾਂ, ਮਾਤਭੂਮੀ ’ਤੇ ਪੰਜਾਬੀ ਸਿੱਖਣਾ ਬਹੁਤ ਚੰਗਾ ਤਜਰਬਾ ਹੈ, ਮੈਂ ਇੱਥੇ ਹੋਰ ਭੂਮਿਕਾਵਾਂ ਵੀ ਕਰਨਾ ਚਾਹਾਂਗੀ।’’ ਰਾਜ ਬੱਬਰ ਨਾਲ ਕੰਮ ਕਰਨ ਦੇ ਤਜਰਬੇ ਸਬੰਧੀ ਈਸ਼ਾ ਦਾ ਕਹਿਣਾ ਹੈ, ‘‘ਮੈਂ ਇਸ ਗੀਤ - ‘ਮੇਰੇ ਪਿਆਰ ਕੀ ਉਮਰ ਹੋ ਇਤਨੀ ਸਨਮ...’ ਨੂੰ ਸੁਣਦਿਆਂ ਵੱਡੀ ਹੋਈ ਹਾਂ, ਤੇ ਗੀਤ ਦੇ ਨਾਇਕ ਰਾਜ ਬੱਬਰ ਨਾਲ ਕੰਮ ਕਰਨਾ ਇੱਕ ਸ਼ਾਨਦਾਰ ਅਨੁਭਵ ਹੈ।’’

‘‘ਮੈਂ ਪੰਜਾਬ ਦੀ ਪ੍ਰਤੀਨਿਧਤਾ ਕਰਦਾ ਹਾਂ’’

ਭਾਵੇਂ ਗੁਰੂ ਰੰਧਾਵਾ ਨੇ ਪਹਿਲਾਂ ਇੱਕ ਹਿੰਦੀ ਫਿਲਮ ‘ਕੁਛ ਖੱਟਾ ਹੋ ਜਾਏ’ ਕੀਤੀ ਹੈ, ਪਰ ਉਹ ‘ਸ਼ਾਹਕੋਟ’ ਨੂੰ ਆਪਣੀ ਪਹਿਲੀ ਫਿਲਮ ਮੰਨਦਾ ਹੈ ਕਿਉਂਕਿ ਇਹ ਪਹਿਲਾਂ ਫਿਲਮਾਈ ਗਈ ਸੀ। ਕਈ ਸੁਪਰਹਿੱਟ ਗੀਤ ਦੇਣ ਵਾਲਾ ਗੁਰੂ ਰੰਧਾਵਾ ਦੱਸਦਾ ਹੈ, ‘‘ਕਈ ਲੋਕ ਮੇਰੇ ਕੋਲ ਆਉਂਦੇ ਸਨ ਤੇ ਕਹਿੰਦੇ ਸਨ ਕਿ ਮੈਂ ਚੰਗਾ ਦਿਖਦਾ ਹਾਂ ਤੇ ਗਾਉਂਦਾ ਵੀ ਚੰਗਾ ਹਾਂ, ਇਸ ਲਈ ਮੈਨੂੰ ਹੀਰੋ ਬਣਨਾ ਚਾਹੀਦਾ ਹੈ, ਪਰ ਮੈਂ ਕੈਮਰੇ ਅੱਗੇ ਆਉਣ ’ਚ ਸਮਾਂ ਲਿਆ। ਇਸ ਫਿਲਮ ਨੇ ਮੇਰੀ ਜ਼ਿੰਦਗੀ ’ਚ ਇੱਕ ਨਵਾਂ ਅਧਿਆਏ ਜੋੜਿਆ ਹੈ, ਮੈਂ ਹੋਰ ਭਾਸ਼ਾਵਾਂ- ਹਿੰਦੀ, ਤੇਲਗੂ, ਤਾਮਿਲ ਵਿੱਚ ਵੀ ਫਿਲਮਾਂ ਕਰਨ ਦਾ ਚਾਹਵਾਨ ਹਾਂ।’’
ਗੁਰੂ ਅੱਗੇ ਕਹਿੰਦਾ ਹੈ, ‘‘ਮੈਂ ਜਿੱਥੇ ਵੀ ਜਾਂਦਾ ਹਾਂ, ਪੰਜਾਬ ਦੀ ਪ੍ਰਤੀਨਿਧਤਾ ਕਰਦਾ ਹਾਂ। ਬੌਲੀਵੁੱਡ ਵਿੱਚ ਵੀ ਮੈਂ ਪੰਜਾਬੀ ਗੀਤ ਗਾਉਂਦਾ ਹਾਂ ਤੇ ਆਪਣੇ ਸੱਭਿਆਚਾਰ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਰਹਿੰਦੀ ਹੈ ਜੋ ਕਿ ਪਿਆਰ ਤੇ ਭਾਈਚਾਰੇ ਨਾਲ ਭਰਿਆ ਪਿਆ ਹੈ। ‘ਸ਼ਾਹਕੋਟ’ ਫਿਲਮ ਇੱਕ ਖ਼ੂਬਸੂਰਤ ਪ੍ਰੇਮ ਕਹਾਣੀ ਹੈ ਜਿਸ ਨੂੰ ਦਰਸ਼ਕ ਪਿਆਰ ਦੇਣਗੇ।’’ ਗੁਰੂ ਰੰਧਾਵਾ ‘ਪਟੋਲਾ’, ‘ਹਾਈ ਰੇਟਡ ਗੱਭਰੂ’, ‘ਮੋਰਨੀ ਬਣ ਕੇ’ ਅਤੇ ‘ਲੱਗਦੀ ਲਾਹੌਰ ਦੀ’ ਵਰਗੇ ਕਈ ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾ ਚੁੱਕਾ ਹੈ। ‘ਸ਼ਾਹਕੋਟ’ ਵਿੱਚ ਗੁਰੂ ਰੰਧਾਵਾ ਨੇ ਇਕਬਾਲ ਦਾ ਕਿਰਦਾਰ ਨਿਭਾਇਆ ਹੈ ਜੋ ਸਰਹੱਦ ਪਾਰ ਦਿਲ ਜਿੱਤਦਾ ਤੇ ਗੁਆ ਬਹਿੰਦਾ ਹੈ।

Advertisement

‘‘ਕਾਮਯਾਬੀ ਨੇ ਹੀ ਮੈਨੂੰ ਨਿਮਰ ਬਣਾਇਆ’’

ਸੰਨ 1980 ’ਚ ਆਪਣੀ ਪਹਿਲੀ ਪੰਜਾਬੀ ਫਿਲਮ (ਚੰਨ ਪ੍ਰਦੇਸੀ) ਕਰਨ ਵਾਲੇ ਰਾਜ ਬੱਬਰ ਨੇ ਪੰਜਾਬੀ ਸਿਨੇਮਾ ਲਈ ਆਪਣੇ ਪ੍ਰੇਮ ਨੂੰ ਕਾਇਮ ਰੱਖਿਆ ਹੈ। ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਉਸ ਨੇ ਹਰ ਸਾਲ ਇੱਕ ਪੰਜਾਬੀ ਫਿਲਮ ਕੀਤੀ, ਜਿਨ੍ਹਾਂ ’ਚ ਮੁੱਖ ਰੁਮਾਂਟਿਕ ਭੂਮਿਕਾ ਜਾਂ ਨਾਇਕ ਦਾ ਕਿਰਦਾਰ ਕੀਤਾ। ‘ਮੜ੍ਹੀ ਦਾ ਦੀਵਾ’, ‘ਲੌਂਗ ਦਾ ਲਿਸ਼ਕਾਰਾ’, ‘ਮਾਹੌਲ ਠੀਕ ਹੈ’ ਤੇ ‘ਯਾਰਾਂ ਨਾਲ ਬਹਾਰਾਂ’ ਤੇ ਹੋਰ ਫਿਲਮਾਂ ਵਿੱਚ ਉਸ ਨੇ ਅਹਿਮ ਕਿਰਦਾਰ ਨਿਭਾਏ ਹਨ। ਅਦਾਕਾਰ ਤੇ ਸਿਆਸਤਦਾਨ ਬੱਬਰ ਨੇ ਕਿਹਾ, ‘‘ਕਹਾਣੀ ਤੇ ਰੂਹ ਨੂੰ ਸਕੂਨ ਦੇਣ ਵਾਲੇ ਕਈ ਗੀਤ ਸੁਣਨ ਤੋਂ ਬਾਅਦ, ਗੁਰੂ ਰੰਧਾਵਾ ਦੇ ਫਿਲਮ ’ਚ ਹੋਣ ਦੇ ਮੱਦੇਨਜ਼ਰ, ਮੈਂ ਇਹ ਫਿਲਮ ਕਰਨੀ ਹੀ ਸੀ। ਸਿਨੇਮਾ ਨੇ ਮੈਨੂੰ ਪਛਾਣ ਦਿੱਤੀ ਹੈ, ਇਸ ਲਈ ਇਹ ਮੇਰੇ ਦਿਲ ਦੇ ਕਰੀਬ ਹੈ ਤੇ ਹਮੇਸ਼ਾ ਰਹੇਗਾ।’’
‘ਚੰਨ ਪ੍ਰਦੇਸੀ’ ਨੂੰ ਯਾਦ ਕਰਦਿਆਂ ਉਸ ਨੇ ਕਿਹਾ, ‘‘ਇਸ ਫਿਲਮ ਰਾਹੀਂ ਇਕ ਤਜਰਬਾ ਕੀਤਾ ਗਿਆ...ਪੁਣੇ ਫਿਲਮ ਸਕੂਲ (ਐੱਫਟੀਆਈਆਈ) ਦੇ ਲੋਕ ਕੁੱਝ ਵੱਖਰਾ ਕਰਨ ਲਈ ਇਕੱਠੇ ਹੋਏ ਸਨ। ਸਿਨੇਮੈਟੋਗ੍ਰਾਫਰ ਵਜੋਂ ਇਹ ਮਨਮੋਹਨ ਸਿੰਘ ਦੀ ਪਹਿਲੀ ਫਿਲਮ ਸੀ। ਅਮਰੀਸ਼ ਪੁਰੀ, ਓਮ ਪੁਰੀ, ਕੁਲਭੂਸ਼ਣ ਖਰਬੰਦਾ ਤੇ ਮੈਂ ਇਸ ਪ੍ਰਾਜੈਕਟ ਲਈ ਇਕੱਠੇ ਹੋਏ ਸੀ।’’ ਰਾਜ ਬੱਬਰ ਖ਼ੁਸ਼ ਹੈ ਕਿ ਲੰਘੇ ਕਈ ਦਹਾਕਿਆਂ ’ਚ ਪੰਜਾਬੀ ਫਿਲਮਾਂ ਨੇ ਆਲਮੀ ਪੱਧਰ ’ਤੇ ਵੱਡੀ ਗਿਣਤੀ ਵਿੱਚ ਦਰਸ਼ਕ ਕਮਾਏ ਹਨ। ਰਾਜ ਬੱਬਰ ਨੂੰ ਆਪਣੀ ਕਾਮਯਾਬੀ ਦਾ ਗਰੂਰ ਨਹੀਂ, ਬਲਕਿ ਉਸ ਦਾ ਕਹਿਣਾ ਹੈ, ‘‘ਕਾਮਯਾਬੀ ਨੇ ਹੀ ਮੈਨੂੰ ਨਿਮਰ ਬਣਾਇਆ ਹੈ।’’
ਰਾਜ ਬੱਬਰ ਦੇ ਤਿੰਨ ਬੱਚੇ- ਆਰੀਆ ਬੱਬਰ, ਜੂਹੀ ਬੱਬਰ ਤੇ ਪ੍ਰਤੀਕ ਬੱਬਰ ਵੀ ਅਦਾਕਾਰੀ ਦੇ ਖੇਤਰ ਵਿੱਚ ਆਏ ਹਨ। ਰਾਜ ਬੱਬਰ ਕਹਿੰਦਾ ਹੈ, ‘‘ਮੈਂ ਉਨ੍ਹਾਂ ਦੀ ਜ਼ਿੰਦਗੀ ’ਚ ਬਹੁਤਾ ਦਖਲ ਨਹੀਂ ਦਿੰਦਾ। ਹਾਂ ਜਦ ਉਨ੍ਹਾਂ ਨੂੰ ਮੁਸ਼ਕਲ ਹੁੰਦੀ ਹੈ ਤਾਂ ਉਹ ਮੇਰੇ ਕੋਲ ਆਉਂਦੇ ਹਨ, ਪਰ ਜ਼ਿਆਦਾਤਰ ਮੈਂ ਉਨ੍ਹਾਂ ਵੱਲੋਂ ਆਪਣੇ ਲਈ ਖ਼ੁਦ ਲਏ ਫ਼ੈਸਲਿਆਂ ’ਤੇ ਹੀ ਭਰੋਸਾ ਰੱਖਦਾ ਹਾਂ।’ ‘ਨੈਸ਼ਨਲ ਸਕੂਲ ਆਫ ਡਰਾਮਾ’ ਤੋਂ ਸਿਖਲਾਈ ਪ੍ਰਾਪਤ ਰਾਜ ਬੱਬਰ ਦਾ ਮੰਨਣਾ ਹੈ ਕਿ ‘‘ਕਲਾਕਾਰ ਨੂੰ ਤਰਾਸ਼ਿਆ ਹੀ ਜਾ ਸਕਦਾ ਹੈ। ਉਂਝ ਅਸੀਂ ਸਾਰੇ ਹੀ ਅਦਾਕਾਰ ਹਾਂ ਤੇ ਜ਼ਿੰਦਗੀ ਵਿੱਚ ਆਪੋ-ਆਪਣੇ ਕਿਰਦਾਰ ਨੂੰ ਜਿਊਂਦੇ ਹਾਂ।’’

Advertisement
Author Image

sukhwinder singh

View all posts

Advertisement