ਸੱਤ ਨੂੰ ਰਿਲੀਜ਼ ਨਹੀਂ ਹੋਵੇਗੀ ਫਿਲਮ ‘ਪੰਜਾਬ 95’
ਮੁੰਬਈ:
ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ ਦੀ ਫਿਲਮ ‘ਪੰਜਾਬ 95’ ਦੀ ਦਰਸ਼ਕ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਪਰ ਫ਼ਿਲਹਾਲ ਇਹ ਫਿਲਮ ਰਿਲੀਜ਼ ਨਹੀਂ ਹੋ ਰਹੀ ਹੈ। ਇਸ ਸਬੰਧੀ ਦਿਲਜੀਤ ਨੇ ਇੰਸਟਾਗ੍ਰਾਮ ’ਤੇ ਪਾਈ ਸਟੋਰੀ ਵਿੱਚ ਜਾਣਕਾਰੀ ਦਿੱਤੀ ਹੈ। ਇਸ ਵਿੱਚ ਦਿਲਜੀਤ ਨੇ ਜਸਵੰਤ ਸਿੰਘ ਖਾਲੜਾ ਦੀ ਫੋਟੋ ਵੀ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਫਿਲਮ ਨੂੰ 7 ਫਰਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤਾ ਜਾਣਾ ਸੀ। ਇਹ ਫਿਲਮ ਸਾਲ 1995 ਵਿੱਚ ਲਾਪਤਾ ਹੋਣ ਵਾਲੇ ਸਿੱਖ ਕਾਰਕੁਨ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਇਸ ਫਿਲਮ ਦਾ ਨਿਰਦੇਸ਼ਨ ਹਨੀ ਤ੍ਰੇਹਨ ਨੇ ਕੀਤਾ ਹੈ ਜਦੋਂਕਿ ਰੌਨੀ ਸਕ੍ਰਿਊਵਾਲਾ ਨਿਰਮਾਤਾ ਹਨ। ਇਹ ਫਿਲਮ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਹੈ। ਉਨ੍ਹਾਂ ਨੇ ਪੰਜਾਬ ਵਿੱਚ ਖਾੜਕੂਵਾਦ ਦੇ ਸਮੇਂ ਵਿੱਚ ਕੀਤੇ ਮਨੁੱਖੀ ਅਧਿਕਾਰਾਂ ਦੇ ਘਾਣ ਤੋਂ ਪਰਦਾ ਚੁੱਕਿਆ ਸੀ। ਇਸ ਫਿਲਮ ਵਿੱਚ ਦਿਲਜੀਤ ਦੇ ਨਾਲ ਅਰਜੁਨ ਰਾਮਪਾਲ ਅਤੇ ਸੁਵਿੰਦਰ ਵਿੱਕੀ ਨੇ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਦਿਲਜੀਤ ਫਿਲਮ ‘ਬਾਰਡਰ 2’ ਵਿੱਚ ਵੀ ਨਜ਼ਰ ਆਵੇਗਾ। ਪਿੱਛਲੇ ਸਾਲ ਦਸੰਬਰ ਮਹੀਨੇ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਗਈ ਸੀ। ਇਸ ਵਿੱਚ ਅਹਾਨ ਸ਼ੈੱਟੀ, ਸਨੀ ਦਿਓਲ ਅਤੇ ਵਰੁਣ ਧਵਨ ਵੀ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕਰ ਰਿਹਾ ਹੈ। ਇਹ ਫਿਲਮ 23 ਜਨਵਰੀ 2026 ਨੂੰ ਰਿਲੀਜ਼ ਕੀਤੀ ਜਾਵੇਗੀ। -ਏਐੱਨਆਈ