ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਦਰਸਾਉਂਦੀ ਫਿਲਮ ‘ਆਪਣੇ ਘਰ ਬੇਗਾਨੇ’
ਸੁਰਜੀਤ ਜੱਸਲ
ਪੰਜਾਬੀ ਸਿਨੇਮਾ ਦੇ ਬਦਲਦੇ ਦੌਰ ਵਿੱਚ ਇਸ ਸਾਲ ਮਨੋਰੰਜਨ ਦੇ ਨਾਲ ਨਾਲ ‘ਬੀਬੀ ਰਜਨੀ’, ਅਰਦਾਸ’ ਵਰਗੀਆਂ ਯਾਦਗਰੀ ਫਿਲਮਾਂ ਵੀ ਦਰਸ਼ਕਾਂ ਦੀ ਪਸੰਦ ਬਣੀਆਂ ਹਨ। ਅਜਿਹੀ ਹੀ ਇੱਕ ਫਿਲਮ ਹੈ ‘ਆਪਣੇ ਘਰ ਬੇਗਾਨੇ’ ਜੋ ਪਿਛਲੇ ਦਿਨੀਂ ਸਿਨੇਮਿਆਂ ਦਾ ਸ਼ਿੰਗਾਰ ਬਣੀ ਹੈ। ਇਹ ਫਿਲਮ ਵਿਦੇਸ਼ਾਂ ਵਿੱਚ ਵਸਦੇ ਲੋਕਾਂ ਦੀ ਤੇਜ਼ ਰਫ਼ਤਾਰ ਜ਼ਿੰਦਗੀ ਦੀ ਵੀ ਗੱਲ ਕਰਦੀ ਹੈ ਨਾਲ ਹੀ ਰਿਸ਼ਤਿਆਂ ਵਿੱਚ ਤੇਜ਼ੀ ਨਾਲ ਆ ਰਹੇ ਬਦਲਾਅ ਦੀ ਕਹਾਣੀ ਬਿਆਨਦੀ ਹੈ। ਇਹ ਦਿਖਾਉਂਦੀ ਹੈ ਕਿ ਕਿਵੇਂ ਪੈਸੇ ਦੇ ਲਾਲਚ ਵਿੱਚ ਪਿਆ ਅੱਜ ਦਾ ਇਨਸਾਨ ਖੂਨ ਦੇ ਰਿਸ਼ਤਿਆਂ ਨੂੰ ਵੀ ਖ਼ਤਮ ਕਰ ਰਿਹਾ ਹੈ। ਫਿਲਮ ਰਾਹੀਂ ਦਾਦੇ-ਪੋਤੇ ਦੇ ਮੋਹ ਭਿੱਜੇ ਰਿਸ਼ਤੇ ਨੂੰ ਬੜੀ ਖ਼ੂਬਸੂਰਤੀ ਨਾਲ ਵਿਖਾਇਆ ਗਿਆ ਹੈ। ਰਿਸ਼ਤਿਆਂ ਦੀ ਟੁੱਟ-ਭੱਜ ਵਿੱਚ ਪਿਸ ਰਹੇ ਇੱਕ ਬੱਚੇ ਦਾ ਦਰਦ ਸੋਚਣ ਲਈ ਮਜਬੂਰ ਕਰਦਾ ਹੈ ਕਿ ਕੀ ਅਸੀਂ ਜ਼ਿੰਦਗੀ ਜਿਉਂ ਰਹੇ ਹਾਂ ਜਾਂ ਕੱਟ ਰਹੇ ਹਾਂ?
ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਨੇ ਇਸ ਫਿਲਮ ਵਿੱਚ ਇੱਕ ਅਜਿਹੇ ਪੁੱਤ ਦੀ ਭੂਮਿਕਾ ਨਿਭਾਈ ਹੈ ਜੋ ਆਪਣੇ ਪਰਿਵਾਰ ਨੂੰ ਬੇਹੱਦ ਪਿਆਰ ਕਰਦਾ ਹੈ, ਪਰ ਹਾਲਾਤ ਵਕਤੀ ਤੌਰ ’ਤੇ ਉਸ ਨੂੰ ਆਪਣੇ ਪਿਤਾ ਦੇ ਵਿਰੋਧ ’ਚ ਖੜ੍ਹਾ ਕਰ ਦਿੰਦੇ ਹਨ। ਕਾਮੇਡੀਅਨ, ਲੇਖਕ ਤੇ ਅਦਾਕਾਰ ਬਲਰਾਜ ਸਿਆਲ ਦੀ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਇਸ ਫਿਲਮ ਵਿੱਚ ਰੌਸ਼ਨ ਪ੍ਰਿੰਸ ਤੋਂ ਇਲਾਵਾ ਕੁਲਰਾਜ ਰੰਧਾਵਾ, ਯੋਗਰਾਜ ਸਿੰਘ, ਰਾਣਾ ਰਣਬੀਰ, ਪ੍ਰੀਤ ਔਜਲਾ, ਬਲਰਾਜ ਸਿਆਲ, ਅਰਮਾਨ ਔਜਲਾ, ਸੁਖਵਿੰਦਰ ਰਾਜ ਬੁੱਟਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦਾ ਸੰਗੀਤ ਗੋਲਡ ਬੁਆਏਜ਼, ਜੱਸੀ ਕਟਿਆਲ ਅਤੇ ਗੁਰਮੋਹ ਨੇ ਤਿਆਰ ਕੀਤਾ ਹੈ। ਗੀਤ ਅਬੀਰ, ਗੁਰਜੀਤ ਖੋਸਾ ਅਤੇ ਵਿੰਦਰ ਨੱਥੂਮਾਜਰਾ ਨੇ ਲਿਖੇ ਹਨ। ਇਨ੍ਹਾਂ ਗੀਤਾਂ ਨੂੰ ਨਿੰਜਾ, ਨਵਰਾਜ ਹੰਸ, ਕਮਲ ਖਾਨ, ਮਾਸ਼ਾ ਅਲੀ, ਸਿਮਰਨ ਚੌਧਰੀ ਅਤੇ ਅੰਬਰ ਵਸ਼ਿਸ਼ਟ ਨੇ ਆਵਾਜ਼ ਦਿੱਤੀ ਹੈ। ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਸਮਝਾਉਂਦੀ ਇਹ ਫਿਲਮ ਮਨੋਰੰਜਨ ਦੇ ਨਾਲ ਨਾਲ ਸਮਾਜ ਨੂੰ ਚੰਗਾ ਸੁਨੇਹਾ ਵੀ ਦਿੰਦੀ ਹੈ।
ਸੰਪਰਕ: 98146-07737