ਰਿਸ਼ਤਿਆਂ ਦੇ ਘਾਣ ਦੀ ਗੱਲ ਕਰਦੀ ਫਿਲਮ ‘ਮੁੰਡਾ ਸਾਊਥਹਾਲ ਦਾ’
ਸੁਰਜੀਤ ਜੱਸਲ
ਅੱਜ ਦਾ ਪੰਜਾਬੀ ਸਿਨਮਾ ਹੁਣ ਖੇਤਾਂ ਦੀਆਂ ਵੱਟਾਂ ਤੋਂ ਬਾਹਰਲੇ ਮੁਲਕ ਦੇ ਸ਼ਾਹੀ ਰੈਸਟੋਰੈਂਟਾਂ, ਪੱਬਾਂ ਤੱਕ ਪਹੁੰਚ ਚੁੱਕਾ ਹੈ। ਅੱਧੋਂ ਵੱਧ ਪੰਜਾਬ ਦੀ ਜਵਾਨੀ ਵਿਦੇਸ਼ ਜਾ ਵਸੀ ਹੈ। ਟੈੱਨ ਪਲੱਸ ਵੰਨ ਕ੍ਰਿਏਸ਼ਨ, ਫਿਲਮ ਮੈਜਿਕ ਅਤੇ ਪਿੰਕ ਪੋਨੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਫਿਲਮ ‘ਮੁੰਡਾ ਸਾਊਥਹਾਲ ਦਾ’ ਨਵੀਂ ਪੀੜ੍ਹੀ ਦੇ ਸਿਨਮਾ ਨੂੰ ਰੂਪਮਾਨ ਕਰਦੀ ਹੈ। ਪਿਆਰ-ਮੁਹੱਬਤ ਦੇ ਰੰਗਾਂ ਵਿੱਚ ਰੰਗੀ ਇਹ ਫਿਲਮ ਅਰਜਨ ਤੇ ਰਾਵੀ ਦੇ ਸੁਪਨਿਆਂ, ਭਾਵਨਾਵਾਂ ਦੀ ਕਹਾਣੀ ਹੈ ਜੋ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ ਨਾਲ ਜ਼ਿੰਦਗੀ ਦੇ ਕੌੜੇ ਸੱਚ ਤੋਂ ਜਾਣੂੰ ਕਰਵਾਉਂਦੀ ਹੈ।
ਇਹ ਫਿਲਮ ਸਾਊਥਹਾਲ ਵਿੱਚ ਰਹਿੰਦੇ ਨੌਜਵਾਨ ਵਿਦਿਆਰਥੀ ਅਰਜਨ ਦੀ ਜ਼ਿੰਦਗੀ ਦੁਆਲੇ ਘੁੰਮਦੀ ਹੋਈ ਜ਼ਿੰਦਗੀ ਦੇ ਵੱਖ ਵੱਖ ਰੰਗਾਂ ਦੀ ਬਾਤ ਪਾਉਂਦੀ ਵੱਖਰੇ ਕਿਸਮ ਦੀ ਪ੍ਰੇਮ ਕਹਾਣੀ ਹੈ। ਇਸ ਵਿੱਚ ਵਿਦੇਸ਼ਾਂ ਵਿੱਚ ਰਹਿੰਦੇ ਪਰਿਵਾਰਾਂ ਦੀ ਜ਼ਿੰਦਗੀ, ਵਿਦੇਸ਼ਾਂ ਵਿੱਚ ਪੱਕੇ ਹੋਣ ਲਈ ਵਰਤੇ ਜਾਂਦੇ ਹੱਥਕੰਡਿਆਂ ਦੀ ਕਹਾਣੀ ਨੂੰ ਬਿਆਨ ਕਰਕੇ ਜ਼ਿੰਦਗੀ ਦੀਆਂ ਤਲਖ ਸੱਚਾਈਆਂ ’ਤੇ ਰੌਸ਼ਨੀ ਪਾਈ ਗਈ ਹੈ। ਗਾਇਕ ਤੋਂ ਨਾਇਕ ਬਣੇ ਅਰਮਾਨ ਬੇਦਿਲ ਨੇ ਇਸ ਫਿਲਮ ਵਿੱਚ ਅਰਜਨ ਨਾਂ ਦੇ ਉਸ ਨੌਜਵਾਨ ਦੀ ਮੁੱਖ ਭੂਮਿਕਾ ਨਿਭਾਈ ਹੈ ਜੋ ਸਾਊਥਹਾਲ ਵਿੱਚ ਪੜ੍ਹਾਈ ਕਰ ਰਿਹਾ ਹੈ ਅਤੇ ਫੁੱਟਬਾਲ ਦਾ ਖਿਡਾਰੀ ਹੈ। ਉਸ ਦਾ ਮਕਸਦ ਫੁੱਟਬਾਲ ਦੇ ਵੱਡੇ ਮੈਚਾਂ ਵਿੱਚ ਹਿੱਸਾ ਲੈਣਾ ਹੈ। ਉਸ ਦੀ ਜ਼ਿੰਦਗੀ ਵਿੱਚ ਉਸ ਵੇਲੇ ਬਦਲਾਅ ਆਉਂਦਾ ਹੈ ਜਦੋਂ ਅਚਾਨਕ ਉਸ ਦੀ ਮੁਲਾਕਾਤ ਫਿਲਮ ਦੀ ਨਾਇਕਾ ਰਾਵੀ (ਤਨੂ ਗਰੇਵਾਲ) ਨਾਲ ਹੁੰਦੀ ਹੈ। ਅਰਜਨ ਰਾਵੀ ਨਾਲ ਮੁਹੱਬਤ ਕਰਨ ਲੱਗਦਾ ਹੈ, ਪਰ ਇਹ ਮੁਹੱਬਤ ਉਸ ਦੀ ਜ਼ਿੰਦਗੀ ਨੂੰ ਇੱਕ ਵੱਖਰੀ ਦੁਨੀਆ ਵਿੱਚ ਲੈ ਜਾਂਦੀ ਹੈ।
ਇਸ ਫਿਲਮ ਵਿੱਚ ਰਾਵੀ ਦਾ ਕਿਰਦਾਰ ਗਿੱਪੀ ਗਰੇਵਾਲ ਦੀ ਫਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਜ਼ਰੀਏ ਚਰਚਾ ਵਿੱਚ ਆਈ ਤਨੂ ਗਰੇਵਾਲ ਨੇ ਨਿਭਾਇਆ ਹੈ। ਤਨੂ ਨੇ ਫਿਲਮ ਵਿੱਚ ਉਨ੍ਹਾਂ ਕੁੜੀਆਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੂੰ ਪਰਿਵਾਰ ਦੇ ਦਬਾਅ ਕਾਰਨ ਕਈ ਅਜਿਹੇ ਫੈਸਲੇ ਕਰਨੇ ਪੈਂਦੇ ਹਨ ਜੋ ਉਨ੍ਹਾਂ ਲਈ ਜ਼ਿੰਦਗੀ ਨੂੰ ਨਰਕ ਬਣਾ ਦਿੰਦੇ ਹਨ। ਕੱਚੇ-ਪੱਕੇ ਵਿਆਹਾਂ ਅਤੇ ਇਮੀਗ੍ਰੇਸ਼ਨ ਲਈ ਰਿਸ਼ਤਿਆਂ ਦੇ ਹੋ ਰਹੇ ਘਾਣ ਦੀ ਗੱਲ ਕਰਦੀ ਇਸ ਫਿਲਮ ਜ਼ਰੀਏ ਉਸ ਨੇ ਪਹਿਲੀ ਵਾਰ ਇਸ ਕਿਸਮ ਦਾ ਦਮਦਾਰ ਤੇ ਪ੍ਰਭਾਵਸ਼ਾਲੀ ਕਿਰਦਾਰ ਨਿਭਾਇਆ ਹੈ। ਫਿਲਮ ਵਿੱਚ ਅਰਮਾਨ ਬੇਦਿਲ ਤੇ ਤਨੂ ਗਰੇਵਾਲ ਤੋਂ ਇਲਾਵਾ ਪ੍ਰੀਤ ਔਜਲਾ, ਪਾਕਿਸਤਾਨੀ ਅਦਾਕਾਰ ਇਫਤਿਖਾਰ ਠਾਕੁਰ, ਗਾਇਕ ਸਰਬਜੀਤ ਚੀਮਾ, ਗੋਲਡਬੁਆਏ, ਗੁਰਪ੍ਰੀਤ ਭੰਗੂ, ਮਲਕੀਅਤ ਰੌਣੀ ਅਤੇ ਪ੍ਰੀਤੋ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੀ ਨਿਰਦੇਸ਼ਨਾਂ ਨੌਜਵਾਨ ਫਿਲਮ ਨਿਰਦੇਸ਼ਕ ਸੁੱਖ ਸੰਘੇੜਾ ਨੇ ਕੀਤੀ ਹੈ। ਫਿਲਮ ਦੀ ਕਹਾਣੀ ਅਤੇ ਸਕਰੀਨਪਲੇ ਵੀ ਸੁੱਖ ਸੰਘੇੜਾ ਨੇ ਹੀ ਲਿਖਿਆ ਹੈ। ਇਸ ਦਾ ਸੰਗੀਤ ਦਰਸ਼ਕਾਂ ਦਾ ਦਿਲ ਜਿੱਤਣ ਵਾਲਾ ਹੈ। ਹਰਮਨਜੀਤ, ਰਾਜ ਰਣਜੋਧ, ਨਵੀ ਫਿਰੋਜ਼ਪੁਰੀਆ ਤੇ ਕਪਤਾਨ ਦੇ ਲਿਖੇ ਗੀਤਾਂ ਨੂੰ ਪ੍ਰੇਮ ਢਿੱਲੋਂ, ਅਰਮਾਨ ਬੇਦਿਲ, ਕਪਤਾਨ ਅਤੇ ਰਾਜ ਰਣਜੋਧ ਨੇ ਆਵਾਜ਼ ਦਿੱਤੀ ਹੈ। ਫਿਲਮ ਦਾ ਸੰਗੀਤ ਗੋਲਡ ਬੁਆਏ, ਰਾਜ ਰਣਜੋਧ, ਗੌਰਵ ਦੇਵ, ਕਾਰਤਿਵ ਦੇਵ ਤੇ ਓਪੀਆਈ ਮਿਊਜ਼ਿਕ ਨੇ ਤਿਆਰ ਕੀਤਾ ਹੈ।
ਸੰਪਰਕ: 98146-07737