ਰੂਹਾਨੀ ਰਿਸ਼ਤਿਆਂ ਦੀ ਬਾਤ ਪਾਉਂਦੀ ਫਿਲਮ ‘ਮੁਹੱਬਤ ਦੀ ਮਿੱਟੀ’
ਚਰਨਜੀਤ ਕੌਰ ਚੰਨੀ
ਰਾਮ ਸਰੂਪ ਅਣਖੀ ਦੀ ਕਹਾਣੀ ’ਤੇ ਆਧਾਰਿਤ ਲਘੂ ਫਿਲਮ ‘ਮੁਹੱਬਤ ਦੀ ਮਿੱਟੀ’ ਜ਼ਰੀਏ ਪੰਜਾਬੀ ਸਿਨਮਾ ਜਗਤ ਵਿੱਚ ਕਦਮ ਰੱਖਣ ਵਾਲੇ ਨਿਰਦੇਸ਼ਕ ਰੁਪਿੰਦਰ ਕੋਰਪਾਲ ਨੇ ਲੀਹ ਤੋਂ ਹਟਵਾ ਕੰਮ ਕਰਨ ਦਾ ਜੋਖਮ ਉਠਾਇਆ ਹੈ। ਫਿਲਮਾਂ ਦੀ ਵਪਾਰਕ ਦੁਨੀਆ ਦੇ ਦੌਰ ਵਿੱਚ ‘ਮੁਹੱਬਤ ਦੀ ਮਿੱਟੀ’ ਵਰਗੀ ਜ਼ੀਰੋ ਬਜਟ ਆਰਟ ਫਿਲਮ ਬਣਾ ਕੇ ਰੁਪਿੰਦਰ ਨੇ ਨਿਵੇਕਲਾ ਰਾਹ ਚੁਣਿਆ ਹੈ। ਉਸ ਨੇ ਇਸ ਫਿਲਮ ਨੂੰ ਪਰਦੇ ’ਤੇ ਰਿਲੀਜ਼ ਨਾ ਕਰਕੇ ਕੌਮੀ ਅਤੇ ਕੌਮਾਂਤਰੀ ਫਿਲਮੀ ਮੇਲਿਆਂ ਦਾ ਸ਼ਿੰਗਾਰ ਬਣਾਇਆ, ਜਿੱਥੇ ਇਸ ਫਿਲਮ ਦੀ ਝੋਲੀ ਕਈ ਐਵਾਰਡ ਪਏ ਹਨ।
ਫਿਲਮ ਦੀ ਕਹਾਣੀ ਜ਼ੁੰਮੇ ਅਤੇ ਸਰਦਾਰੋ ਦੀ ਮੁਹੱਬਤ ਨਾਲ ਲਬਰੇਜ਼ ਹੈ, ਜੋ ਦੁਨਿਆਵੀ ਸਮਝ ਤੋਂ ਕਿਤੇ ਪਰ੍ਹੇ ਦੀ ਕਹਾਣੀ ਨੂੰ ਬਿਆਨਦੀ ਹੈ। ਅਜੋਕੇ ਦੌਰ ਵਿੱਚ ਜਿੱਥੇ ਪਿਆਰ ਦੇ ਮਾਅਨੇ ਸਿਰਫ਼ ਜਿਸਮਾਨੀ ਭੁੱਖ ਤੱਕ ਸਿਮਟ ਕੇ ਰਹਿ ਗਏ ਹਨ, ਉੱਥੇ ‘ਮੁਹੱਬਤ ਦੀ ਮਿੱਟੀ’ ਰੂਹਾਨੀ ਰਿਸ਼ਤਿਆਂ ਦਾ ਸੁਮੇਲ ਹੈ। ਜ਼ੁੰਮਾ ਜੋ ਰੋਜ਼ ਸਵੇਰੇ ਪੋਣੇ ਵਿੱਚ ਰੋਟੀ ਬੰਨ੍ਹ ਸਾਈਕਲ ਚੁੱਕ ਭੱਠੇ ’ਤੇ ਇੱਟਾਂ ਪੱਥਣ ਤੁਰ ਜਾਂਦਾ ਅਤੇ ਆਥਣੇ ਸੂਰਜ ਢਲਣ ਮਗਰੋਂਂ ਘਰ ਪਰਤਦਾ। ਰੋਜ਼ ਆਪਣੀ ਮਾਂ ਕੋਲ ਤਾਰਿਆਂ ਦੀ ਛਾਵੇਂ ਮੰਜਾ ਵਿਛਾ ਕੇ ਪੈਂਦਾ ਤੇ ਜਦੋਂ ਅੱਧੀ ਰਾਤ ਨੂੰ ਉਸ ਦਾ ਪਿਆਰ ਖਿਆਲਾਂ ’ਚ ਖੌਰੂ ਪਾਉਂਦਾ ਤਾਂ ਉਹ ਆਪਣੇ ਚੱਕ ਵਾਲੇ ਢਾਰੇ ’ਚ ਬਹਿ ਆਪਣੀ ਮੁਹੱਬਤ ਨੂੰ ਮਿੱਟੀ ਵਿੱਚ ਢਾਲਣ ਦੀ ਕੋਸ਼ਿਸ਼ ਕਰਦਾ। ਉਹ ਮੁਹੱਬਤ ਜਿਹੜੀ ਕਦੇ ਸਰਦਾਰੋ ਬਣ ਕੇ ਉਹਦੀ ਜ਼ਿੰਦਗੀ ਵਿੱਚ ਆਈ ਸੀ, ਪਰ ਜਾਤ-ਪਾਤ ਦੇ ਪਾੜੇ ਅਤੇ ਗਰੀਬੀ ਕਾਰਨ ਉਹਦੇ ਹੱਥੋਂ ਰੇਤ ਵਾਂਗ ਕਿਰ ਗਈ ਸੀ। ਜ਼ੁੰਮਾ ਰੋਜ਼ ਰਾਤ ‘ਮੁਹੱਬਤ ਦੀ ਮਿੱਟੀ’ ਦੇ ਨਕਸ਼ ਸੰਵਾਰਦਾ, ਉਨ੍ਹਾਂ ਨੂੰ ਹੋਰ ਗੰਭੀਰਤਾ ਨਾਲ ਘੜਨ ਦੀ ਕੋਸ਼ਿਸ਼ ਕਰਦਾ, ਪਰ ਹਰ ਵਾਰ ਉਹਨੂੰ ਇਸ ਵਿੱਚ ਕੁਝ ਅਧੂਰਾ-ਅਧੂਰਾ ਲੱਗਦਾ।
ਰੁਪਿੰਦਰ ਨੇ ਨਿਰਦੇਸ਼ਕ ਦੀ ਕੁਰਸੀ ’ਤੇ ਬਹਿ ਕੇ ਫਿਲਮ ਦੇ ਹਰ ਦ੍ਰਿਸ਼ ਨੂੰ ਜਿਸ ਤਰ੍ਹਾਂ ਬਾਰੀਕੀ ਨਾਲ ਉਭਾਰਿਆ ਹੈ, ਉਹ ਕਾਬਲ-ਏ-ਤਾਰੀਫ਼ ਹੈ। ਬੇਸ਼ੱਕ ਫਿਲਮ ਵਿੱਚ ਬਹੁਤਾ ਸੰਵਾਦ ਨਹੀਂ ਰਚਾਇਆ ਗਿਆ, ਪਰ ਉਹ ਦ੍ਰਿਸ਼ਾਂ ਨਾਲ ਸੰਵਾਦ ਰਚਾਉਂਦੀ ਹੈ। ਫਿਲਮ ਦੀ ਪੂਰੀ ਕਹਾਣੀ ਦ੍ਰਿਸ਼ਾਂ ਦੇ ਨਾਲ-ਨਾਲ ਅੱਗੇ ਤੁਰਦੀ ਹੈ। ਫਿਲਮਾਂਕਣ ਦੇ ਨਾਲ-ਨਾਲ ਫਿਲਮ ਵਿਚਲਾ ਮੱਠਾ-ਮੱਠਾ ਸੰਗੀਤ ਇਸ ਦੀ ਰੁਮਾਂਚਿਕਤਾ ਨੂੰ ਉਭਾਰਦਾ ਹੈ। ਇਹ ਰੁਪਿੰਦਰ ਦਾ ਹੁਨਰ ਹੀ ਹੈ ਕਿ ਉਹ 20 ਮਿੰਟ ਦੀ ਇਸ ਫਿਲਮ ਦੇ ਅਖੀਰ ਤੱਕ ਦਰਸ਼ਕਾਂ ਨੂੰ ਬੰਨ੍ਹ ਕੇ ਬਿਠਾਈ ਰੱਖਦਾ ਹੈ ਅਤੇ ਆਖ਼ਰੀ ਮਿੰਟ ਤੱਕ ਦਿਲਚਸਪੀ ਕਾਇਮ ਰਹਿਣਾ ਇਸ ਫਿਲਮ ਦਾ ਸਿਖ਼ਰ ਹੋ ਨਿੱਬੜਦਾ ਹੈ।
‘ਮੁਹੱਬਤ ਦੀ ਮਿੱਟੀ’ ਹੁਣ ਤੱਕ 20 ਕੌਮੀ ਅਤੇ ਕੌਮਾਂਤਰੀ ਫਿਲਮ ਮੇਲਿਆਂ ’ਚ ਪੰਜਾਬ ਦੀ ਤਰਜਮਾਨੀ ਕਰ ਚੁੱਕੀ ਹੈ ਅਤੇ 10 ਤੋਂ ਵੱਧ ਫਿਲਮ ਮੇਲਿਆਂ ਵਿੱਚੋਂ ਕਈ ਐਵਾਰਡ ਆਪਣੇ ਨਾਂ ਕਰ ਚੁੱਕੀ ਹੈ। ਇਸ ਫਿਲਮ ਜ਼ਰੀਏ ਮੁੰਬਈ ਐਂਟਰਟੇਨਮੈਂਟ ਇੰਟਰਨੈਸ਼ਨਲ ਫਿਲਮ ਫੈਸਟੀਵਲ ’ਚ ‘ਬੈਸਟ ਡਾਇਰੈਕਟਰ’ ਦਾ ਐਵਾਰਡ ਰੁਪਿੰਦਰ ਦੇ ਹਿੱਸੇ ਆਇਆ। ਇਸੇ ਤਰ੍ਹਾਂ ਇੰਡੀ ਸ਼ਾਰਟਸ ਫਿਲਮ ਫਿਲਮ ਫੈਸਟੀਵਲ ਵਿੱਚ ਇਸ ਫਿਲਮ ਨੇ ਦੋ ਐਵਾਰਡ ‘ਬੈਸਟ ਸਟੋਰੀ’ ਅਤੇ ‘ਬੈਸਟ ਸਿਨਮੈਟੋਗ੍ਰਾਫ਼ੀ’ ਆਪਣੇ ਨਾਂ ਕੀਤੇ ਹਨ। ਬਾਇਓਸਕੋਪ ਸਾਈਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ‘ਬੈਸਟ ਸ਼ਾਰਟ ਫਿਲਮ’, ‘ਬੈਸਟ ਸਕਰੀਨਪਲੇਅ’, ‘ਬੈਸਟ ਐਡੀਟਰ’ ਅਤੇ ‘ਬੈਸਟ ਆਰਟਿਸਟ’ ਦਾ ਐਵਾਰਡ ਵੀ ‘ਮੁਹੱਬਤ ਦੀ ਮਿੱਟੀ’ ਨੂੰ ਮਿਲੇ ਹਨ। ਇਸੇ ਤਰ੍ਹਾਂ ਸਤਿਆਜੀਤ ਰਿਤਵਿਕ ਮ੍ਰਿਨਲ ਇੰਟਰਨੈਸ਼ਨਲ ਕੋਲਕਾਤਾ ਫਿਲਮ ਫੈਸਟੀਵਲ ਵਿੱਚ ਫਿਲਮ ਨੇ ਪੰਜ ਐਵਾਰਡ ਆਪਣੇ ਨਾਂ ਕੀਤੇ, ਜਿਨ੍ਹਾਂ ਵਿੱਚ ‘ਬੈਸਟ ਡਾਇਰੈਕਟਰ’, ‘ਬੈਸਟ ਫਿਲਮ’, ‘ਬੈਸਟ ਸਟੋਰੀ’, ‘ਬੈਸਟ ਆਰਟਿਸਟ’, ‘ਬੈਸਟ ਸਕਰੀਨਪਲੇਅ’ ਸ਼ਾਮਲ ਹਨ। ਇਸ ਤੋਂ ਇਲਾਵਾ ਇਹ ਫਿਲਮ ਸਟੂਡੈਂਟ ਵਰਲਡ ਇੰਪੈਕਟ ਫਿਲਮ ਫੈਸਟੀਵਲ ਯੂਐੱਸਏ, ਲਿਫਟ ਆਫ ਗਲੋਬਲ ਨੈੱਟਵਰਕ ਯੂਐੱਸਏ ਵਿੱਚ ਸਕਰੀਨਿੰਗ ਲਈ ਚੁਣੀ ਗਈ ਹੈ ਅਤੇ ਪੂਨੇ ਸ਼ਾਰਟ ਫਿਲਮ ਫੈਸਟੀਵਲ ਤੇ ਵੈਨਗਾਰਡ ਇੰਟਰਨੈਸ਼ਨਲ ਸ਼ਾਰਟ ਫਿਲਮ ਫੈਸਟੀਵਲ ਲਈ ਵੀ ਨਾਮਜ਼ਦ ਹੋ ਚੁੱਕੀ ਹੈ।
ਫਿਲਮ ਵਿੱਚ ਅਸਿਸਟੈਂਟ ਸਿਨਮੈਟੋਗ੍ਰਾਫ਼ਰ ਵਜੋਂ ਨਵਚੇਤਨ ਆਜ਼ਾਦ ਅਤੇ ਅਸਿਸਟੈਂਟ ਐਡੀਟਰ ਵਜੋਂ ਰਮਨ ਸ਼ਰਮਾ ਨੇ ਸ਼ਲਾਘਾਯੋਗ ਕੰਮ ਕੀਤਾ ਹੈ, ਜਦਕਿ ਫਿਲਮ ਦੇ ਡਾਇਲਾਗ ਰੁਪਿੰਦਰ ਕੋਰਪਾਲ ਨੇ ਖ਼ੁਦ ਲਿਖੇ ਹਨ। ‘ਮੁਹੱਬਤ ਦੀ ਮਿੱਟੀ’ ਵਿੱਚ ਜ਼ੁੰਮੇ ਦੀ ਭੂਮਿਕਾ ਸੁਖਪਾਲ ਬਾਜਵਾ ਅਤੇ ਸਰਦਾਰੋ ਦਾ ਕਿਰਦਾਰ ਸੰਦੀਪ ਕੌਰ ਨੇ ਨਿਭਾਇਆ ਹੈ। ਇਸ ਤੋਂ ਇਲਾਵਾ ਫਿਲਮ ਵਿੱਚ ਜੱਸੀ ਲੌਂਗੋਵਾਲੀਆ, ਧਰਮਿੰਦਰ ਕੌਰ, ਗੁਰਪ੍ਰੀਤ ਘੁੱਦਾ, ਤਨਵੀਰ ਸਿੰਘ ਅਤੇ ਸਮਨਦੀਪ ਕੌਰ ਨੇ ਵੀ ਭੂਮਿਕਾ ਨਿਭਾਈ ਹੈ। ਫਿਲਮ ਦੇ ਨਿਰਮਾਤਾ ਗੁਰਪ੍ਰੀਤ ਘੁੱਦਾ ਹਨ।
ਬੇਸ਼ੱਕ ਰੁਪਿੰਦਰ ਦੀ ਇਹ ਪਹਿਲੀ ਫਿਲਮ ਹੈ, ਪਰ ਆਉਂਦੇ ਦਿਨਾਂ ਵਿੱਚ ਉਸ ਦੇ ਹੋਰ ਵੀ ਕਈ ਪ੍ਰਾਜੈਕਟ ਪੰਜਾਬੀ ਸਿਨਮਾ ਜਗਤ ਵਿੱਚ ਹਾਜ਼ਰੀ ਲਵਾਉਣਗੇ। ਵਪਾਰਕ ਦੌਰ ਵਿੱਚ ਜ਼ੀਰੋ ਬਜਟ ਫਿਲਮ ਬਣਾਉਣ ਦਾ ਜੋ ਜੋਖਮ ਉਸ ਨੇ ਉਠਾਇਆ ਹੈ, ਉਮੀਦ ਹੈ ਫਿਲਮ ਰਿਲੀਜ਼ ਮਗਰੋਂ ਦਰਸ਼ਕਾਂ ਦਾ ਪਿਆਰ ਉਸ ਨੂੰ ਕਈ ਹੋਰ ਅਜਿਹੇ ਸਾਹਿਤਕ ਪ੍ਰਾਜੈਕਟ ਪੰਜਾਬੀ ਸਿਨਮਾ ਦੀ ਝੋਲੀ ਪਾਉਣ ਦੀ ਹੱਲਾਸ਼ੇਰੀ ਦੇਵੇਗਾ।
ਸੰਪਰਕ: 98768-65849