ਪਰਿਵਾਰ ਦੀ ਅਹਿਮੀਅਤ ਦਰਸਾਉਂਦੀ ਫਿਲਮ ‘ਜੂਨੀਅਰ’
ਸੁਰਜੀਤ ਜੱਸਲ
ਪੰਜਾਬੀ ਸਿਨਮਾ ਦੇ ਬਦਲਦੇ ਅੰਦਾਜ਼ ਨੇ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਿਆ ਹੈ। ਵਿਆਹਾਂ ਅਤੇ ਹਾਸੇ ਮਜ਼ਾਕ ਵਾਲੀਆਂ ਫਿਲਮਾਂ ਦੀ ਥਾਂ ਹੁਣ ਐਕਸ਼ਨ ਫਿਲਮਾਂ ਨੇ ਲੈ ਲਈ ਹੈ। ਪਿਛਲੀ ਦਿਨੀਂ ਰਿਲੀਜ਼ ਹੋਈਆਂ ਕੁਝ ਨਵੇਂ ਵਿਸ਼ੇ ਦੀਆਂ ਅਜਿਹੀਆ ਫਿਲਮਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਇਨ੍ਹੀ ਦਿਨੀਂ ਰਿਲੀਜ਼ ਹੋਈ ਫਿਲਮ ‘ਜੂਨੀਅਰ’ ਜ਼ੁਲਮ ਦੀ ਦੁਨੀਆ ਨਾਲ ਜੁੜੇ ਲੋਕਾਂ ਦੀ ਦਰਦ ਭਰੀ ਦਾਸਤਾਨ ਬਿਆਨਦੀ ਮਾਰਧਾੜ ਤੇ ਖੂਨ-ਖਰਾਬੇ ਵਾਲੀ ਫਿਲਮ ਹੈ।
ਪੰਜਾਬ ਅਤੇ ਚੰਡੀਗੜ੍ਹ ਸਮੇਤ ਦੁਨੀਆ ਦੇ ਤਿੰਨ ਵੱਖ ਵੱਖ ਦੇਸ਼ਾਂ ਵਿੱਚ ਫਿਲਮਾਈ ਇਹ ਪੰਜਾਬੀ ਦੀ ਪਹਿਲੀ ਅਜਿਹੀ ਫਿਲਮ ਹੈ ਜੋ ਹੈ ਤਾਂ ਪੰਜਾਬੀ ਭਾਸ਼ਾ ਵਿੱਚ, ਪਰ ਇਸ ਨੂੰ ਬਣਾਉਣ ਦੀ ਤਕਨੀਕ ਹੌਲੀਵੁੱਡ ਅਤੇ ਦੱਖਣ ਦੀਆਂ ਵੱਡੀਆਂ ਫਿਲਮਾਂ ਦੇ ਪੱਧਰ ਦੀ ਹੈ।
‘ਨਦਰ ਫਿਲਮਜ਼’ ਦੇ ਬੈਨਰ ਹੇਠ ਬਣੀ ਇਸ ਫਿਲਮ ਦੀ ਕਹਾਣੀ ਜ਼ੁਲਮ ਦੀ ਦੁਨੀਆ ਨਾਲ ਜੁੜੇ ਇੱਕ ਅਜਿਹੇ ਇਨਸਾਨ ਦੀ ਕਹਾਣੀ ਹੈ ਜੋ ਆਪਣੇ ਅਤੀਤ ਨੂੰ ਭੁੱਲ ਕੇ ਚੰਗਾ ਨਾਗਰਿਕ ਬਣ ਕੇ ਜ਼ਿੰਦਗੀ ਜਿਊਣਾ ਚਾਹੁੰਦਾ ਹੈ, ਪਰ ਹਾਲਾਤ ਉਸ ਨੂੰ ਮੁੜ ਜ਼ੁਲਮ ਦੀ ਦਲਦਲ ਵਿੱਚ ਧੱਕ ਦਿੰਦੇ ਹਨ, ਜਦੋਂ ਉਸ ਦੀ ਮਾਸੂਮ ਬੇਟੀ ਬਾਜ਼ਾਰ ਵਿੱਚ ਦੋ ਗੁੱਟਾਂ ਦੇ ਆਪਸੀ ਝਗੜੇ ਵਿੱਚ ਗੋਲੀ ਦਾ ਸ਼ਿਕਾਰ ਬਣ ਜਾਂਦੀ ਹੈ। ਬੱਚੀ ਦੀ ਮੌਤ ਉਸ ਨੂੰ ਮੁੜ ਹਥਿਆਰ ਚੁੱਕਣ ਲਈ ਮਜਬੂਰ ਕਰ ਦਿੰਦੀ ਹੈ। ਇਹ ਫਿਲਮ ਇਨਸਾਨ ਲਈ ਉਸ ਦੇ ਪਰਿਵਾਰ ਦੀ ਅਹਿਮੀਅਤ ਨੂੰ ਦਰਸਾਉਂਦੀ ਹੈ।
‘ਬੰਬੂਕਾਟ’,‘ਲਹੌਰੀਏ’,‘ਵੇਖ ਬਰਾਤਾਂ ਚੱਲੀਆਂ’, ‘ਭਲਵਾਨ ਸਿੰਘ’,‘ਅਫ਼ਸਰ’ ਅਤੇ ‘ਗੋਲਕ ਬੁਗਨੀ ਬੈਂਕ ਤੇ ਬਟੂਆ-1’ ਸਮੇਤ ਦਰਜਨਾਂ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਨਿਰਮਾਤਾ ਤੋਂ ਨਾਇਕ ਬਣੇ ਅਮੀਕ ਵਿਰਕ ਤੇ ਸ੍ਰਿਸ਼ਟੀ ਜੈਨ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਵਿੱਚ ਬੌਲੀਵੁੱਡ ਅਦਾਕਾਰ ਕਬੀਰ ਬੇਦੀ, ਪਰਦੀਪ ਰਾਵਤ ਤੋਂ ਇਲਾਵਾ ਯੋਗਰਾਜ ਸਿੰਘ, ਪ੍ਰਦੀਪ ਚੀਮਾ, ਅਜੇ ਜੇਠੀ, ਰੌਣੀ ਸਿੰਘ, ਕਬੀਰ ਸਿੰਘ ਅਤੇ ਬਾਲ ਅਦਾਕਾਰਾ ਰਾਣਾ ਜਸਲੀਨ ਨੇ ਅਹਿਮ ਭੂਮਿਕਾ ਨਿਭਾਈ ਹੈ। ਅਮੀਕ ਵਿਰਕ ਦੀ ਹੀ ਲਿਖੀ ਹੋਈ ਇਸ ਫਿਲਮ ਨੂੰ ਨੌਜਵਾਨ ਫਿਲਮ ਨਿਰਦੇਸ਼ਕ ਹਰਮਨ ਢਿੱਲੋਂ ਨੇ ਡਾਇਰੈਕਟ ਕੀਤਾ ਹੈ। ਲੰਮੇ ਸਮੇਂ ਤੋਂ ਫਿਲਮ ਮੇਕਿੰਗ ਨਾਲ ਜੁੜੇ ਅਮੀਕ ਵਿਰਕ ਨੇ ਇਹ ਫਿਲਮ ਇਸ ਨਜ਼ਰੀਏ ਅਤੇ ਤਰੀਕੇ ਨਾਲ ਬਣਾਈ ਹੈ ਕਿ ਇਸ ਨਾਲ ਵੱਧ ਤੋਂ ਵੱਧ ਗੈਰ ਪੰਜਾਬੀ ਦਰਸ਼ਕ ਵੀ ਜੁੜ ਸਕਣ। ਇਹ ਚੀਜ਼ ਫਿਲਮ ਦੇਖਦਿਆਂ ਦਰਸ਼ਕ ਖੁਦ ਮਹਿਸੂਸ ਕਰਦਾ ਹੈ।
ਇਸ ਫਿਲਮ ਰਾਹੀਂ ਟੀਵੀ ਇੰਡਸਟਰੀ ਦੀ ਨਾਮਵਰ ਅਦਾਕਾਰਾ ਸ੍ਰਿਸ਼ਟੀ ਜੈਨ ਨੇ ਪੰਜਾਬੀ ਇੰਡਸਟਰੀ ਵੱਲ ਕਦਮ ਵਧਾਇਆ ਹੈ। ਇਸ ਵਿੱਚ ਉਸਨੇ ਫਿਲਮ ਦੇ ਨਾਇਕ ਅਮੀਕ ਵਿਰਕ ਦੀ ਪਤਨੀ ਦੀ ਭੂਮਿਕਾ ਅਦਾ ਕੀਤੀ ਹੈ। ਬਿਨਾਂ ਸ਼ੱਕ ਉਸ ਨੇ ਆਪਣੇ ਕਿਰਦਾਰ ਨਾਲ ਇਨਸਾਫ਼ ਕੀਤਾ ਹੈ। ਬੌਲੀਵੁੱਡ ਅਦਾਕਾਰ ਕਬੀਰ ਬੇਦੀ ਦਾ ਕਿਰਦਾਰ ਵੀ ਸਲਾਘਾਯੋਗ ਹੈ। ਯੋਗਰਾਜ ਸਿੰਘ ਦੀ ਦਮਦਾਰ ਅਦਾਕਾਰੀ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੀ ਹੈ। ਪੰਜਾਬੀ ਸਿਨਮਾ ਨੂੰ ਐਕਸ਼ਨ ਮੋੜ ਦਿੰਦੀ ਇਹ ਫਿਲਮ ਇੱਕ ਜ਼ਿੰਮੇਵਾਰ ਇਨਸਾਨ ਨੂੰ ਉਸ ਦੀ ਪਰਿਵਾਰਕ ਅਹਿਮੀਅਤ ਸਮਝਾਉਂਦੀ ਐਕਸ਼ਨ ਭਰਪੂਰ ਫੈਮਿਲੀ ਡਰਾਮਾ ਹੈ।
ਸੰਪਰਕ: 98146-07737