ਫਿਲਮ ‘ਐਮਰਜੈਂਸੀ’ ਨੂੰ ਸੈਂਸਰ ਬੋਰਡ ਤੋਂ ਮਿਲਿਆ ਸਰਟੀਫਿਕੇਟ: ਕੰਗਨਾ
ਨਵੀਂ ਦਿੱਲੀ, 17 ਅਕਤੂਬਰ
ਵਿਵਾਦਾਂ ਵਿੱਚ ਘਿਰੀ ਫਿਲਮ ‘ਐਮਰਜੈਂਸੀ’ ਨੂੰ ਸੈਂਸਰ ਬੋਰਡ ਨੇ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ। ਇਹ ਜਾਣਕਾਰੀ ਬੌਲੀਵੁੱਡ ਅਦਾਕਾਰਾ ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਅੱਜ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਸਿੱਖ ਜਥੇਬੰਦੀਆਂ ਨੇ ਇਸ ਫਿਲਮ ਦੇ ਕਈ ਦ੍ਰਿਸ਼ਾਂ ’ਤੇ ਇਤਰਾਜ਼ ਜਤਾਇਆ ਸੀ ਤੇ ਸੈਂਸਰ ਬੋਰਡ ਨੂੰ ਇਸ ਫਿਲਮ ਦਾ ਸਰਟੀਫਿਕੇਟ ਜਾਰੀ ਨਾ ਕਰਨ ਦੀ ਮੰਗ ਕੀਤੀ ਸੀ। ਕੰਗਨਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਅਪਲੋਡ ਕਰਦਿਆਂ ਲਿਖਿਆ, ‘ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਨੇ ਸਾਡੀ ਫਿਲਮ ‘ਐਮਰਜੈਂਸੀ’ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ। ਅਸੀਂ ਜਲਦੀ ਹੀ ਇਸ ਫਿਲਮ ਦੀ ਰਿਲੀਜ਼ ਹੋਣ ਦੀ ਮਿਤੀ ਦਾ ਐਲਾਨ ਕਰਾਂਗੇ, ਤੁਹਾਡੇ ਸਬਰ ਅਤੇ ਸਮਰਥਨ ਲਈ ਧੰਨਵਾਦ @ਮਨੀਕਰਨਿਕਾ ਫਿਲਮਜ਼ @ਜ਼ੀਸਟੂਡੀਓਜ਼ ਆਫੀਸ਼ੀਅਲ।’ ਇਸ ਫਿਲਮ ਵਿਚ ਕੰਗਨਾ ਰਣੌਤ ਨੇ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ। ਇਸ ਤੋਂ ਇਲਾਵਾ ਉਸ ਨੇ ਫਿਲਮ ਦਾ ਨਿਰਦੇਸ਼ਨ ਅਤੇ ਸਹਿ-ਨਿਰਮਾਣ ਵੀ ਕੀਤਾ ਹੈ। ਦੱਸਣਾ ਬਣਦਾ ਹੈ ਕਿ ਇਸ ਫਿਲਮ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਜਥੇਬੰਦੀਆਂ ਨੇ ਮੋਰਚਾ ਖੋਲ੍ਹ ਦਿੱਤਾ ਸੀ। ਉਨ੍ਹਾਂ ਨੇ ਇਸ ਫਿਲਮ ਵਿਚ ਸਿੱਖ ਭਾਈਚਾਰੇ ਅਤੇ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦਾ ਦੋਸ਼ ਲਾਇਆ ਸੀ। ਇਸ ਫਿਲਮ ਦੀ ਰਿਲੀਜ਼ ਖਿਲਾਫ਼ ਵੀ ਦੇਸ਼ ਭਰ ਵਿਚ ਪ੍ਰਦਰਸ਼ਨ ਹੋਏ ਸਨ। ਸੀਬੀਐੱਫਸੀ ਨੇ ਹਾਲ ਹੀ ਵਿਚ ਬੰਬੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਕੰਗਨਾ ਰਣੌਤ ਨੇ ਫਿਲਮ ਵਿੱਚ ਬੋਰਡ ਵੱਲੋਂ ਸੁਝਾਈਆਂ ਗਈਆਂ ਕਟੌਤੀਆਂ ਲਈ ਸਹਿਮਤੀ ਦੇ ਦਿੱਤੀ ਹੈ। ਪੀਟੀਆਈ