ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝ ਨੂੰ ਗੂੜ੍ਹਾ ਕਰਦੀ ਫਿਲਮ ‘ਡਰਾਮੇ ਆਲੇ’
ਸੁਰਜੀਤ ਜੱਸਲ
ਚੜ੍ਹਦੇ-ਲਹਿੰਦੇ ਪੰਜਾਬ ਦੇ ਲੋਕਾਂ ਦੀ ਮੁਹੱਬਤੀ ਸਾਂਝ ਦੇ ਵਿਸ਼ਿਆਂ ’ਤੇ ਪਹਿਲਾਂ ਵੀ ਅਨੇਕਾਂ ਫਿਲਮਾਂ ਬਣੀਆਂ ਹਨ, ਪਰ ਬੀਤੇ ਦਿਨੀਂ ਰਿਲੀਜ਼ ਹੋਈ ਫਿਲਮ ‘ਡਰਾਮੇ ਆਲੇ’ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਸਾਂਝੇ ਕਲਾਕਾਰਾਂ ਦੀ ਵੱਖਰੀ ਤਰ੍ਹਾਂ ਦੀ ਫ਼ਿਲਮ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਡਰਾਮੇ (ਨਾਟਕ) ਪੂਰੀ ਦੁਨੀਆ ਵਿੱਚ ਮਸ਼ਹੂਰ ਹਨ, ਇਸ ਕਰਕੇ ਇਸ ਫਿਲਮ ਦੀ ਕਹਾਣੀ ਪਾਕਿਸਤਾਨ ਤੋਂ ਹੀ ਲੰਡਨ ਨਾਟਕ ਖੇਡਣ ਆਏ ਥੀਏਟਰ ਕਲਾਕਾਰਾਂ ਦੇ ਦੁਆਲੇ ਘੁੰਮਦੀ ਹੈ। ਇਸ ਨਾਟਕ ਮੰਡਲੀ ਦੀ ਹਾਲਤ ਉਦੋਂ ਹਾਸੋ-ਹੀਣੀ ਹੋ ਜਾਂਦੀ ਹੈ ਜਦੋਂ ਨਾਟਕ ਦੀ ਟੀਮ ਨਾਲ ਆਇਆ ਇੱਕ ਕਲਾਕਾਰ ਅਚਾਨਕ ਭੱਜ ਜਾਂਦਾ ਹੈ। ਬੇਗਾਨੇ ਮੁਲਕ ਵਿੱਚ ਉਸ ਲਾਪਤਾ ਕਲਾਕਾਰ ਨੂੰ ਵੀ ਲੱਭਣਾ ਹੈ ਅਤੇ ਪ੍ਰੋਮੋਟਰ ਵੱਲੋਂ ਰੱਖੇ ਗਏ ਨਾਟਕ ਦੇ ਸ਼ੋਅ ਨੂੰ ਵੀ ਪੂਰਾ ਕਰਨਾ ਹੈ। ਇਸ ਨਾਜ਼ੁਕ ਮੌਕੇ ਚੜ੍ਹਦੇ ਪੰਜਾਬ ਦੇ ਕਲਾਕਾਰ ਇਨ੍ਹਾਂ ਦੀ ਮਦਦ ਲਈ ਅੱਗੇ ਆਉਂਦੇ ਹਨ। ਫਿਲਮ ਵਿੱਚ ਕਾਮੇਡੀ ਦੇ ਨਾਲ ਨਾਲ ਦੋਵੇਂ ਮੁਲਕਾਂ ਦੀ ਪੁਰਾਤਨ ਸਾਂਝ, ਆਪਸੀ ਪਿਆਰ ਨੂੰ ਭਾਵੁਕਤਾ ਨਾਲ ਵਿਖਾਇਆ ਗਿਆ ਹੈ।
‘ਗਿੱਲ ਮੋਸ਼ਨ ਪਿਕਚਰ’ ਦੇ ਬੈਨਰ ਹੇਠ ਬਣੀ ਨਿਰਮਾਤਾ ਜਸਕਰਨ ਸਿੰਘ ਤੇ ਨਿਰਦੇਸ਼ਕ ਚੰਦਰ ਕੰਬੋਜ ਅਤੇ ਉਪਿੰਦਰ ਰੰਧਾਵਾ ਦੀ ਇਸ ਫਿਲਮ ਵਿੱਚ ਹਰੀਸ਼ ਵਰਮਾ, ਸ਼ਰਨ ਕੌਰ ਅਤੇ ਸੁਖਵਿੰਦਰ ਚਾਹਲ ਤੋਂ ਇਲਾਵਾ ਪਾਕਿਸਤਾਨ ਦੀ ਨਾਮਵਾਰ ਅਦਾਕਾਰਾ ਰੂਬੀ ਅਨਮ, ਸਰਦਾਰ ਕਮਲ, ਮਲਿਕ ਆਸਿਫ਼ ਇਕਬਾਲ, ਹਨੀ ਅਲਬੇਲਾ ਤੇ ਕੈਸਰ ਪੀਆ ਨੇ ਅਹਿਮ ਕਿਰਦਾਰ ਨਿਭਾਏ ਹਨ। ਆਮ ਵਿਸ਼ਿਆਂ ਤੋਂ ਹਟ ਕੇ ਬਣੀ ਇਹ ਫਿਲਮ ਦੋਵਾਂ ਪੰਜਾਬ ਦੀ ਸਾਂਝ ਹੋਰ ਗੂੜ੍ਹੀ ਕਰਨ ਵਿੱਚ ਵਧੀਆ ਯੋਗਦਾਨ ਪਾਉਣ ਦੇ ਸਮਰੱਥ ਹੈ।
ਸੰਪਰਕ: 98146-07737