For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ ਬਿਜਲੀ ਚੋਰੀ ਦਾ ਅੰਕੜਾ 2600 ਕਰੋੜ ਤੋਂ ਟੱਪਿਆ

08:32 AM Sep 09, 2024 IST
ਪੰਜਾਬ ਵਿੱਚ ਬਿਜਲੀ ਚੋਰੀ ਦਾ ਅੰਕੜਾ 2600 ਕਰੋੜ ਤੋਂ ਟੱਪਿਆ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 8 ਸਤੰਬਰ
ਪੰਜਾਬ ’ਚ ਸਿਆਸੀ ਬਦਲਾਅ ਦੇ ਬਾਵਜੂਦ ਬਿਜਲੀ ਚੋਰਾਂ ਦੀ ‘ਸਰਦਾਰੀ’ ਕਾਇਮ ਹੈ ਜਿਸ ਕਰ ਕੇ ਹੁਣ ਸੂਬਾ ਸਰਕਾਰ ਨੇ ਬਿਜਲੀ ਚੋਰੀ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਹੈ। ਪਾਵਰਕੌਮ ਦੀ ਸਾਲ 2023-24 ਦੌਰਾਨ ਬਿਜਲੀ ਘਾਟਿਆਂ ਦੀ ਰਿਪੋਰਟ ਵੀ ਬਿਜਲੀ ਚੋਰੀ ਵੱਲ ਇਸ਼ਾਰਾ ਕਰਦੀ ਹੈ ਜਿਸ ’ਚ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ ਬਿਜਲੀ ਚੋਰੀ ਦਾ ਅੰਕੜਾ 2600 ਕਰੋੜ ਨੂੰ ਪਾਰ ਕਰ ਗਿਆ ਹੈ। ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਹੁਣ ਬਿਜਲੀ ਦੀ ਖਪਤ ਵਿੱਚ ਵਾਧਾ ਹੋਣ ਕਰਕੇ ਬਿਜਲੀ ਚੋਰੀ ਦੀ ਰਕਮ ਕਾਫ਼ੀ ਵਧ ਗਈ ਹੈ। ਇਸ ਵਿੱਚ ਪਾਵਰਕੌਮ ਦੇ ਹੇਠਲੇ ਅਧਿਕਾਰੀ ਤੇ ਮੁਲਾਜ਼ਮ ਵੀ ਭਾਗੀਦਾਰ ਦੱਸੇ ਜਾ ਰਹੇ ਹਨ। ਰਿਪੋਰਟ ਅਨੁਸਾਰ ਪੰਜਾਬ ਦੀਆਂ 104 ਡਿਵੀਜ਼ਨਾਂ ਵਿੱਚੋਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਹਲਕਾ ਪੱਟੀ ਦਾ ਨਾਮ ਸਿਖਰ ’ਤੇ ਹੈ। ਪੱਟੀ ਡਿਵੀਜ਼ਨ ’ਚ ਸਾਲਾਨਾ 144 ਕਰੋੜ ਦੀ ਬਿਜਲੀ ਚੋਰੀ ਹੁੰਦੀ ਹੈ। ਪੰਜਾਬ ਵਿੱਚੋਂ ਪੱਟੀ, ਜ਼ੀਰਾ, ਭਿੱਖੀਵਿੰਡ ਅਤੇ ਅੰਮ੍ਰਿਤਸਰ ਪੱਛਮੀ ਅਜਿਹੀਆਂ ਡਿਵੀਜ਼ਨਾਂ ਹਨ ਜੋ ਬਿਜਲੀ ਚੋਰੀ ਦੇ ਰੈੱਡ ਜ਼ੋਨ ਵਿੱਚ ਆਉਂਦੀਆਂ ਹਨ ਅਤੇ ਇਨ੍ਹਾਂ ਚਾਰ ਡਿਵੀਜ਼ਨਾਂ ਵਿੱਚ 520 ਕਰੋੜ ਰੁਪਏ ਦੀ ਸਾਲਾਨਾ ਬਿਜਲੀ ਚੋਰੀ ਹੁੰਦੀ ਹੈ। ਪੰਜਵਾਂ ਨੰਬਰ ਬਾਘਾਪੁਰਾਣਾ ਡਿਵੀਜ਼ਨ ਦਾ ਹੈ ਜਿੱਥੇ 99.25 ਕਰੋੜ ਦੀ ਬਿਜਲੀ ਚੋਰੀ ਹੋ ਰਹੀ ਹੈ। ਜਲਾਲਾਬਾਦ ਡਿਵੀਜ਼ਨ ਵਿੱਚ ਸਾਲਾਨਾ 94.93 ਕਰੋੜ ਦੀ ਬਿਜਲੀ ਚੋਰੀ ਹੋ ਰਹੀ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਦੇ ਹਲਕੇ ’ਚ ਪੈਂਦੀ ਸੁਨਾਮ ਡਿਵੀਜ਼ਨ ਵਿਚ 40 ਕਰੋੜ ਸਾਲਾਨਾ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਹਲਕੇ ਅਜਨਾਲਾ ਡਿਵੀਜ਼ਨ ਵਿੱਚ ਸਾਲਾਨਾ 90 ਕਰੋੜ ਦੀ ਬਿਜਲੀ ਚੋਰੀ ਹੋ ਰਹੀ ਹੈ ਜਦੋਂ ਕਿ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਡਿਵੀਜ਼ਨ ਬਾਦਲ ਵਿੱਚ ਵੀ ਕਰੀਬ 27 ਕਰੋੜ ਦੀ ਬਿਜਲੀ ਚੋਰੀ ਹੋ ਰਹੀ ਹੈ। ਡਿਵੀਜ਼ਨ ਦਿੜ੍ਹਬਾ ਵਿੱਚ ਸਾਲਾਨਾ 13 ਕਰੋੜ ਦੀ ਬਿਜਲੀ ਚੋਰੀ ਹੋ ਰਹੀ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਹਲਕੇ ਦੀ ਮਲੋਟ ਡਿਵੀਜ਼ਨ ਦਾ ਪੰਜਾਬ ਵਿੱਚੋਂ ਨੌਵਾਂ ਨੰਬਰ ਹੈ ਜਿੱਥੇ ਸਾਲਾਨਾ 83 ਕਰੋੜ ਦੀ ਬਿਜਲੀ ਚੋਰੀ ਹੁੰਦੀ ਹੈ। ਪੰਜਾਬ ਦੀਆਂ 34 ਡਿਵੀਜ਼ਨਾਂ ਵਿਚ ਸਾਲਾਨਾ ਬਿਜਲੀ ਚੋਰੀ 22 ਕਰੋੜ ਰੁਪਏ ਤੋਂ ਜ਼ਿਆਦਾ ਹੈ। ਪੰਜਾਬ ਦੀਆਂ ਸਿਰਫ਼ 17 ਡਿਵੀਜ਼ਨਾਂ ਅਜਿਹੀਆਂ ਬਚੀਆਂ ਹਨ ਜਿੱਥੇ ਕੋਈ ਬਿਜਲੀ ਚੋਰੀ ਨਹੀਂ ਹੋ ਰਹੀ ਹੈ। ਪਾਵਰਕੌਮ ਵੱਲੋਂ ਹੁਣ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਹੁਣ ਤੱਕ ਕੁੱਲ 81,262 ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ ਹੈ ਅਤੇ ਡਿਫਾਲਟਰਾਂ ਨੂੰ ਲਗਪਗ 13.30 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਚੋਰੀ ਕਰਾਉਣ ਵਾਲੇ ਬਖ਼ਸ਼ੇ ਨਹੀਂ ਜਾਣਗੇ: ਬਿਜਲੀ ਮੰਤਰੀ

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਮਾਲੀਆ ਘਾਟੇ ਦੀ ਪੂਰਤੀ ਲਈ ਬਿਜਲੀ ਚੋਰੀ ਰੋਕਣ ਲਈ ਅਧਿਕਾਰੀਆਂ ਨੂੰ ਚੈਕਿੰਗ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਜਿਸ ਬਾਰੇ ਰੋਜ਼ਾਨਾ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਜੋ ਅਧਿਕਾਰੀ ਅਤੇ ਕਰਮਚਾਰੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਬਿਜਲੀ ਚੋਰੀ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੀਐਸਈਬੀ ਇੰਜਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਧੀਮਾਨ ਨੇ ਸੁਝਾਅ ਦਿੱਤਾ ਹੈ ਕਿ ਬਿਜਲੀ ਚੋਰੀ ਕਰਨ ਵਾਲਿਆਂ ਦੀ ਸਬਸਿਡੀ ਰੋਕੀ ਜਾਵੇ ਅਤੇ ਬਿਜਲੀ ਚੋਰੀ ਰੋਕਣ ਵਾਲੇ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਸਿਆਸੀ ਦਬਾਅ ਤੋਂ ਬਚਾਇਆ ਜਾਵੇ।

Advertisement

Advertisement
Author Image

sukhwinder singh

View all posts

Advertisement