ਈਦ-ਉਲ-ਜ਼ੁਹਾ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
ਪੱਤਰ ਪ੍ਰੇਰਕ
ਜਲੰਧਰ, 29 ਜੂਨ
ਈਦ-ਉਲ-ਜੁਹਾ ਦੀ ਨਮਾਜ਼ ਇਥੋਂ ਦੇ ਸ਼ਾਹੀ ਜਾਮਾ ਮਸਜਿਦ ਈਦਗਾਹ ਵਿਖੇ ਪ੍ਰਧਾਨ ਨਈਮ ਖਾਨ ਐਡਵੋਕੇਟ ਦੀ ਪ੍ਰਧਾਨਗੀ ਹੇਠ ਅਦਾ ਕੀਤੀ ਗਈ। ਸ਼ਾਹੀ ਮਸਜਿਦ ਦੇ ਇਮਾਮ ਕਾਰੀ ਅਬਦੁਲ ਸੁਭਾਨ ਸਾਹਬ ਨੇ ਈਦ-ਉਲ-ਅਜ਼ਹਾ ਦੀ ਨਮਾਜ਼ ਅਦਾ ਕੀਤੀ। ਸ਼ਾਹੀ ਜਾਮਾ ਮਸਜਿਦ ਈਦਗਾਹ ਵਿਖੇ ਈਦ ਦੀ ਨਮਾਜ਼ ਅਦਾ ਕੀਤੀ ਗਈ ਵਧਾਈ ਦੇਣ ਲਈ ਕੈਬਨਿਟ ਮੰਤਰੀ ਪੰਜਾਬ ਬਲਕਾਰ ਸਿੰਘ ਅਤੇ ਸੁਸ਼ੀਲ ਕੁਮਾਰ ਰਿੰਕੂ ਐਮ.ਪੀ ਪਹੁੰਚੇ। ਉਨ੍ਹਾਂ ਪੈਗੰਬਰ ਹਜ਼ਰਤ ਇਬਰਾਹੀਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਮੁੱਚੇ ਸਮਾਜ ਨੂੰ ਪ੍ਰਮਾਤਮਾ ਦੇ ਸੱਚੇ ਮਾਰਗ ‘ਤੇ ਚੱਲਣ ਦੀ ਨਸੀਹਤ ਦਿੱਤੀ ਹੈ। ਸ਼ਾਹੀ ਜਾਮਾ ਮਸਜਿਦ ਈਦਗਾਹ ਕਮੇਟੀ ਜਾਂ ਮੁਸਲਿਮ ਸੰਗਠਨ ਪੰਜਾਬ ਦੇ ਪ੍ਰਧਾਨ ਨਈਮ ਖਾਨ ਐਡਵੋਕੇਟ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ): ਕਸਬਾ ਫਤਿਆਬਾਦ ਦੀ ਜਾਮਾ ਮਸਜਿਦ ਵਿਖੇ ਬਕਰ-ਈਦ ਦਾ ਤਿਉਹਾਰ ਮੁਸਲਮਾਨ ਭਾਈਚਾਰੇ ਵੱਲੋਂ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਫਤਿਆਬਾਦ, ਗੋਇੰਦਵਾਲ ਸਾਹਿਬ, ਖਵਾਸਪੁਰ, ਖਡੂਰ ਸਾਹਿਬ, ਮੀਆਂਵਿੰਡ, ਜਾਮਾਰਾਏ, ਭਰੋਵਾਲ ਆਦਿ ਇਲਾਕਿਆ ਤੋਂ ਜਾਮਾ ਮਸਜਿਦ ਵਿਖੇ ਆਏ ਮੁਸਲਮਾਨ ਭਾਈਚਾਰੇ ਲੋਕਾਂ ਵੱਲੋਂ ਨਮਾਜ਼ ਅਦਾ ਕਰਕੇ ਬਕਰ-ਈਦ ਦਿਹਾੜੇ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਮੌਲਾਨਾ ਨਦੀਮ ਅਸ਼ਰਫ ਦੀ ਅਗਵਾਈ ਹੇਠ ਭਾਈਚਾਰੇ ਵੱਲੋਂ ਈਦ ਦੀ ਨਮਾਜ਼ ਅਦਾ ਕਰਨ ਉਪਰੰਤ ਸਮੁੱਚੇ ਮੁਸਲਮਾਨ ਭਾਈਚਾਰੇ ਨੇ ਮਿਲ ਕੇ ਸਰਬੱਤ ਦੇ ਭਲੇ, ਖ਼ੁਸ਼ਹਾਲੀ, ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਬਣੇ ਰਹਿਣ ਦੀ ਦੁਆ ਕੀਤੀ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਈਦ-ਉਲ-ਅਜਹਾ ਦੇ ਮੌਕੇ ‘ਤੇ ਸਥਾਨਕ ਜਲੰਧਰ ਰੋਡ ‘ਤੇ ਸਥਿਤ ਈਦਗਾਹ ਜਾਮਾ ਮਸਜਿਦ ਵਿਚ ਨਮਾਜ ਅਦਾ ਕੀਤੀ ਗਈ। ਇਸ ਮੌਕੇ ਬੋਲਦਿਆਂ ਇੰਤਜਾਮੀਆ ਜਾਮਾ ਮਸਜਿਦ ਈਦਗਾਹ ਕਮੇਟੀ ਦੇ ਪ੍ਰਧਾਨ ਖੁਰਸ਼ੀਦ ਅਹਿਮਦ ਨੇ ਸਾਰਿਆਂ ਨੂੰ ਈਦ-ਉਲ-ਜੂਹਾ ਦੀ ਮੁਬਾਰਕਬਦ ਦਿੱਤੀ ਅਤੇ ਕਿਹਾ ਕਿ ਇਹ ਤਿਉਹਾਰ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ। ਇੰਤਜਾਮੀਆ ਜਾਮਾ ਮਸਜਿਦ ਈਦਗਾਹ ਕਮੇਟੀ ਦੇ ਸਕੱਤਰ ਡਾ. ਮੁਹੰਮਦ ਜਮੀਲ ਬਾਲੀ ਨੇ ਈਦ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਰੇ ਧਾਰਮਿਕ ਤਿਉਹਾਰ ਆਪਸ ਵਿੱਚ ਪਿਆਰ ਅਤੇ ਸ਼ਾਂਤੀ ਨਾਲ ਰਹਿਣਾ ਸਿਖਾਉਂਦੇ ਹਨ। ਉਨਾਂ ਕਿਹਾ ਕਿ ਹਿੰਸਾ ਤੋਂ ਦੂਰ ਰਹਿ ਕੇ ਸਮਾਜ ਅਤੇ ਦੇਸ਼ ਭਲਾਈ ਦੇ ਕੰਮਾਂ ਵਿਚ ਆਪਣੀ ਊਰਜਾ ਨੂੰ ਲਗਾਉਣਾ ਚਾਹੀਦਾ ਹੈ। ਇਸ ਵਿੱਚ ਹੀ ਸਾਰੀ ਮਾਨਵ ਜਾਤੀ ਦੀ ਭਲਾਈ ਹੈ। ਇਸ ਮੌਕੇ ਹਾਜੀ ਗੁਲਾਮ ਹੁਸੈਨ, ਸਾਬਿਰ ਆਲਮ, ਡਾ. ਮੁਹੰਮਦ ਆਸਿਫ, ਮੁਹੰਮਦ ਸਲੀਮ, ਮੁਹੰਮਦ ਅਸਲਮ, ਖਲੀਲ ਅਹਿਮਦ, ਅਯੂਬਖਾਨ, ਰਿਆਜ਼ ਅੰਸਾਰੀ, ਰੋਸ਼ਨ ਮੁਹੰਮਦ, ਮੁਹੰਮਦ ਵਕੀਲ, ਮੇਜਰ ਮੁਹੰਮਦ, ਪ੍ਰਿੰਸ ਖਾਨ, ਫਤਿਹ ਮੁਹੰਮਦ ਆਦਿ ਮੌਜੂਦ ਸਨ।
ਪਠਾਨਕੋਟ (ਪੱਤਰ ਪ੍ਰੇਰਕ): ਦੇਸ਼ ਵਿੱਚ ਅਮਨ ਸ਼ਾਂਤੀ ਦੀ ਦੁਆ ਨੂੰ ਲੈ ਕੇ ਹੀਰਾ ਮਸਜਿਦ ਦੇ ਬਾਹਰ ਇਮਾਮ ਮੁਹੰਮਦ ਫੁਰਕਾਨ ਦੀ ਅਗਵਾਈ ਵਿੱਚ ਈਦ ਉਲ ਅਜਹਾ ਦੀ ਨਮਾਜ ਅਦਾ ਕੀਤੀ ਗਈ ਜਿਸ ਵਿੱਚ ਪਠਾਨਕੋਟ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚੋਂ ਕਾਫੀ ਤਾਦਾਦ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਮੁਸਲਿਮ ਭਾਈਚਾਰੇ ਨੂੰ ਈਦ ਉਲ ਅਜਹਾ ਦੀ ਮੁਬਾਰਕਵਾਦ ਦਿੱਤੀ। ਉਨ੍ਹਾਂ ਸਾਰਿਆਂ ਨਾਲ ਮਿਲ ਕੇ ਦੇਸ਼ ਵਿੱਚ ਅਮਨ ਸ਼ਾਂਤੀ ਦੀ ਦੁਆ ਵੀ ਕੀਤੀ। ਹੀਰਾ ਮਸਜਿਦ ਦੇ ਇਮਾਮ ਮੁਹੰਮਦ ਫੁਰਕਾਨ ਨੇ ਭਾਈਚਾਰੇ ਦੀਆਂ ਮੁਸ਼ਕਲਾਂ ਬਾਰੇ ਮੰਤਰੀ ਨੂੰ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਉਨ੍ਹਾਂ ਨਮਾਜ ਅਦਾ ਕਰਨ ਲਈ ਜਗ੍ਹਾ ਦੀ ਬਹੁਤ ਦਿੱਕਤ ਹੈ। ਇਸ ਮੌਕੇ ਗੁੱਜਰ ਸੁਧਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨਦੀਨ ਤੇ ਸਕੱਤਰ ਅਬਦੁਲ ਕਵੀ, ਉਤਰੀ ਭਾਰਤ ਦੀ ਪ੍ਰਧਾਨ ਹਾਜੀ ਰਾਜੀ ਮਹੰਤ, ਜਾਫਰ ਅਲੀ, ਕੰਨੂ ਮਾਮੂਨ, ਸ਼ੇਰ ਅਲੀ, ਕਾਰੀ ਅਮਜ਼ਦ, ਅੰਨੂ ਕਟਾਰੂਚੱਕ, ਨਜ਼ੀਰ ਅਹਿਮਦ, ਡਾ. ਜੈਨ ਉਲ੍ਹਾ, ਕਰਾਮਤ ਅਲੀ ਵੀ ਹਾਜ਼ਰ ਸਨ।
ਫਗਵਾੜਾ (ਪੱਤਰ ਪ੍ਰੇਰਕ): ਈਦ ਉੱਲ ਅਜਹਾ ਦਾ ਤਿਉਹਾਰ ਵੱਖ-ਵੱਖ ਥਾਵਾਂ ‘ਤੇ ਮਨਾਇਆ ਗਿਆ ਜਿਸ ‘ਚ ਮੁਸਲਿਮ ਭਾਈਚਾਰੇ ਵੱਲੋਂ ਵੱਖ ਵੱਖ ਈਦਗਾਹਾਂ ਤੇ ਮਸਜਿਦਾਂ ‘ਚ ਜਾ ਕੇ ਈਦ ਦੀ ਨਮਾਜ਼ ਅਦਾ ਕੀਤੀ। ਪਲਾਹੀ ਦੀ ਮਦੀਨਾ ਮਸਜਿਦ ਵਿਖੇ ਈਦ ਉਲ ਜੁਹਾ ਦਾ ਤਿਉਹਾਰ ਮਨਾਇਆ ਗਿਆ। ਮੁਸਲਿਮ ਭਾਈਚਾਰੇ ਵਲੋਂ ਈਦ ਉੱਲ ਅਜਹਾ ਦੀ ਨਮਾਜ਼ ਮਦੀਨਾ ਮਸਜਿਦ ਪਲਾਹੀ ਵਿਖੇ ਮੋਲਾਨਾ ਨਸੀਮ ਅਹਿਮਦ ਕਾਸਮੀ ਨੇ ਅਦਾ ਕਰਵਾਈ। ਇਸ ਮੌਕੇ ਰਾਸਟਰੀਆ ਅਲਪ ਸੰਖਿਅਕ ਅਰੱਕਸ਼ਨ ਮੋਰਚਾ ਦੇ ਸੂਬਾ ਪ੍ਰਧਾਨ ਸਰਬਰ ਗੁਲਾਮ ਸੱਬਾ ਨੇ ਮੁਬਾਰਕਬਾਦ ਦਿੱਤੀ।
ਸਿੱਖ ਭਾਈਚਾਰੇ ਨੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਈਦ ਦੀ ਵਧਾਈ
ਅੰਮਿ੍ਤਸਰ (ਟ੍ਰਿਬਿਉੂਨ ਨਿਉੂਜ਼ ਸਰਵਿਸ): ਇਸਲਾਮ ਧਰਮ ਦੇ ਤਿਉਹਾਰ ਈਦ-ਉਲ-ਅਜ਼ਹਾ (ਬਕਰੀਦ) ਮੌਕੇ ਅੱਜ ਸਿੱਖ ਭਾਈਚਾਰੇ ਦੇ ਲੋਕਾਂ ਵਲੋਂ ਮਸਜਿਦ ਵਿਚ ਜਾ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਮੁਬਾਰਕ ਦਿੱਤੀ ਗਈ। ਕੁਝ ਉਚ ਪੁਲੀਸ ਅਧਿਕਾਰੀਆਂ ਨੇ ਵੀ ਮਸਜਿਦ ਵਿਚ ਜਾ ਕੇ ਈਦ ਦੀ ਵਧਾਈ ਦਿਤੀ। ਕੌਮੀ ਘਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ. ਸਰਚਾਂਦ ਸਿੰਘ ਖਿਆਲਾ, ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਮੈਂਬਰ ਸੁਭਾਸ਼ ਥੋਬਾ, ਹਵਾਰਾ ਕਮੇਟੀ ਦੇ ਆਗੂ ਪ੍ਰੋ. ਬਲਜਿੰਦਰ ਸਿੰਘ, ਕਰਤਾਰਪੁਰ ਲਾਂਘਾ ਸੰਘਰਸ਼ ਕਮੇਟੀ ਦੇ ਆਗੂ ਸੁਰਿੰਦਰਪਾਲ ਸਿੰਘ ਤਾਲਬਪੁਰਾ ਨੇ ਮੁਸਲਿਮ ਭਾਈਚਾਰੇ ਨੂੰ ਬਕਰੀਦ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ। ਸਥਾਨਕ ਹਾਲ ਬਾਜ਼ਾਰ ਸਥਿਤ ਜਾਮਾ ਮਸਜਿਦ-ਏ- ਖੇਰੂਦੀਨ ਵਿਖੇ ਮੌਲਵੀ ਮੌਲਾਨਾ ਸ਼ਮਸਤਬਰੇਜ਼ ਨੇ ਆਏ ਹੋਏ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਨਮਾਜ਼ ਅਦਾ ਕਰਵਾਈ। ਦੂਜੇ ਧਰਮਾਂ ਦੇ ਆਗੂਆਂ ਅਤੇ ਮੁਸਲਿਮ ਭਰਾਵਾਂ ਨੇ ਇਕ ਦੂਜੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ।