For the best experience, open
https://m.punjabitribuneonline.com
on your mobile browser.
Advertisement

ਈਦ-ਉਲ-ਫ਼ਿਤਰ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ

09:06 AM Apr 12, 2024 IST
ਈਦ ਉਲ ਫ਼ਿਤਰ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ
ਪਠਾਨਕੋਟ ਵਿੱਚ ਮੁਸਲਿਮ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ।
Advertisement

ਮਕਬੂਲ ਅਹਿਮਦ
ਕਾਦੀਆਂ, 11 ਅਪਰੈਲ
ਈਦ ਉਲ ਫ਼ਿਤਰ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਮਸਜਿਦਾਂ ਅਤੇ ਖੁੱਲ੍ਹੇ ਮੈਦਾਨਾਂ ਵਿੱਚ ਨਮਾਜ਼ ਅਦਾ ਕੀਤੀ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਾਬਕਾ ਵਿਧਾਇਕ ਅਤੇ ਬੀਜੇਪੀ ਆਗੂ ਫ਼ਤਿਹਜੰਗ ਸਿੰਘ ਬਾਜਵਾ, ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਗੁਰ ਇਕਬਾਲ ਸਿੰਘ ਮਾਹਲ, ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਸਮੇਤ ਅਨੇਕ ਆਗੂਆਂ ਨੇ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ।
ਫਗਵਾੜਾ (ਪੱਤਰ ਪ੍ਰੇਰਕ): ਈਦ ਦਾ ਤਿਉਹਾਰ ਵੱਖ-ਵੱਖ ਥਾਵਾਂ ’ਤੇ ਮਨਾਇਆ ਗਿਆ। ਇਸ ਮੌਕੇ ਮੁਸਲਿਮ ਆਗੂ ਸਰਬਰ ਗੁਲਾਮ ਸੱਬਾ, ਕਾਯਰੀ ਮੁਹੰਮਦ ਗੈਯੂਰ ਪ੍ਰਧਾਨ ਜੈਮਤ ਉਲਮਾ-ਏ- ਹਿੰਦ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਵਿਧਾਇਕ ਬਲਵਿੰਦਰ ਧਾਲੀਵਾਲ, ‘ਆਪ’ ਆਗੂ ਜੋਗਿੰਦਰ ਸਿੰਘ ਮਾਨ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਈਦ ਦੀ ਵਧਾਈ ਦਿੱਤੀ।
ਜਲੰਧਰ (ਪੱਤਰ ਪ੍ਰੇਰਕ): ਪਿੰਡ ਉਦੇਸੀਆਂ ਵਿੱਚ ਸਥਿਤ ਦਰਬਾਰ ਸਾਂਈ ਜੁਮਲੇ ਸ਼ਾਹ ਵਿੱਚ ਈਦ ਉਲ ਫਿਤਰ ਦਾ ਤਿਉਹਾਰ ਸ਼ਰਧਾ ਨਾਲ ਗੱਦੀ ਨਸ਼ੀਨ ਬੀਬੀ ਸ਼ਰੀਫਾਂ ਜੀ ਦੀ ਅਗਵਾਈ ਹੇਠ ਸਮੂਹ ਸੰਗਤਾਂ ਅਤੇ ਇਲਾਕਾ ਵਾਸੀਆਂ ਵੱਲੋਂ ਮਨਾਇਆ ਗਿਆ। ਇਸ ਮੌਕੇ ਨਮਾਜ਼ ਅਦਾ ਕਰਨ ਤੋਂ ਬਾਅਦ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਦਰਬਾਰ ’ਤੇ ਚਾਦਰ ਚੜ੍ਹਾਉਣ ਦੀ ਰਸਮ ਬੀਬੀ ਸ਼ਰੀਫਾਂ ਜੀ ਅਤੇ ਹੋਰ ਮਹਾਪੁਰਸ਼ਾਂ ਵੱਲੋਂ ਅਦਾ ਕੀਤੀ ਗਈ।
ਅੰਮ੍ਰਿਤਸਰ (ਟ੍ਰਿਬਿਉੂਨ ਨਿਉੂਜ਼ ਸਰਵਿਸ): ਇੱਥੇ ਮੁਸਲਿਮ ਭਾਈਚਾਰੇ ਵਲੋਂ ਈਦ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਹਾਲ ਬਾਜ਼ਾਰ ਸਥਿਤ ਜਾਮਾ ਮਸਜਿਦ ਖੈਰੂਦੀਨ ਵਿੱਚ ਮੁਸਲਮਾਨ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਸਾਂਝੀ ਕੀਤੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਵੀ ਜਾਮਾ ਮਸਜਿਦ ਵਿੱਚ ਜਾ ਕੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖੁਸ਼ੀ ਸਾਂਝੀ ਕੀਤੀ। ਕਾਂਗਰਸ ਵੱਲੋਂ ਸੰਭਾਵਿਤ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਭਰਾ ਅਤੇ ਬੇਟੇ ਨੇ ਮਸਜਿਦ ਵਿੱਚ ਜਾ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ।

Advertisement

ਈਦ ਦਾ ਤਿਉਹਾਰ ਸ਼ਾਂਤੀ ਤੇ ਭਾਈਚਾਰੇ ਦਾ ਸੰਦੇਸ਼ ਦਿੰਦੈ: ਕਟਾਰੂਚੱਕ

ਪਠਾਨਕੋਟ (ਐੱਨ ਪੀ ਧਵਨ): ਇੱਥੇ ਡਲਹੌਜ਼ੀ ਰੋਡ ਸਥਿਤ ਹੀਰਾ ਮਸਜਿਦ ਵਿੱਚ ਈਦ-ਉਲ-ਫਿਤਰ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪਠਾਨਕੋਟ ਅਤੇ ਆਸ-ਪਾਸ ਦੇ ਇਲਾਕਿਆਂ ’ਚੋਂ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਹੀਰਾ ਮਸਜਿਦ ਵਿੱਚ ਇਕੱਤਰ ਹੋਏ ਜਿੱਥੇ ਇਮਾਮ ਮੁਹੰਮਦ ਫੁਰਕਾਨ ਨੇ ਨਮਾਜ਼ ਅਦਾ ਕਰਵਾਈ ਅਤੇ ਇੱਕ-ਦੂਸਰੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਨਮਾਜ਼ ਅਦਾ ਕਰਨ ਵਾਲਿਆਂ ਵਿੱਚ ਗੁੱਜਰ ਸੁਧਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨਦੀਨ, ਉਤਰੀ ਭਾਰਤ ਦੀ ਪ੍ਰਧਾਨ ਹਾਜੀ ਰਾਜੀ ਮਹੰਤ, ਹਾਜੀ ਪੀਰ ਬਖਸ਼ ਤੇ ਅਬਦੁਲ ਕਵੀ ਦੇ ਨਾਂ ਪ੍ਰਮੁੱਖ ਹਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਸ਼ਾਮਲ ਹੋਏ ਜਦਕਿ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਡਾ. ਕੇ ਡੀ ਸਿੰਘ, ਐਡਵੋਕੇਟ ਰਮੇਸ਼ ਚੌਧਰੀ ਤੇ ਰਮੇਸ਼ ਟੋਲਾ ਵੀ ਸ਼ਾਮਲ ਹੋਏ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਈਦ ਦਾ ਤਿਉਹਾਰ ਸਾਨੂੰ ਸਭਨਾਂ ਨੂੰ ਸ਼ਾਂਤੀ, ਭਾਈਚਾਰੇ ਅਤੇ ਮਾਨਵਤਾ ਦੇ ਪ੍ਰੇਮ ਦਾ ਸੰਦੇਸ਼ ਦਿੰਦਾ ਹੈ।

Advertisement
Author Image

Advertisement
Advertisement
×