For the best experience, open
https://m.punjabitribuneonline.com
on your mobile browser.
Advertisement

ਪਿੰਡਾਂ ਤੇ ਸ਼ਹਿਰਾਂ ਵਿੱਚ ਸ਼ਰਧਾ ਨਾਲ ਮਨਾਇਆ ਈਦ-ਉਲ-ਫਿਤਰ ਦਾ ਤਿਉਹਾਰ

08:02 AM Apr 12, 2024 IST
ਪਿੰਡਾਂ ਤੇ ਸ਼ਹਿਰਾਂ ਵਿੱਚ ਸ਼ਰਧਾ ਨਾਲ ਮਨਾਇਆ ਈਦ ਉਲ ਫਿਤਰ ਦਾ ਤਿਉਹਾਰ
ਦੱਪਰ ਟੌਲ ਪਲਾਜ਼ਾ ’ਤੇ ਖੀਰ ਦਾ ਲੰਗਰ ਵਰਤਾਉਂਦੇ ਹੋਏ ਮੁਸਲਿਮ ਭਾਈਚਾਰੇ ਦੇ ਲੋਕ। -ਫੋਟੋ: ਭੱਟੀ
Advertisement

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 11 ਅਪਰੈਲ
ਚੰਡੀਗੜ੍ਹ ਵਿੱਚ ਵੀਰਵਾਰ ਨੂੰ ਬੜੀ ਸ਼ਰਧਾ, ਉਤਸ਼ਾਹ ਅਤੇ ਆਪਸੀ ਭਾਈਚਾਰੇ ਨਾਲ ਈਦ ਮਨਾਈ ਗਈ। ਸ਼ਹਿਰ ਦੀਆਂ ਸਾਰੀਆਂ ਮਸਜਿਦਾਂ ਵਿੱਚ ‘ਈਦ-ਉਲ-ਫਿਤਰ’ ਦੀ ਨਮਾਜ਼ ਅਦਾ ਕੀਤੀ ਗਈ। ਲੋਕਾਂ ਨੇ ਇੱਕ-ਦੂਜੇ ਨੂੰ ਗਲੇ ਲਗਾ ਕੇ ਈਦ ਮੁਬਾਰਕ ਕਿਹਾ। ਇਸ ਦੌਰਾਨ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।
ਨਮਾਜ਼ ਤੋਂ ਪਹਿਲਾਂ ਰਮਜ਼ਾਨ ਦੇ ਮਕਸਦ ਅਤੇ ਏਕ ਉਲਫ਼ਤ ਦੀ ਮਹੱਤਤਾ ਬਾਰੇ ਦੱਸਿਆ ਗਿਆ। ਨਮਾਜ਼ ਤੋਂ ਬਾਅਦ ਦੇਸ਼ ਦੀ ਸੁਰੱਖਿਆ, ਮਨੁੱਖਤਾ ਦੀ ਭਲਾਈ ਅਤੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ ਗਈ। ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਵੀ ਈਦ ਦੀ ਵਧਾਈ ਦਿੱਤੀ। ਨੂਰਾਨੀ ਮਸਜਿਦ ਸੈਕਟਰ 26 ਦੇ ਇਮਾਮ ਅਤੇ ਖਤੀਬ ਮੁਫਤੀ ਮੁਹੰਮਦ ਅਨਸ ਕਾਸਮੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਹਿਮਤ, ਬਖਸ਼ਿਸ਼ ਅਤੇ ਮਾਫੀ ਦਾ ਮਹੀਨਾ ਯਾਨੀ ਰਮਜ਼ਾਨ ਖਤਮ ਹੋ ਗਿਆ ਹੈ। ਮੁਹੰਮਦੀ ਮਸਜਿਦ ਦੇ ਇਮਾਮ ਮੌਲਾਨਾ ਅਰਸ਼ਦ ਕਾਸਮੀ ਨੇ ਕਿਹਾ ਕਿ ਰਮਜ਼ਾਨ ਇੱਕ ਤਰ੍ਹਾਂ ਦੀ ਸਿਖਲਾਈ ਹੈ। ਆਪਣੀ ਕਮਜ਼ੋਰੀ ਨੂੰ ਦੂਰ ਕਰਨ ਲਈ, ਜਿਸ ਦੇ ਪੂਰਾ ਹੋਣ ’ਤੇ ਈਦ ਵਰਗਾ ਤਿਉਹਾਰ ਸਾਡਾ ਸਵਾਗਤ ਕਰ ਰਿਹਾ ਹੈ। ਸੈਕਟਰ 20 ਦੀ ਜਾਮਾ ਮਸਜਿਦ ਦੇ ਇਮਾਮ ਮੌਲਾਨਾ ਮੁਹੰਮਦ ਅਜਮਲ ਖਾਨ ਨੇ ਕਿਹਾ ਕਿ ਇਸਲਾਮ ਵਿਚ ਖੁਸ਼ੀਆਂ ਮਨਾਉਣ ਲਈ ਰੱਖੇ ਗਏ ਦੋ ਮਹੱਤਵਪੂਰਨ ਤਿਉਹਾਰ ਈਦ ਉਲ ਫਿਤਰ ਅਤੇ ਦੂਜਾ ਈਦ ਉਲ ਅਜ਼ਹਾ ਹੈ। ਈਦਗਾਹ ਮਨੀਮਾਜਰਾ ਦੇ ਹਾਫਿਜ਼ ਮਤਲੂਬ ਨੇ ਨਮਾਜ਼ ਦੀ ਅਗਵਾਈ ਕੀਤੀ। ਮਦਰੱਸਾ ਇਜਾਹੁਲ ਉਲੂਮ ਮਨੀਮਾਜਰਾ ਦੇ ਨਾਜ਼ਿਮ ਅਤੇ ਸੀਨੀਅਰ ਇਸਲਾਮਿਕ ਵਿਦਵਾਨ ਮੌਲਾਨਾ ਮੁਹੰਮਦ ਸ਼ਕੀਲ ਕਾਸਮੀ ਅਤੇ ਮੌਲਾਨਾ ਇਮਰਾਨ ਮੁਜਦਾਦੀ ਨੇ ਈਦ ਦੀ ਵਧਾਈ ਦਿੱਤੀ।
ਐੱਸਏਐੱਸ ਨਗਰ (ਪੱਤਰ ਪ੍ਰੇਰਕ): ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅਤੇ ਆਸ-ਪਾਸ ਪਿੰਡਾਂ ਵਿੱਚ ਈਦ ਉਲ ਫਿਤਰ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਮਸਜਿਦਾਂ ਵਿੱਚ ਇਕੱਠੇ ਹੋ ਕੇ ਈਦ ਦੀ ਨਮਾਜ਼ ਅਦਾ ਕੀਤੀ। ਮੁਸਲਿਮ ਭਾਈਚਾਰੇ ਦੇ ਆਗੂ ਅਤੇ ਸਰਵਰ ਮੁਸਲਿਮ ਵੈੱਲਫੇਅਰ ਸੁਸਾਇਟੀ ਮਟੌਰ ਦੇ ਸਾਬਕਾ ਪ੍ਰਧਾਨ ਸੌਦਾਗਰ ਖਾਨ ਨੇ ਦੱਸਿਆ ਕਿ ਮੁਸਲਿਮ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਈਦ ਦੀ ਨਮਾਜ਼ ਅਦਾ ਕਰਨ ਉਪਰੰਤ ਇੱਕ ਦੂਜੇ ਦੇ ਗਲੇ ਮਿਲ ਕੇ ਵਧਾਈਆਂ ਦਿੱਤੀਆਂ। ਇੰਜ ਹੀ ਨੇੜਲੇ ਕਸਬਾ ਬਲੌਂਗੀ, ਸ਼ਾਹੀਮਾਜਰਾ, ਮਟੌਰ, ਸੋਹਾਣਾ, ਕੁੰਭੜਾ, ਫੇਜ਼-11, ਕੰਬਾਲਾ, ਕੰਬਾਲੀ, ਰਾਏਪੁਰ ਕਲਾਂ, ਸਨੇਟਾ ਵਿਖੇ ਮੁਸਲਿਮ ਭਾਈਚਾਰੇ ਨੇ ਈਦ ਦਾ ਤਿਉਹਾਰ ਮਨਾਇਆ। ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਈਦ ਉਲ ਫਿਤਰ ਦੇ ਮੌਕੇ ’ਤੇ ਵੱਖ-ਵੱਖ ਮਸਜਿਦਾਂ ਬਲੌਂਗੀ, ਮਟੌਰ ਅਤੇ ਸ਼ਾਹੀਮਾਜਰਾ ਵਿਖੇ ਹਾਜ਼ਰੀ ਭਰੀ।
ਬਨੂੜ (ਪੱਤਰ ਪ੍ਰੇਰਕ): ਬਨੂੜ ਦੀ ਈਦਗਾਹ ਵਿਖੇ ਵੱਖ-ਵੱਖ ਪਿੰਡਾਂ ਤੋਂ ਆਏ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕੀਤੀ। ਦੂਜੇ ਭਾਈਚਾਰਿਆਂ ਦੇ ਵਸਨੀਕਾਂ ਨੇ ਵੀ ਮੁਸਲਿਮ ਭਰਾਵਾਂ ਨੂੰ ਈਦ ਦੀਆਂ ਮੁਬਾਰਿਕਾਂ ਦਿੱਤੀਆਂ ਗਈਆਂ। ਪਿੰਡ ਮੱਛਲੀ ਕਲਾਂ ਵਿਖੇ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਈਦ ਸਬੰਧੀ ਹੋਏ ਸਮਾਰੋਹ ਵਿੱਚ ਸ਼ਿਰਕਤ ਕਰਦਿਆਂ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ। ਪਿੰਡ ਕਰਾਲੀ ਵਿਖੇ ਮੁਸਲਮਾਨ ਭਾਈਚਾਰੇ ਨੇ ਇਕੱਠੇ ਹੋ ਕੇ ਨਮਾਜ਼ ਅਦਾ ਕੀਤੀ ਅਤੇ ਇੱਕ ਦੂਜੇ ਤੇ ਗਲੇ ਲੱਗ ਕੇ ਈਦ ਦੀਆ ਵਧਾਈਆਂ ਦਿੱਤੀਆਂ। ਇਸ ਮੌਕੇ ਸਰਪੰਚ ਗੁਰਦੀਪ ਸਿੰਘ ਕਰਾਲਾ, ਸਰਪੰਚ ਸ਼ੈਲੀ ਝਿਊਰਮਜਾਰਾ, ਗੁਰਦੀਪ ਸੈਣੀ ਕਰਾਲਾ ਅਤੇ ਹੋਰ ਵੱਖ ਵੱਖ ਭਾਈਚਾਰੇ ਦੇ ਲੋਕਾਂ ਨੇ ਪਹੁੰਚ ਕੇ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ। ਇਸ ਮੌਕੇ ਪਿੰਡ ਦੇ ਸਮੁੱਚੇ ਭਾਈਚਾਰੇ ਵੱਲੋਂ ਲੱਡੂ-ਜਲੇਬੀਆਂ ਦਾ ਲੰਗਰ ਵੀ ਲਗਾਇਆ ਗਿਆ।
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਅੱਜ ਪਿੰਡ ਮੁੱਲਾਂਪੁਰ ਗਰੀਬਦਾਸ, ਨਾਢਾ ਰੋਡ ਨਵਾਂ ਗਾਉਂ, ਸਿੱਸਵਾਂ, ਮਾਣਕਪੁਰ ਸ਼ਰੀਫ, ਤਾਰਾਪੁਰ, ਤੀੜਾ, ਚਾਹੜ ਮਾਜਰਾ, ਧਨੌੜਾਂ, ਸਿਆਲਬਾ ਮਾਜਰੀ, ਘੰਡੌਲੀ ਅਤੇ ਹੁਸ਼ਿਆਰਪੁਰਵਿੱਚ ਈਦ-ਉਲ-ਫਿਤਰ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਮੁਸਲਿਮ ਭਾਈਚਾਰੇ ਤੋਂ ਇਲਾਵਾ ਹਿੰਦੂ, ਸਿੱਖਾਂ ਨੇ ਵੀ ਈਦਗਾਹਾਂ ’ਚ ਪਹੁੰਚ ਕੇ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ। ਸਮਾਗਮਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸਤਵੀਰ ਸਿੰਘ ਸੱਤੀ ਮੁੱਲਾਂਪੁਰ ਗਰੀਬਦਾਸ, ਸਿਮਰਨਜੀਤ ਸਿੰਘ ਚੰਦੂਮਾਜਰਾ, ਜਨਰਲ ਸਕੱਤਰ ਰਵਿੰਦਰ ਸਿੰਘ ਖੇੜਾ, ਹਲਕਾ ਖਰੜ ਦੇ ਇੰਚਾਰਜ ਰਣਜੀਤ ਸਿੰਘ ਗਿੱਲ, ਦਾਸ ਐਸੋਸੀਏਟ ਮੁੱਲਾਂਪੁਰ ਗਰੀਬਦਾਸ ਵੱਲੋਂ ਸਮਾਜਸੇਵੀ ਰਵੀ ਸ਼ਰਮਾ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਸਪਾਲ ਸਿੰਘ ਪਾਲਾ ਮੁੱਲਾਂਪੁਰ ਗਰੀਬਦਾਸ, ਜ਼ਿਲ੍ਹਾ ਜਨਰਲ ਸਕੱਤਰ ਹਜ਼ੂਰਾ ਸਿੰਘ ਬਬਲਾ, ਨਵਾਂ ਗਾਉਂ ਭਾਜਪਾ ਮੰਡਲ ਪ੍ਰਧਾਨ ਜਗਿੰਦਰ ਪਾਲ ਗੁੱਜਰ ਕਾਨੇ ਦਾ ਵਾੜਾ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ।
ਲਾਲੜੂ (ਪੱਤਰ ਪ੍ਰੇਰਕ): ਇਲਾਕੇ ਵਿੱਚ ਅੱਜ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਮੁਸਲਿਮ ਭਾਈਚਾਰੇ ਨੇ ਵੱਖ-ਵੱਖ ਮਸਜਿਦਾਂ ਵਿੱਚ ਈਦ ਉਲ-ਫ਼ਿਤਰ ਦੀ ਨਮਾਜ਼ ਅਦਾ ਕੀਤੀ। ਪਿੰਡ ਦੱਪਰ ਦੇ ਮੁਸਲਿਮ ਭਾਈਚਾਰੇ ਨੇ ਟੌਲ ਪਲਾਜ਼ਾ ’ਤੇ ਖੀਰ ਦਾ ਲੰਗਰ ਵੀ ਲਗਾਇਆ ਗਿਆ।

Advertisement

ਰੂਪਨਗਰ ਵਿੱਚ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਪ੍ਰੇਮ ਸਿੰਘ ਚੰਦੂਮਾਜਰਾ। -ਫੋਟੋ: ਜਗਮੋਹਨ ਸਿੰਘ

ਅਮਲੋਹ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਮਦੀਨਾ ਮਸਜਿਦ ਪਿੰਡ ਨਰੈਣਗੜ ਵਿੱਚ ਈਦ-ਉਲ-ਫਿਤਰ ’ਤੇ ਮੁਸਲਿਮ ਭਾਈਚਾਰੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਸ਼ਮਸ਼ਾਦ ਅਲੀ ਨਰੈਣਗੜ੍ਹ ਦੀ ਅਗਵਾਈ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਰਾਜੂ ਖੰਨਾ ਦਾ ਸਨਮਾਨ ਵੀ ਕੀਤਾ ਗਿਆ।
ਖਰੜ (ਪੱਤਰ ਪ੍ਰੇਰਕ): ਮੁਸਲਿਮ ਵੈੱਲਫੇਅਰ ਕਮੇਟੀ ਪਿੰਡ ਝੰਜੇੜੀ ਵੱਲੋਂ ਈਦ-ਉਲ-ਫਿਤਰ ਸਬੰਧੀ ਸਮਾਗਮ ਕਰਵਾਇਆ ਗਿਆ। ਕਮੇਟੀ ਦੇ ਪ੍ਰਧਾਨ ਮੰਗਤ ਖਾਨ ਝੰਜੇੜੀ ਨੇ ਦੱਸਿਆ ਕਿ 500 ਦੇ ਕਰੀਬ ਵਿਅਕਤੀਆਂ ਨੇ ਈਦ ਦੀ ਨਮਾਜ਼ ਅਦਾ ਕੀਤੀ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਵਿਜੈ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਕਾਂਗਰਸ ਪਾਰਟੀ ਅਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਪਹੁੰਚੇ। ਸਮਾਗਮ ਦੌਰਾਨ ਪੰਜਵੀਂ ਕਲਾਸ ਤੋਂ ਲੈ ਕੇ ਡਿਗਰੀ ਤੱਕ ਦੀ ਪੜ੍ਹਾਈ ਵਿੱਚ 70 ਫ਼ੀਸਦੀ ਨੰਬਰ ਲੈਣ ਵਾਲੇ ਵਿਦਿਆਰਥੀਆ ਨੂੰ ਸਨਮਾਨਿਆ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸਾਬਕਾ ਮੰਤਰੀ ਡਾ. ਹਰਬੰਸ ਲਾਲ ਅਤੇ ਭਾਜਪਾ ਐੱਸਸੀ ਮੋਰਚਾ ਪੰਜਾਬ ਦੇ ਬੁਲਾਰੇ ਕੁਲਦੀਪ ਸਿੰਘ ਸਿੱਧੂਪੁਰ ਵੱਲੋਂ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀ ਵਧਾਈ ਦਿੱਤੀ। ਉਨ੍ਹਾਂ ਰੋਜ਼ਾ ਸ਼ਰੀਫ ਦੇ ਖਲੀਫਾ ਦਾ ਮਿੱਠਾ ਮੂੰਹ ਕਰਾ ਕੇ ਈਦ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਪਿੰਡ ਬਹੇੜ, ਨੰਦਪੁਰ ਕਲੋੜ, ਰੁਪਾਲ ਹੇੜੀ ਵਿਚ ਉਨ੍ਹਾਂ ਭਾਈਚਾਰੇ ਨੂੰ ਜਾ ਕੇ ਵਧਾਈ ਦਿੱਤੀ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਸ਼ਹਿਰ ਦੀਆਂ ਪ੍ਰਮੁੱਖ ਮਸਜਿਦਾਂ ਜਾਮਾ ਮਸਜਿਦ, ਮੱਕਾ ਮਸਜਿਦ, ਮਸਜਿਦ ਮਦੀਨਾ, ਮਸਜਿਦ ਗਨੀ, ਮਸਜਿਦ ਲੱਖੀ ਸ਼ਾਹ ਅਤੇ ਮਸਜਿਦ ਈਦਗਾਹ ਵਿਚ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਗਿਆ। ਰਜ਼ਾ-ਏ-ਮੁਸਤਫ਼ਾ ਵੈਲਫੇਅਰ ਸੁਸਾਇਟੀ ਵੱਲੋਂ ਸ਼ਹਿਰ ਦੀ ਬਾਦਸ਼ਾਹੀ ਮਸਜਿਦ ਵਿਚ ਈਦ ਮਨਾਈ ਗਈ।

Advertisement

ਈਦ ਦਾ ਤਿਉਹਾਰ ਭਾਈਚਾਰਕ ਸਾਂਝ ਤੇ ਸਦਭਾਵਨਾ ਦਾ ਪ੍ਰਤੀਕ: ਚੰਦੂਮਾਜਰਾ

ਰੂਪਨਗਰ (ਪੱਤਰ ਪ੍ਰੇਰਕ): ਇੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਈਦ ਦੇ ਤਿਉਹਾਰ ’ਤੇ ਸਥਾਨਕ ਮਸਜਿਦ ਵਿੱਚ ਇਕੱਠੇ ਹੋਏ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਗਲੇ ਲੱਗ ਈਦ-ਉਲ-ਫ਼ਿਤਰ ਦੀਆਂ ਮੁਬਾਰਕਾਂ ਦਿੱਤੀਆਂ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਈਦ ਦਾ ਤਿਉਹਾਰ ਭਾਈਚਾਰਕ ਸਾਂਝ ਅਤੇ ਸਦਭਾਵਨਾ ਦਾ ਪ੍ਰਤੀਕ ਹੈ। ਇਸ ਮੌਕੇ ਇੰਤਜਾਮੀਆ ਕਮੇਟੀ ਦੇ ਚੇਅਰਮੈਨ ਕਰਮਦੀਨ, ਪ੍ਰਧਾਨ ਹਰਸ਼ਾਦ ਅਲੀ, ਮੀਤ ਪ੍ਰਧਾਨ ਅਵੀਫ ਖਾਨ, ਜਰਨੈਲ ਸਿੰਘ ਔਲਖ, ਬਚਿੱਤਰ ਸਿੰਘ, ਗੁਰਪ੍ਰੀਤ ਗੁੱਜਰ ਅਤੇ ਮਨਿੰਦਰਪਾਲ ਸਿੰਘ ਸਾਹਨੀ ਹਾਜ਼ਰ ਸਨ।

Advertisement
Author Image

Advertisement