ਦਸਹਿਰੇ ਦਾ ਤਿਉਹਾਰ ਵੱਖ ਵੱਖ ਥਾਈਂ ਧੂਮਧਾਮ ਨਾਲ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਖੰਨਾ/ਦੋਰਾਹਾ, 12 ਅਕਤੂਬਰ
ਇਥੋਂ ਦੇ ਮਿਲਟਰੀ ਗਰਾਊਂਡ ਵਿੱਚ ਅੱਜ ਬੁਰਾਈ ’ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਵਿਜੈ ਦਸਮੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹੋਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸਭ ਨੂੰ ਦਸਹਿਰੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਆਪਸੀ ਭਾਈਚਾਰਕ ਸਾਂਝ ਨਾਲ ਹਰ ਤਿਉਹਾਰ ਮਨਾਉਣਾ ਚਾਹੀਦਾ ਹੈੈ। ਇਸੇ ਤਰ੍ਹਾਂ ਇਥੋਂ ਦੇ ਲਲਹੇੜੀ ਰੋਡ ਸ਼ਹਿਰ ਵਿੱਚ ਦੂਜਾ ਦੁਸਹਿਰਾ ਸਮਾਗਮ ਕਰਵਾਇਆ ਗਿਆ, ਜਿੱਥੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖੰਨਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਦੀ ਤੇ ਹਮੇਸ਼ਾ ਨੇਕੀ ਦੀ ਜਿੱਤ ਹੁੰਦੀ ਹੈ ਇਸ ਲਈ ਸਭ ਨੂੰ ਨੇਕੀ ਦੇ ਰਾਹ ’ਤੇ ਚੱਲਦੇ ਹੋਏ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਸਮਾਗਮ ਦੌਰਾਨ ਗਾਇਕ ਗੁਲਾਬ ਸਿੱਧੂ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹਿਆ। ਇਸ ਤੋਂ ਇਲਾਵਾ ਦੋਰਾਹਾ ਵਿੱਚ ਵੀ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਪੱਪੂ ਤੇ ਬੌਬੀ ਕਪਿਲਾ ਦੀ ਅਗਵਾਈ ਹੇਠ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਥੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਮੰਤਰੀ ਹਰਦੀਪ ਸਿੰਘ ਮੁੰਡੀਆ, ਹਲਕਾ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਤੇ ਵਿਧਾਇਕ ਪੱਪੀ ਪਰਾਸਰ ਨੇ ਲੋਕਾਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ।
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰੇ ਦਾ ਤਿਉਹਾਰ ਅੱਜ ਜਗਰਾਉਂ ਤੋਂ ਇਲਾਵਾ ਮੁੱਲਾਂਪੁਰ, ਰਾਏਕੋਟ ਤੇ ਗੁਰੂਸਰ ਸੁਧਾਰ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਜਗਰਾਉਂ ’ਚ ਦੋ ਥਾਵਾਂ ’ਤੇ ਦੁਸਹਿਰਾ ਮਨਾਇਆ ਗਿਆ ਤੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਫੂਕੇ ਗਏ। ਕਾਲਜ ਰੋਡ ਤੋਂ ਸ਼ੁਰੂ ਹੋਈਆਂ ਝਾਕੀਆਂ ਵੱਖ-ਵੱਖ ਬਾਜ਼ਰਾਂ ’ਚ ਹੁੰਦੀਆਂ ਹੋਈਆਂ ਪੁਰਾਣੀ ਦਾਣਾ ਮੰਡੀ ’ਚ ਪੁੱਜੀਆਂ ਜਿੱਥੇ ਦੁਸਹਿਰਾ ਮਨਾਇਆ ਜਾ ਰਿਹਾ ਸੀ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਇਸ ਸਮੇਂ ਹੋਰਨਾਂ ਆਗੂਆਂ ਨਾਲ ਪਹੁੰਚੇ ਹੋਏ ਸਨ।
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਦਸਹਿਰੇ ਦਾ ਤਿਉਹਾਰ ਮਾਛੀਵਾੜਾ ਵਿੱਚ ਲੋਕਾਂ ਨੇ ਧੂਮਧਾਮ ਨਾਲ ਮਨਾਇਆ। ਸਰਵਹਿੱਤਕਾਰੀ ਸਭਾ ਰਾਮਲੀਲਾ ਕਮੇਟੀ ਨੇ ਸਥਾਨਕ ਦਸਹਿਰਾ ਮੈਦਾਨ ਵਿੱਚ ਮੇਲਾ ਲਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਪਹੁੰਚੇ ਲੋਕਾਂ ਨੇ ਭਗਵਾਨ ਰਾਮ, ਮਾਤਾ ਸੀਤਾ ਤੇ ਲਛਮਣ ਦੇ ਸਜਾਏ ਸਵਰੂਪਾਂ ਅੱਗੇ ਸੀਸ ਝੁਕਾਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਉਤਸਵ ਦੌਰਾਨ ਪੁੱਜੇ ਲੋਕਾਂ ਨੂੰ ਦਸਹਿਰੇ ਦੀ ਵਧਾਈ ਦਿੱਤੀ। ਵਿਧਾਇਕ ਦਿਆਲਪੁਰਾ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਸੂਦ ਤੇ ਚੇਅਰਮੈਨ ਮੋਹਿਤ ਕੁੰਦਰਾ ਨੇ ਰਾਮਲੀਲਾ ਦਾ ਮੰਚਨ ਕਰਨ ਵਾਲੇ ਕਲਾਕਾਰਾਂ ਦਾ ਸਨਮਾਨ ਕੀਤਾ।
ਪਾਇਲ ਸ਼ਹਿਰ ’ਚ ਹੋਈ ਰਾਵਣ ਪੂਜਾ
ਪਾਇਲ (ਪੱਤਰ ਪ੍ਰੇਰਕ): ਅੱਜ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਅੰਦਰ ਦਸਹਿਰੇ ਦੇ ਤਿਉਹਾਰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ, ਜਿੱਥੇ ਹਲਕੇ ਦੇ ਮਲੌਦ, ਬਾਬਰਪੁਰ, ਜਰਗ ਤੇ ਰੋਹਣੋ ਕਲਾਂ ਵਿੱਚ ਰਾਵਣ ਦੇ ਪੁਤਲੇ ਫੂਕਣ ਗਏ, ਉੱਥੇ ਸਥਾਨਕ ਸ਼ਹਿਰ ਅੰਦਰ ਰਾਵਣ ਦੀ ਪੂਜਾ ਵੀ ਕੀਤੀ ਗਈ। ਇਸ ਸਮੇਂ ਦੂਬੇ ਪਰਿਵਾਰ ਤੇ ਸ਼ਹਿਰ ਵਾਸੀਆਂ ਨੇ ਰਾਵਣ ਦੀ ਪੂਜਾ ਕਰਨ ਸਮੇਂ ਸ਼ਰਾਬ ਦੀ ਬੋਤਲ, ਬੱਕਰਾ ਤੇ ਹੋਰ ਪੂਜਣਯੋਗ ਸਮੱਗਰੀ ਹਾਜ਼ਰ ਕਰਕੇ ਭੋਗ ਲਵਾਇਆ ਅਤੇ ਸੁੱਖ ਸ਼ਾਤੀ ਦੀ ਕਾਮਨਾ ਕੀਤੀ ਗਈ। ਇੱਥੇ ਪੁਰਾਤਨ ਰਾਮ ਮੰਦਰ ਦੇ ਅੱਗੇ ਦਸਹਿਰਾ ਗਰਾਊਂਡ ਵਿੱਚ ਰਾਵਣ ਦਾ ਬਹੁਤ ਉੱਚਾ ਪੱਕਾ ਬੁੱਤ ਬਣਿਆ ਹੋਇਆ ਹੈ, ਜਿੱਥੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਅੱਜ ਦਸਹਿਰੇ ਵਿੱਚ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਪ੍ਰਧਾਨ ਏ ਪੀ ਜੱਲਾ, ਰਾਜਿੰਦਰ ਕੁਮਾਰ ਰਾਜੂ, ਭਾਜਪਾ ਦੇ ਸੂਬਾ ਆਗੂ ਬਿਕਰਮਜੀਤ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ ਨੇ ਵੀ ਹਾਜ਼ਰੀ ਭਰੀ।
ਮੈਕਸ ਸਕੂਲ ਵਿੱਚ ਦਸਹਿਰੇ ਮੌਕੇ ਸਮਾਗਮ
ਸਮਰਾਲਾ (ਪੱਤਰ ਪ੍ਰੇਰਕ): ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ ਵਿੱਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਤੇ ਸ਼ਖ਼ਸੀਅਤ ਨਿਖਾਰਨ ਦੇ ਉਦੇਸ਼ ਨਾਲ ‘ਬੁਰਾਈ ’ਤੇ ਨੇਕੀ ਦੀ ਜਿੱਤ’ ਵਿਸ਼ੇ ’ਤੇ ਨਰਸਰੀ ਤੋਂ ਬਾਰਵੀਂ ਤੱਕ ਵੱਖ-ਵੱਖ ਗਤੀਵਿਧੀਆਂ ਕਰਵਾਈਆਂ, ਜਿਸ ’ਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਨਰਸਰੀ ਤੋਂ ਯੂ. ਕੇ. ਜੀ ਜਮਾਤਾਂ ਤੱਕ ਦੇ ਵਿਦਿਆਰਥੀਆਂ ਨੇ ਦਸਹਿਰੇ ਨਾਲ ਜੁੜੇ ਵੰਨ ਸੁਵੰਨੇ ਕਾਰਡ ਬਣਾਏ। ਪਹਿਲੀ ਅਤੇ ਦੂਸਰੀ ਜਮਾਤ ਦੇ ਵਿਦਿਆਰਥੀਆਂ ਨੇ ਰਾਮ ਅਤੇ ਸੀਤਾ ਮਾਤਾ ਦੇ ਮਾਸਕ ਤਿਆਰ ਕੀਤੇ। ਤੀਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਕਹਾਣੀ ਸੁਣਾਉਣ ਤੇ ਕਵਿਤਾ ਉਚਾਰਨ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਛੇਵੀਂ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਰਾਮ ਚੰਦਰ ਦੇ ਮਾਸਕ ਬਣਾਏ। ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਸਭ ਨੂੰ ਦਸਹਿਰੇ ਦੀਆਂ ਵਧਾਈਆਂ ਦਿੱਤੀਆਂ।