ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 12 ਅਕਤੂਬਰ
ਜੋੜੀਆਂ ਭੱਠੀਆਂ ਰਾਇਲ ਯੂਥ ਕਲੱਬ ਅਤੇ ਸ੍ਰੀ ਰਾਮ-ਲੀਲਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਵਰੁਣ ਜਿੰਦਲ ਦੀ ਦੇਖ-ਰੇਖ ਹੇਠ ਜੋੜੀਆਂ ਭੱਠੀਆਂ ਚੌਕ ’ਚ ਦਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਵਿੱਚ ਗੁਰਿੰਦਰ ਸਿੰਘ ਢਿੱਲੋਂ ਰਿਟਾਇਰਡ ਏਡੀਜੀਪੀ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੇ ਨਾਲ ਅਜੀਤਪਾਲ ਸਿੰਘ ਕੋਹਲੀ, ਵਿਧਾਇਕ ਪਟਿਆਲਾ ਸ਼ਹਿਰੀ ਅਤੇ ਪ੍ਰਨੀਤ ਕੌਰ, ਹਾਜ਼ਰ ਸਨ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ)
ਹਲਕਾ ਸਨੌਰ ਦੇ ਪਿੰਡ ਹਸਨਪੁਰ ਕੰਬੋਆਂ ਵਿੱਚ ਦਸਹਿਰਾ ਮੇਲਾ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਹਜ਼ਾਰਾਂ ਦੀ ਗਿਣਤੀ ’ਚ ਪੁੱਜੀ ਸੰਗਤ ਲਈ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵੀ ਸ਼ਿਰਕਤ ਕੀਤੀ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਅੱਜ ਇੱਥੇ ਗੁਰੂ ਤੇਗ ਬਹਾਦਰ ਸਟੇਡੀਅਮ ਵਿੱਚ ਨੌਜਵਾਨ ਦਸਹਿਰਾ ਮੇਲਾ ਵੈੱਲਫੇਅਰ ਕਮੇਟੀ ਵੱਲੋਂ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਨਰਿੰਦਰ ਕੌਰ ਭਰਾਜ ਵਿਧਾਇਕ ਸੰਗਰੂਰ, ਵਿਸ਼ੇਸ਼ ਮਹਿਮਾਨ ਵਿਜੈਇੰਦਰ ਸਿੰਗਲਾ ਸਾਬਕਾ ਕੈਬਨਿਟ ਮੰਤਰੀ ਅਤੇ ਅਰਵਿੰਦ ਖੰਨਾ ਸਾਬਕਾ ਵਿਧਾਇਕ ਨੇ ਰਾਵਣ ਦੇ ਬੁੱਤ ਨੂੰ ਅੱਗ ਲਗਾਉਣ ਦੀ ਰਸਮ ਅਦਾ ਕੀਤੀ।
ਧੂਰੀ(ਪਵਨ ਕੁਮਾਰ ਵਰਮਾ): ਸ੍ਰੀ ਰਾਮ ਲੀਲਾ ਸਭਾ ਵੱਲੋਂ ਨਵੇਂ ਅਨਾਜ ਮੰਡੀ ਵਿੱਚ ਦਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਸ਼ਹਿਰ ਦੇ ਬਾਜ਼ਾਰਾਂ ਵਿੱਚ ਕੱਢੀ ਸ਼ੋਭਾ ਯਾਤਰਾ ਵਿੱਚ ਰਾਮ ਚੰਦਰ ਅਤੇ ਰਾਵਣ ਦੀਆਂ ਝਾਕੀਆਂ ਕੱਢੀਆਂ ਗਈਆਂ। ਇਸ ਮੌਕੇ ਸ਼ੁਭਮ ਕੁਮਾਰ ਸ਼ੁਭੀ ਜਨਰਲ ਸਕੱਤਰ ਪੰਜਾਬ, ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਕਾਂਗਰਸੀ ਆਗੂ ਲਖਬੀਰ ਸਿੰਘ ਲੱਖੀ ਬਮਾਲ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕੀਤੀ।
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਹਲਕਾ ਰਾਜਪੁਰਾ ਵਿਚ ਦਸਹਿਰੇ ਦਾ ਤਿਉਹਾਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਰਾਜਪੁਰਾ ਵਿਚ 6 ਥਾਵਾਂ ਉਪਰ ਰਾਵਣ , ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਫੂਕੇ ਗਏ। ਫੋਕਲ ਪੁਆਇੰਟ ਤੇ ਐਨਟੀਸੀ ਸਕੂਲ ਵਿੱਚ ਭਾਜਪਾ ਨੇਤਾ ਜਗਦੀਸ਼ ਕੁਮਾਰ ਜੱਗਾ, ਪੁਰਾਣਾ ਰਾਜਪੁਰਾ ਤੇ ਝੰਡਾ ਗਰਾਊਂਡ ਵਿਖੇ ਵਿਧਾਇਕਾ ਨੀਨਾ ਮਿੱਤਲ, ਮਿਰਚ ਮੰਡੀ ਵਿੱਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ।
ਸੰਦੌੜ (ਮੁਕੰਦ ਸਿੰਘ ਚੀਮਾ): ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰੇ ਦਾ ਪਵਿੱਤਰ ਤਿਉਹਾਰ ਕਸਬਾ ਸੰਦੌੜ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਹਾਜ਼ਰ ਹੋਏ।
ਸਮਾਣਾ (ਸੁਭਾਸ਼ ਚੰਦਰ): ਦਸਹਿਰੇ ਦਾ ਤਿਉਹਾਰ ਸਮਾਣਾ ਦੇ ਦੁਰਗਾ ਰਾਮਾ ਡਰਾਮਾਟਿਕ ਕਲੱਬ ਵਲੋਂ ਦਸਹਿਰਾ ਗਰਾਉਂਡ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵੱਜੋ ਹਲਕਾ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਉਦਯੋਗਪਤੀ ਰਮੇਸ਼ ਗਰਗ ਨੇ ਸ਼ਮੂਲੀਅਤ ਕੀਤੀ।
ਮੂਨਕ ’ਚ 30 ਫੁੱਟ ਉੱਚਾ ਰਾਵਣ ਫੂਕਿਆ
ਮੂਨਕ (ਕਰਮਵੀਰ ਸਿੰਘ ਸੈਣੀ): ਅੱਜ ਸ੍ਰੀ ਸਨਾਤਮ ਧਰਮ ਰਾਮਲੀਲਾ ਕਲੱਬ ਮੂਨਕ ਵੱਲੋਂ ਦਸਹਿਰੇ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਸ਼ਹੀਦ ਉਧਮ ਸਿੰਘ ਸਟੇਡੀਅਮ ਮੂਨਕ ਵਿੱਚ 30 ਫੁੱਟ ਉੱਚੇ ਦੱਸ ਸਿਰਾਂ ਵਾਲੇ ਰਾਵਣ, ਮੇਘ ਨਾਦ ਅਤੇ ਕੁੰਭਕਰਨ ਦੇ ਬੁੱਤਾਂ ਨੂੰ ਅਗਨ ਭੇਟ ਕਰਕੇ ਮਨਾਇਆ ਗਿਆ। ਸਭ ਤੋਂ ਪਹਿਲਾਂ ਸ੍ਰੀ ਰਾਮ ਚੰਦਰ ਜੀ, ਸੀਤਾ ਮਾਤਾ ਲਕਸ਼ਮਣ ਜੀ, ਅਤੇ ਹੋਰ ਅਨੁਯਾਈਆਂ ਦੇ ਰੂਪ ਬਣਾ ਕੇ, ਸਾਰੇ ਸ਼ਹਿਰ ਵਿੱਚ ਸ਼ੋਭਾ ਯਾਤਰਾ ਸਜਾਈ ਗਈ ਅੰਤ ਨੂੰ ਸ਼ੋਭਾ ਯਾਤਰਾ ਸੂਰਜ ਛਿਪਣ ਤੋਂ ਥੋੜਾ ਪਹਿਲਾਂ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਪਹੁੰਚੀ ਅਚੇ ਪੁਤਲਿਆਂ ਨੂੰ ਅਗਨ ਭੇਟ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਦੇ ਮਾਈਨਿੰਗ ਅਤੇ ਜਲ ਸਰੋਤ ਮੰਤਰੀ ਕੈਬਨਿਟ ਮੰਤਰੀ ਵਰਿੰਦਰ ਗੋਇਲ ਉਚੇਚੇ ਤੌਰ ’ਤੇ ਪਹੁੰਚੇ ਹੋਏ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਦਸਹਿਰਾ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ।