ਸਕੂਲਾਂ ਵਿੱਚ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
ਪੱਤਰ ਪ੍ਰੇਰਕ
ਦੋਰਾਹਾ, 30 ਅਕਤੂਬਰ
ਇੱਥੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦਾ ਆਰੰਭ ‘ਦੀਵਾਲੀ ਦੀ ਰਾਤ ਦੀਵੇ ਬਾਲੀਅਨ’ ਤੋਂ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਕੂਲ ਟਰੱਸਟ ਮੈਂਬਰ ਅਮਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੇ ਤਿਉਹਾਰ ਸਬੰਧੀ ਜਾਣਕਾਰੀ ਦਿੰਦਿਆਂ ਹਰ ਧਰਮ ਦੇ ਲੋਕਾਂ ਨੂੰ ਤਿਉਹਾਰ ਆਪਸੀ ਪਿਆਰ ਨਾਲ ਮਨਾਉਣ ਦਾ ਸੱਦਾ ਦਿੱਤਾ ਕਿਉਂਕਿ ਇਸ ਨਾਲ ਆਪਸੀ ਭਾਈਚਾਰਕ ਸਾਂਝ ਵਧਦੀ ਹੈ। ਇਸ ਮੌਕੇ ਵਿਦਿਆਰਥੀਆਂ ਨੇ ਦੀਵਾਲੀ ਦੇ ਤਿਉਹਾਰ ਸਬੰਧੀ ਲੇਖ, ਕਵਿਤਾਵਾਂ, ਲੋਕ ਗੀਤ ਅਤੇ ਨਾਚ ਪੇਸ਼ ਕਰ ਕੇ ਦਰਸ਼ਕਾਂ ਦਾ ਮਨ ਮੋਹਿਆ। ਬੱਚਿਆਂ ਨੇ ਆਪਣੇ ਲੇਖਾਂ ਅਤੇ ਕਵਿਤਾਵਾਂ ਰਾਹੀਂ ਦੀਵਾਲੀ ਦੇ ਤਿਉਹਾਰ ਦੀ ਇਤਿਹਾਸਕ ਮਹੱਤਤਾ ਦੱਸੀ। ਡਾਇਰੈਕਟਰ ਕਰਮਵੀਰ ਸਿੰਘ ਅਤੇ ਪ੍ਰਿੰਸੀਪਲ ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ ਧੂੰਆਂ ਰਹਿਤ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ।
ਮਾਛੀਵਾੜਾ (ਪੱਤਰ ਪ੍ਰੇਰਕ): ਦਿ ਸੁਪੀਰੀਅਰ ਵਰਲਡ ਸਕੂਲ ਵਿੱਚ ਦੀਵਾਲੀ ਕਾਰਨੀਵਲ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੇ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ ਪੂਰੇ ਸਕੂਲ ਕੈਂਪਸ ਨੂੰ ਫੁੱਲਾਂ ਤੇ ਲਾਈਟਾਂ ਨਾਲ ਸਜਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਵੇਰੇ 11 ਵਜੇ ਅਰਦਾਸ ਅਤੇ ਦੀਪ ਜਗਾ ਕੇ ਕੀਤੀ ਗਈ। ਸਭ ਤੋਂ ਪਹਿਲਾਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਅਤੇ ਫਿਰ ਦੀਵਾਲੀ ਕਾਰਨੀਵਲ ਪ੍ਰੋਗਰਾਮ ਦੇਖਣ ਆਏ ਮਹਿਮਾਨਾਂ ਅਤੇ ਮਾਪਿਆਂ ਦਾ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਸੁੰਦਰ ਨਾਟਕ ਪਵਿੱਤਰ ਗ੍ਰੰਥ ਰਮਾਇਣ ਦੇ ਆਧਾਰ ’ਤੇ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਛੋਟੇ-ਛੋਟੇ ਬੱਚਿਆਂ ਨੇ ਸੁੰਦਰ ਹਰਿਆਣਵੀ, ਰਾਜਸਥਾਨੀ ਤੇ ਸੈਮੀ-ਕਲਾਸੀਕਲ ਡਾਂਸ, ਗੱਤਕਾ, ਸਾਇੰਸ ਐਕਟ, ਪਾਣੀ ਬਚਾਓ ਤੇ ਮਾਈਮ, ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਗਿੱਧਾ, ਝੂਮਰ ਤੇ ਭੰਗੜਾ ਖੂਬਸੂਰਤੀ ਅਤੇ ਜੋਸ਼ ਨਾਲ ਕੀਤਾ ਗਿਆ ਜਿਸ ਨੇ ਮਾਪਿਆਂ ਅਤੇ ਆਏ ਹੋਏ ਮਹਿਮਾਨਾਂ ਦਾ ਮਨ ਮੋਹ ਲਿਆ। ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਦਰਸ਼ਨਾਂ ਦੇ ਨਾਲ-ਨਾਲ ਬੱਚਿਆਂ ਦੀਆਂ ਦਾਦੀਆਂ ਵੱਲੋਂ ਵੀ ਡਾਂਸ ਕੀਤਾ ਗਿਆ। ਸਕੂਲ ਮੈਨੇਜਿੰਗ ਡਾਇਰੈਕਟਰ ਜਤਿੰਦਰ ਸ਼ਰਮਾ ਸਟੇਜ ’ਤੇ ਹਾਜ਼ਰੀਨ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਪ੍ਰਿੰਸੀਪਲ ਰਸ਼ਮੀ ਸ਼ਰਮਾ ਨੇ ਦੀਵਾਲੀ ਤਿਉਹਾਰ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਮੰਚ ’ਤੇ ਪੇਸ਼ਕਾਰੀ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੋਨਾਕਸ਼ੀ ਸ਼ਰਮਾ, ਭਜਨ ਕੌਰ, ਜਗਦੀਪ ਕੌਰ ਤੇ ਪ੍ਰਭਦੀਪ ਕੌਰ ਵੀ ਮੌਜੂਦ ਸਨ।
ਪਟਾਕਿਆਂ ਦੀਆਂ ਦੁਕਾਨਾਂ ਨੇੜੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਦੀ ਮੰਗ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਮਿਊਨਿਸਟ ਪਾਰਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦਾਣਾ ਮੰਡੀ ਬਹਾਦੁਰ ਕੇ ਰੋਡ ਵਿੱਚ ਲੱਗੀਆਂ ਪਟਾਕਿਆਂ ਦੀਆਂ ਦੁਕਾਨਾਂ ਦੇ ਆਲੇ ਦੁਆਲੇ ਸੁਰੱਖਿਆ ਦੇ ਇੰਤਜ਼ਾਮ ਹੋਰ ਮਜ਼ਬੂਤ ਕੀਤੇ ਜਾਣ। ਅੱਜ ਇੱਥੇ ਪਾਰਟੀ ਆਗੂਆਂ ਕਾਮਰੇਡ ਡੀਪੀ ਮੌੜ ਅਤੇ ਡਾਕਟਰ ਅਰੁਣ ਮਿੱਤਰਾ ਨੇ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਈ-ਮੇਲ ਰਾਹੀਂ ਇੱਕ ਪੱਤਰ ਭੇਜਕੇ ਇਸ ਬਾਰੇ ਜਾਣਕਾਰੀ ਅਤੇ ਸੁਝਾਅ ਵੀ ਦਿੱਤੇ ਗਏ ਹਨ। ਆਗੂਆਂ ਨੇ ਦੱਸਿਆ ਕਿ ਪਟਾਕਾ ਮਾਰਕੀਟ ਵਿੱਚ ਪਾਣੀ ਦਾ ਇੰਤਜ਼ਾਮ ਬਹੁਤ ਘੱਟ ਹੈ। ਭਾਵੇਂ ਦੁਕਾਨਦਾਰਾਂ ਨੇ ਪਾਣੀ ਰੱਖਿਆ ਹੋਇਆ ਹੈ, ਪਰ ਉਹ ਕਾਫ਼ੀ ਨਹੀਂ ਹੈ ਅਤੇ ਉੱਥੇ ਪਾਣੀ ਦੀ ਸਪਲਾਈ ਖੁੱਲ੍ਹੀ ਮਾਤਰਾ ਵਿੱਚ ਹੋਵੇ ਤੇ ਵੱਧ ਤੋਂ ਵੱਧ ਪਾਣੀ ਦੇ ਟੈਂਕਰ ਉੱਥੇ ਲਗਾਤਾਰ ਖੜ੍ਹੇ ਰਹਿਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਕੁਝ ਅਸਲੀ ਅਲਾਟੀਆਂ ਨੇ ਦੁਕਾਨਾਂ ਨੂੰ ਕਥਿਤ ਤੌਰ ’ਤੇ ਸਬ-ਲੈੱਟ ਕਰ ਦਿੱਤਾ ਹੈ ਜਿਸ ਕਾਰਨ ਵੀਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਸ਼ਾਸਨ ਛੇਤੀ ਤੋਂ ਛੇਤੀ ਉਪਰੋਕਤ ਸੁਰੱਖਿਆ ਨਿਜ਼ਾਮ ਯਕੀਨੀ ਬਣਾਵੇਾਗਾ। ਇਸ ਮੌਕੇ ਚਮਕੌਰ ਸਿੰਘ, ਐੱਮ ਐੱਸ ਭਾਟੀਆ, ਰਮੇਸ਼ ਰਤਨ, ਵਿਜੇ ਕੁਮਾਰ, ਕੇਵਲ ਸਿੰਘ ਬਨਵੈਤ ਅਤੇ ਨਰੇਸ਼ ਗੌੜ ਵੀ ਹਾਜ਼ਰ ਹਨ।