ਉਤਸ਼ਾਹ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ ਤੇ ਬੰਦੀ ਛੋੜ ਦਿਵਸ
ਮੁਕੇਸ਼ ਕੁਮਾਰ
ਚੰਡੀਗੜ੍ਹ, 1 ਨਵੰਬਰ
ਚੰਡੀਗੜ੍ਹ ਵਿੱਚ ਸਮੂਹ ਨਾਨਕ ਨਾਮ ਲੇਵਾ ਸੰਗਤ ਨੇ ਅੱਜ ਬੰਦੀ ਛੋੜ ਦਿਵਸ ਬੜੀ ਸ਼ਰਧਾ ਨਾਲ ਮਨਾਇਆ। ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਦੀਵਾਨ ਸਜਾਏ ਗਏ। ਇਸ ਦੌਰਾਨ ਵੱਡੀ ਗਿਣਤੀ ਸੰਗਤ ਗੁਰੂਘਰਾਂ ਵਿੱਚ ਨਮਸਤਕ ਹੋਈ। ਗੁਰਦੁਆਰਾ ਕਲਗੀਧਰ ਖੇੜੀ ਸੈਕਟਰ-20 ਸੀ ਵਿੱਚ ਸਵੇਰ ਤੋਂ ਹੀ ਸੰਗਤ ਪੁੱਜਣੀ ਸ਼ੁਰੂ ਹੋ ਗਈ ਸੀ। ਗੁਰਦੁਆਰਾ ਸਾਹਿਬ ਵਿੱਚ ਵਿਸ਼ੇਸ਼ ਦੀਵਾਨ ਸਜਾਏ ਗਏ ਜਿਨ੍ਹਾਂ ਵਿੱਚ ਗੁਰਬਾਣੀ ਕੀਰਤਨ ਅਤੇ ਸਿੱਖ ਇਤਿਹਾਸ ਸਬੰਧੀ ਕਥਾ ਵਿਚਾਰਾਂ ਕੀਤੀਆਂ ਗਈਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸੈਕਟਰੀ ਹੁਕਮ ਸਿੰਘ, ਮੋਹਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਮੀਤ ਸਿੰਘ, ਮਨਪ੍ਰੀਤ ਸਿੰਘ ਵੀ ਮੌਜੂਦ ਰਹੇ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਗੁਰ ਇੰਦਰ ਬੀਰ ਸਿੰਘ ਨੇ ਦੱਸਿਆ ਕਿ ਸੰਗਤ ਨੇ ਸ਼ਰਧਾ ਅਤੇ ਸਤਿਕਾਰ ਨਾਲ ਬੰਦੀ ਛੋੜ ਦਿਵਸ ਮਨਾਇਆ ਹੈ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਉਪਕਾਰਾਂ ਨੂੰ ਯਾਦ ਕਰ ਕੀਤਾ। ਉਨ੍ਹਾਂ ਸਮੂਹ ਸੰਗਤ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਬੰਦੀ ਛੋੜ ਦਿਵਸ ਇਸ ਵਾਰ 1 ਨਵੰਬਰ ਨੂੰ ਆ ਗਿਆ ਹੈ ਤੇ ਇਸ ਦਿਨ 1984 ਨੂੰ ਸਿੱਖ ਨਸਲਕੁਸ਼ੀ ਕੀਤੀ ਗਈ ਸੀ ਇਸ ਕਾਰਨ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਸਾਧਾਰਨ ਤਰੀਕੇ ਨਾਲ ਬੰਦੀ ਛੋੜ ਦਿਵਸ ਮਨਾਉਣ ਦੇ ਹੁਕਮ ਜਾਰੀ ਕੀਤੇ ਹਨ। ਸਿੱਖ ਸੰਗਤਾਂ ਨੂੰ ਕੇਵਲ ਦੀਪਮਾਲਾ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੀ ਅਪੀਲ ਕੀਤੀ ਹੈ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਦੀਵਾਲੀ ਦਾ ਤਿਉਹਾਰ ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡਾਂ ਵਿੱਚ ਧੂਮਧਾਮ ਨਾਲ 31 ਅਕਤੂਬਰ ਅਤੇ 1 ਨਵੰਬਰ ਨੂੰ ਦੋ ਦਿਨ ਮਨਾਇਆ ਗਿਆ। ਇਸ ਸਬੰਧੀ ਕੁਝ ਪਿੰਡਾਂ ਦੇ ਗੁਰਦੁਆਰਿਆਂ ਤੋਂ ਹੋਈ 31 ਅਕਤੂਬਰ ਦੀ ਥਾਂ ਪਹਿਲੀ ਨਵੰਬਰ ਦੀ ਅਨਾਊਂਸਮੈਂਟ ਮਗਰੋਂ ਲੋਕ ਦੁਚਿੱਤੀ ਵਿੱਚ ਪਏ ਰਹੇ। ਕਈ ਪਿੰਡਾਂ ਵਿੱਚ 31 ਅਕਤੂਬਰ ਨੂੰ ਅਤੇ ਕਈਆਂ ਵਿੱਚ ਪਹਿਲੀ ਨਵੰਬਰ ਨੂੰ ਦੀਵਾਲੀ ਮਨਾਈ ਗਈ। ਮੁੱਲਾਂਪੁਰ ਗਰੀਬਦਾਸ, ਨਵਾਂ ਗਰਾਉਂ, ਕਾਂਸਲ, ਮਾਜਰਾ, ਪੜੌਲ, ਭੜੌਂਜੀਆਂ ਤੇ ਈਕੋਸਿਟੀ ਓਮਕੈਸ ਦੇ ਬਾਜ਼ਾਰਾਂ ਵਿੱਚ ਦੀਵਾਲੀ ਸਬੰਧੀ ਲੋੜੀਂਦਾ ਸਾਮਾਨ ਖ਼ਰੀਦਣ ਲਈ ਲੋਕਾਂ ਦੀ ਦੋ ਦਿਨ ਹੀ ਭੀੜ ਲੱਗੀ ਰਹੀ।
ਚਮਕੌਰ ਸਾਹਿਬ (ਸੰਜੀਵ ਬੱਬੀ): ਚਮਕੌਰ ਸਾਹਿਬ ਅਤੇ ਨਜ਼ਦੀਕੀ ਕਸਬੇ ਬੇਲਾ ਤੇ ਬਹਿਰਾਮਪੁਰ ਬੇਟ ਸਣੇ ਇਲਾਕੇ ਦੇ ਪਿੰਡਾਂ ਵਿੱਚ ਦੀਵਾਲੀ ਦਾ ਤਿਉਹਾਰ ਲੋਕਾਂ ਵੱਲੋਂ ਸ਼ਰਧਾ ਨਾਲ ਮਨਾਇਆ ਗਿਆ। ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਇੱਥੋਂ ਦੇ ਗੁਰੂ ਘਰਾਂ ਵਿੱਚ ਦੀਪਮਾਲਾ ਕੀਤੀ ਗਈ ਅਤੇ ਭਾਰੀ ਗਿਣਤੀ ਵਿੱਚ ਸੰਗਤ ਗੁਰਧਾਮਾਂ ਵਿਖੇ ਨਤਮਸਤਕ ਹੋਈ। ਇਸ ਮੌਕੇ ਮਠਿਆਈਆਂ, ਇਲੈਕਟ੍ਰਾਨਿਕ ਵਸਤਾਂ ਅਤੇ ਭਾਂਡਿਆਂ ਦੀ ਵਿਕਰੀ ਵੀ ਚੰਗੀ ਰਹੀ। ਪਟਾਕਿਆਂ ਦੀ ਵਿਕਰੀ ਵਿੱਚ ਵੀ ਅੱਗੇ ਨਾਲੋਂ ਤੇਜ਼ੀ ਦਿਖੀ। ਇੱਥੇ ਇਹ ਵੀ ਦੇਖਿਆ ਕਿ ਬਹੁਤੇ ਦੁਕਾਨਦਾਰਾਂ ਨੇ ਖ਼ੁਦ ਮਠਿਆਈ ਤਿਆਰ ਕਰਨ ਦੀ ਥਾਂ ਕਥਿਤ ਗ਼ੈਰ-ਮਿਆਰੀ ਮਠਿਆਈ ਬਾਹਰੋਂ ਖ਼ਰੀਦ ਕੇ ਹੀ ਵੇਚੀ।
ਇਸ ਵਾਰ ਪ੍ਰਸ਼ਾਸਨ ਵੱਲੋਂ ਪਟਾਕਿਆਂ ਦੀਆਂ ਦੁਕਾਨਾਂ ਸਟੇਡੀਅਮ ਦੀ ਬਜਾਇ ਸਿਟੀ ਸੈਂਟਰ ਵਿੱਚ ਲਗਵਾਈਆਂ ਜਿੱਥੇ ਪਟਾਕੇ ਖ਼ਰੀਦਣ ਵਾਲਿਆਂ ਦੀ ਭੀੜ ਰਹੀ। ਇਲਾਕੇ ਦੇ ਕਈ ਪਿੰਡਾਂ ਵਿੱਚ ਜਿੱਥੇ ਕੱਲ੍ਹ ਵੀਰਵਾਰ ਨੂੰ ਦੀਵਾਲੀ ਮਨਾਈ ਗਈ, ਉੱਥੇ ਹੀ ਬਹੁਤੇ ਪਿੰਡਾਂ ਵਿੱਚ ਅੱਜ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ।
ਪਿੰਡਾਂ ਵਿੱਚ ਦੋ ਦਿਨ ਮਨਾਈ ਗਈ ਦੀਵਾਲੀ
ਕੁਰਾਲੀ (ਮਿਹਰ ਸਿੰਘ): ਦੀਵਾਲੀ ਦਾ ਤਿਓਹਾਰ ਮਨਾਏ ਜਾਣ ਨੂੰ ਲੈ ਕੇ ਪੈਦਾ ਹੋਈ ਦੁਚਿੱਤੀ ਕਾਰਨ ਪਹਿਲੇ ਦਿਨ ਵੀਰਵਾਰ ਨੂੰ ਦੀਵਾਲੀ ਦਾ ਤਿਓਹਾਰ ਆਮ ਨਾਲੋਂ ਫਿੱਕਾ ਰਿਹਾ। ਕੁਝ ਥਾਵਾਂ ’ਤੇ ਦੀਵਾਲੀ ਦਾ ਤਿਓਹਾਰ ਸ਼ੁੱਕਰਵਾਰ ਨੂੰ ਮਨਾਇਆ ਗਿਆ। ਵੀਰਵਾਰ ਨੂੰ ਸ਼ਹਿਰ ਦੇ ਬਾਜ਼ਾਰਾਂ ਦੀਆਂ ਸੜਕਾਂ ’ਤੇ ਸਾਰਾ ਦਿਨ ਭੀੜ ਰਹੀ। ਲੋਕਾਂ ਨੇ ਪਟਾਕੇ, ਮਠਿਆਈਆਂ, ਤੋਹਫ਼ਿਆਂ ਤੇ ਸਜਾਵਟ ਵਾਲੇ ਸਾਮਾਨ ਦੀ ਖ਼ਰੀਦ ਕੀਤੀ। ਇਸੇ ਦੌਰਾਨ ਸ਼ਾਮ ਵੇਲੇ ਧਾਰਮਿਕ ਸਥਾਨਾਂ ’ਤੇ ਮੱਥਾ ਟੇਕ ਕੇ ਦੀਵਾਲੀ ਦਾ ਤਿਓਹਾਰ ਮਨਾਇਆ ਗਿਆ। ਪਹਿਲੇ ਦਿਨ ਵੀਰਵਾਰ ਨੂੰ ਕੁਝ ਪਰਿਵਾਰਾਂ ਵੱਲੋਂ ਦੀਵਾਲੀ ਦਾ ਤਿਓਹਾਰ ਮਨਾਇਆ ਗਿਆ ਜਦੋਂਕਿ ਕੁਝ ਵਲੋਂ ਦੂਜੇ ਦਿਨ ਸ਼ੁੱਕਰਵਾਰ ਨੂੰ ਦੀਵਾਲੀ ਮਨਾਈ ਗਈ। ਇਲਾਕੇ ਦੇ ਪਿੰਡਾਂ ਵਿੱਚ ਵੀ ਦੀਵਾਲੀ ਮਨਾਏ ਜਾਣ ਨੂੰ ਲੈ ਕੇ ਦੁਚਿਤੀ ਵਾਲੀ ਸਥਿਤੀ ਬਣੀ ਰਹੀ।
ਪਿੰਡ ਚਿੱਲਾ ਦੇ ਵਾਸੀ ਅੱਜ ਮਨਾਉਣਗੇ ਦੀਵਾਲੀ
ਬਨੂੜ (ਕਰਮਜੀਤ ਸਿੰਘ ਚਿੱਲਾ): ਦੀਵਾਲੀ ਦਾ ਤਿਉਹਾਰ ਇਸ ਵਰ੍ਹੇ ਦੋ ਦਿਨਾਂ ਵਿੱਚ ਵੰਡਿਆ ਗਿਆ। ਬਹੁਤੇ ਲੋਕਾਂ ਨੇ ਦੀਵਾਲੀ 31 ਅਕਤੂਬਰ ਵੀਰਵਾਰ ਨੂੰ ਮਨਾ ਲਈ ਤੇ ਬਾਕੀ ਨੇ ਅੱਜ ਪਹਿਲੀ ਨਵੰਬਰ ਸ਼ੁੱਕਰਵਾਰ ਨੂੰ ਦੀਵਾਲੀ ਮਨਾਈ। ਗੁਰਦੁਆਰਿਆਂ ਵਿੱਚ ਬੰਦੀ ਛੋੜ ਦਿਵਸ ਅੱਜ ਮਨਾਇਆ ਜਾ ਰਿਹਾ ਹੈ ਤੇ ਸਮੁੱਚੇ ਗੁਰਦੁਆਰਿਆਂ ਵਿੱਚ ਸਜਾਵਟ ਕੀਤੀ ਗਈ। ਮਹੀਨੇ ਦੇ ਆਖੀਰਲੇ ਦਿਨਾਂ ਵਿੱਚ ਦੀਵਾਲੀ ਆਉਣ ਕਾਰਨ ਅਤੇ ਵਧੀ ਹੋਈ ਮਹਿੰਗਾਈ ਦਾ ਅਸਰ ਦੀਵਾਲੀ ਦੀ ਖ਼ਰੀਦੋ-ਫਰੋਖ਼ਤ ਉੱਤੇ ਸਾਫ਼ ਨਜ਼ਰ ਆਇਆ। ਕਈ ਦੁਕਾਨਦਾਰਾਂ ਨੇ ਕਿਹਾ ਕਿ ਇਸ ਵਾਰ ਘੱਟ ਵਿੱਕਰੀ ਹੋਈ ਹੈ। ਸਬਜ਼ੀਆਂ ਵੇਚਣ ਵਾਲਿਆਂ ਨੇ ਵੀ ਆਖਿਆ ਕਿ ਕੀਮਤਾਂ ਜ਼ਿਆਦਾ ਹੋਣ ਕਾਰਨ ਉਨ੍ਹਾਂ ਦਾ ਕਾਰੋਬਾਰ ਵੀ ਘਟਿਆ ਹੈ। ਦੂਜੇ ਪਾਸੇ, ਮਠਿਆਈ, ਫ਼ਲਾਂ ਤੇ ਸੁੱਕੇ ਮੇਵਿਆਂ ਦੀ ਵਿਕਰੀ ਖ਼ੂਬ ਹੋਈ। ਸੁਨਿਆਰਿਆਂ ਕੋਲ ਗਾਹਕਾਂ ਦੀਆਂ ਕਾਫ਼ੀ ਭੀੜ ਦੇਖੀ ਗਈ। ਇਸੇ ਦੌਰਾਨ ਮੁਹਾਲੀ ਦੇ ਸੈਕਟਰ-81 ਵਿੱਚ ਪੈਂਦੇ ਪਿੰਡ ਚਿੱਲਾ ਦੇ ਵਸਨੀਕ ਆਪਣੀ ਸਦੀਆਂ ਪੁਰਾਣੀ ਪ੍ਰੰਪਰਾ ਤਹਿਤ 2 ਨਵੰਬਰ ਨੂੰ ਦੀਵਾਲੀ ਮਨਾਉਣਗੇ। ਪਿੰਡ ਦੇ ਵਸਨੀਕਾਂ ਪਰਵਿੰਦਰ ਸਿੰਘ, ਸੁਖਚੈਨ ਸਿੰਘ, ਭੁਪਿੰਦਰ ਸਿੰਘ ਭਿੰਦਾ, ਜਗਤਾਰ ਸਿੰਘ ਆਦਿ ਨੇ ਦੱਸਿਆ ਕਿ ਸਾਰੇ ਪਿੰਡ ਵਾਲੇ ਦੀਵਾਲੀ ਵਾਲੀਆਂ ਰਸਮਾਂ ਦੋ ਨਵੰਬਰ ਨੂੰ ਹੀ ਕਰਨਗੇ।