ਅਕਾਲ ਡਿਗਰੀ ਕਾਲਜ ਦੀਆਂ ਵਿਦਿਆਰਥਣਾਂ ਗਿੱਧੇ ’ਚ ਛਾਈਆਂ
ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 15 ਨਵੰਬਰ
ਪੰਜਾਬੀ ਯੂਨੀਵਰਸਿਟੀ ਦੇ ਅੰਤਰ-ਖੇਤਰੀ ਯੁਵਕ ਮੇਲੇ ਦੌਰਾਨ ਗਿੱਧੇ ਦੇ ਮੁਕਾਬਲਿਆਂ ਦੌਰਾਨ ਅਕਾਲ ਡਿਗਰੀ ਕਾਲਜ ਮਸਤੂਆਣਾ ਦੀਆਂ ਮੁਟਿਆਰਾਂ ਨੇ ਗਿੱਧੇ ਵਿੱਚ ਬਹੁਤ ਸੋਹਣਾ ਰੰਗ ਬੰਨ੍ਹਦਿਆਂ ਇਸ ਗਹਿਗੱਚ ਮੁਕਾਬਲੇ ਦੀ ਟਰਾਫ਼ੀ ਆਪਣੇ ਨਾਂ ਕਰ ਲਈ ਹੈ। ਪ੍ਰਿੰਸੀਪਲ ਡਾਕਟਰ ਅਮਨਦੀਪ ਕੌਰ ਨੇ ਫ਼ਖ਼ਰ ਮਹਿਸੂਸ ਕਰਦੇ ਹੋਏ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦੇ ਛੇ ਜ਼ੋਨਾਂ ਵਿੱਚੋਂ 12 ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲ਼ੀਆਂ ਸਾਰੀਆਂ ਹੀ ਟੀਮਾਂ ਨੇ ਬਹੁਤ ਸੋਹਣਾ ਗਿੱਧਾ ਪਾਇਆ। ਗਿੱਧੇ ਦੇ ਇਸ ਮੁਕਾਬਲੇ ਵਿੱਚ ਇਸ ਮਾਣਮੱਤੀ ਪ੍ਰਾਪਤੀ ਤੇ ਕਾਲਜ ਮੈਨੇਜਮੈਂਟ ਅਤੇ ਪ੍ਰਿੰਸੀਪਲ ਡਾ. ਅਮਨਦੀਪ ਕੌਰ ਵੱਲੋਂ ਜਿੱਥੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਗਈ, ਉੱਥੇ ਹੀ ਕਾਲਜ ਦੇ ਯੁਵਕ-ਭਲਾਈ ਵਿਭਾਗ ਦੇ ਇੰਚਾਰਜ ਡਾ. ਹਰਜਿੰਦਰ ਸਿੰਘ ਅਤੇ ਗਿੱਧਾ ਟੀਮ ਦੇ ਇੰਚਾਰਜ ਡਾ. ਭੁਪਿੰਦਰ ਕੌਰ ਨੂੰ ਵੀ ਉਨ੍ਹਾਂ ਵੱਲੋਂ ਕੀਤੀ ਮਿਹਨਤ ਨਾਲ ਯੂਨੀਵਰਸਿਟੀ ਪੱਧਰ ਤੇ ਕਾਲਜ ਦਾ ਨਾਂ ਚਮਕਾਉਣ ਲਈ ਵੀ ਵਧਾਈ ਦਿੱਤੀ ਗਈ। ਗਿੱਧਾ ਕੋਚ ਹਰਦੀਪ ਕੌਰ ਦੀ ਕੋਚਿੰਗ ਅਧੀਨ ਕਾਲਜ ਦੀਆਂ ਵਿਦਿਆਰਥਣਾਂ ਗੁਰਜੋਤ ਕੌਰ, ਕਰਮਨ ਸਮਰਾ, ਪ੍ਰਭਜੋਤ ਕੌਰ, ਰਮਨਦੀਪ ਕੌਰ, ਮਨਪ੍ਰੀਤ ਕੌਰ, ਅਰਮਾਨਜੋਤ ਕੌਰ, ਤਾਨਿਆ ਸੋਨੀ, ਖੁਸ਼ਦੀਪ ਕੌਰ, ਖੁਸ਼ਪ੍ਰੀਤ ਕੌਰ, ਜਸ਼ਨਪ੍ਰੀਤ ਕੌਰ, ਦਿਲਪ੍ਰੀਤ ਕੌਰ ਅਤੇ ਗੁਰਵੀਰ ਕੌਰ ਨੇ ਇਸ ਮੁਕਾਬਲੇ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਭਾਸ਼ਣ ਮੁਕਾਬਲਿਆਂ ਵਿੱਚ ਪ੍ਰੋ. ਮਨੀਸ਼ਾ ਰਾਣੀ ਦੀ ਯੋਗ ਅਗਵਾਈ ਵਿੱਚ ਕਾਲਜ ਦੀ ਵਿਦਿਆਰਥਣ ਗੁਰਲੀਨ ਵੱਲੋਂ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ।