ਮਾਂ ਬਣਨ ਦਾ ਅਹਿਸਾਸ
ਇੰਦਰਜੀਤ ਕੌਰ
ਮਾਂ ਬਣਨ ਦੇ ਅਹਿਸਾਸ ਨੂੰ ਦੁਨੀਆ ਦੀ ਹਰ ਖੁਸ਼ੀ ਨਾਲੋਂ ਉੱਚਾ ਥਾਂ ਪ੍ਰਾਪਤ ਹੈ। ਇਸ ਗੱਲ ਦੀ ਡੂੰਘਾਈ ਮੈਨੂੰ ਉਦੋਂ ਸਮਝ ਪਈ ਜਦੋਂ ਮੈਂ ਖ਼ੁਦ ਇਸ ਪੜਾਅ ’ਤੇ ਪਹੁੰਚੀ। ਤੁਹਾਡੇ ਅੰਦਰ ਇੱਕ ਅੰਸ਼ ਮਾਤਰ ਦੀ ਹੋਂਦ ਬਾਰੇ ਪਤਾ ਲੱਗਣ ਨਾਲ ਹੀ ਤੁਹਾਡੀ ਜਿ਼ੰਦਗੀ ਬਦਲ ਜਾਂਦੀ ਹੈ। ਹੁਣ ਤੁਸੀਂ ਉਹ ਨਹੀਂ ਰਹਿੰਦੇ ਜੋ ਇਸ ਪਲ ਤੋਂ ਪਹਿਲਾਂ ਸੀ। ਨਿੱਕੀ ਜਿਹੀ ਜਾਨ ਨਿੱਤ ਦਿਨ ਆਪਣਾ ਰੂਪ ਵਟਾਉਣ ਲਗਦੀ ਹੈ ਤੇ ਪੂਰੀ ਸ਼ਖ਼ਸੀਅਤ ਬਣ ਨਬਿੜਦੀ ਹੈ। ਇਹ ਜਿ਼ੰਦਗੀ ਦੁਨੀਆ ਵਿੱਚ ਆਪਣੀ ਆਮਦ ਤੋਂ ਪਹਿਲਾਂ ਹੀ ਤੁਹਾਡੇ ਨਾਲ ਐਸਾ ਗੂੜ੍ਹਾ ਰਿਸ਼ਤਾ ਗੰਢ ਲੈਂਦੀ ਹੈ ਜੋ ਤੁਹਾਨੂੰ ਆਪਣੇ ਆਪ ਨਾਲੋਂ ਵੀ ਪਿਆਰਾ ਹੋ ਜਾਂਦਾ ਹੈ। ਇਹ ਰਿਸ਼ਤਾ ਕਿਸੇ ਨਾਲ ਵੀ ਸਾਂਝਾ ਨਹੀਂ ਕੀਤਾ ਜਾ ਸਕਦਾ। ਸੱਚ ਮੰਨੋ ਤਾਂ ਸ਼ਬਦਾਂ ਵਿਚ ਬਿਆਨ ਕਰਨਾ ਸੰਭਵ ਨਹੀਂ ਲਗਦਾ। ਇਸ ਨਿੱਕੀ ਜਾਨ ਦੀ ਅਜੇ ਤੁਸੀਂ ਸੂਰਤ ਨਹੀਂ ਦੇਖੀ, ਆਵਾਜ਼ ਨਹੀਂ ਸੁਣੀ, ਇਸ ਨੂੰ ਛੂਹ ਕੇ ਨਹੀਂ ਦੇਖਿਆ ਪਰ ਇੰਜ ਲੱਗਦਾ ਹੈ ਜਿਵੇਂ ਤੁਹਾਨੂੰ ਇਸ ਦੀ ਤੇ ਇਸ ਨੂੰ ਤੁਹਾਡੀ ਗੂੜ੍ਹੀ ਪਛਾਣ ਹੈ। ਦਿਨ ਦੇ ਹਰ ਪਹਿਰ ਤੁਹਾਨੂੰ ਇਸ ਦੀ ਹੋਂਦ ਦਾ ਅਹਿਸਾਸ ਰਹਿਣ ਲਗਦਾ ਹੈ; ਹਾਲਾਂਕਿ ਸ਼ੁਰੂਆਤੀ ਦੌਰ ’ਚ ਤਬੀਅਤ ਨਾਸਾਜ਼ ਰਹਿਣ ਕਰ ਕੇ ਕੁਝ ਮਾਵਾਂ ਤਕਲੀਫ਼ ਵੀ ਝੱਲਦੀਆਂ ਨੇ ਪਰ ਇਹ ਸਭ ਤਕਲੀਫ਼ਾਂ ਹੌਲੀ ਹੌਲੀ ਅਣਗੌਲੀਆਂ ਹੋਣ ਲਗਦੀਆਂ ਨੇ।
ਜੋ ਅਹਿਸਾਸ ਦਿਨੋ-ਦਿਨ ਹੋਰ ਡੂੰਘਾ ਹੁੰਦਾ ਜਾਂਦਾ ਹੈ, ਉਹ ਹੈ ਇਸ ਨਵੀਂ ਜਿ਼ੰਦਗੀ ਨਾਲ ਤੁਹਾਡੀ ਸਾਂਝ। ਆਉਣ ਵਾਲੇ ਬੱਚੇ ਨਾਲ ਕਈ ਨਵੇਂ ਰਿਸ਼ਤੇ ਜੁੜਨੇ ਹੁੰਦੇ ਹਨ। ਪਿਤਾ, ਦਾਦਾ-ਦਾਦੀ, ਨਾਨਾ-ਨਾਨੀ, ਭੂਆ, ਮਾਸੀ, ਚਾਚਾ, ਤਾਇਆ ਅਨੇਕ ਹੀ ਰਿਸ਼ਤੇ ਉਸ ਦੇ ਜਨਮ ਤੋਂ ਬਾਅਦ ਬਣਦੇ ਹਨ ਪਰ ਤੁਹਾਡਾ ਰਿਸ਼ਤਾ ਉਸ ਪਲ ਹੀ ਬਣ ਜਾਂਦਾ ਹੈ ਜਿਸ ਪਲ ਇਹ ਆਪਣੀ ਹੋਂਦ ਅਖ਼ਤਿਆਰ ਕਰਦੀ ਹੈ। ਇੰਝ ਦੂਜੇ ਹਰ ਰਿਸ਼ਤੇ ਨਾਲੋਂ ਮਾਂ ਤੇ ਬੱਚੇ ਦਾ ਰਿਸ਼ਤਾ ਨੌਂ ਮਹੀਨੇ ਜਿ਼ਆਦਾ ਗੂੜ੍ਹਾ ਹੁੰਦਾ ਹੈ।
ਇਸ ਅਹਿਸਾਸ ਨੇ ਇਹ ਵੀ ਦੱਸਿਆ ਕਿ ਮਾਂ ਬਣਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਤੁਹਾਡੇ ਸਰੀਰ ਦਾ ਹਰ ਸੈੱਲ ਹੁਣ ਤੁਹਾਨੂੰ ਦੋਇਮ ਰੱਖ ਕੇ ਨਵੀਂ ਬਣ ਰਹੀ ਕਾਇਆ ਨੂੰ ਸਵਾਰਨ ਲਗਦਾ ਹੈ। ਉਸ ਦੀਆਂ ਲੋੜਾਂ ਮੁਤਾਬਕ ਤੁਹਾਡਾ ਸਵਾਦ ਬਦਲਣ ਲਗਦਾ ਹੈ। ਗਰਭਕਾਲ ਦੌਰਾਨ ਮਾਂ ਦਾ ਦਿਲ ਡੇਢ ਗੁਣਾ ਰਫ਼ਤਾਰ ਨਾਲ ਧੜਕਦਾ ਹੈ; ਹੁਣ ਉਹ ਇਕ ਨਹੀਂ ਸਗੋਂ ਦੋ ਜਿ਼ੰਦਗੀਆਂ ਦੀ ਰਾਖੀ ਕਰਦਾ ਹੈ। ਹਾਲਾਂਕਿ ਸਮੇਂ ਨਾਲ ਦਿੱਕਤਾਂ ਵਧਦੀਆਂ ਹਨ ਤੇ ਉੱਠਣਾ ਬੈਠਣਾ ਵੀ ਤੁਹਾਡੇ ਲਈ ਜੰਗ ਜਿੱਤਣ ਸਮਾਨ ਹੋਣ ਲਗਦਾ ਹੈ ਪਰ ਇਹ ਸਭ ਉਸ ਨਵੀਂ ਨਵੀਂ ਹੋਂਦ ਅਖਤਿਆਰ ਕਰ ਰਹੀ ਜਿ਼ੰਦਗੀ ਦੇ ਸਾਹਮਣੇ ਕੁਝ ਵੀ ਨਹੀਂ। ਹੌਲੀ ਹੌਲੀ ਉਸ ਦਾ ਦਿਲ ਧੜਕਣ ਲਗਦਾ ਹੈ, ਉਸ ਦੇ ਅੰਗ ਬਣਨ ਲਗਦੇ ਹਨ ਤੇ ਉਸ ਦੇ ਵਿਕਾਸ ਨਾਲ ਤੁਹਾਡੇ ਅੰਦਰ ਬਹੁਤ ਸਾਰੇ ਅਹਿਸਾਸ ਵਿਗਸਣ ਲਗਦੇ ਹਨ। ਤੁਹਾਡਾ ਹਰ ਪਲ ਹਰ ਘੜੀ ਉਸ ਹੋਂਦ ਨਾਲ ਜੁੜ ਜਾਂਦੇ ਹਨ ਜੋ ਤੁਹਾਡੀ ਹਰ ਖੁਸ਼ੀ-ਗਮੀ ’ਤੇ ਅੰਦਰੋਂ ਹੁੰਗਾਰਾ ਭਰਦੀ ਹੈ। ਇਹ ਹੁੰਗਾਰਾ ਤੁਹਾਨੂੰ ਸਕੂਨ ਨਾਲ ਲਬਰੇਜ਼ ਕਰ ਦਿੰਦਾ ਹੈ। ਇਹ ਨਿੱਕੀ ਜਿਹੀ ਜਿੰਦੜੀ ਤੁਹਾਡੀ ਆਪਣੀ ਹੋ ਜਾਂਦੀ ਹੈ।
ਤੁਹਾਡੇ ਅੰਦਰ ਇਕ ਹੋਰ ਜਿ਼ੰਦਗੀ ਬਣਨ ਦਾ ਅਹਿਸਾਸ ਇੰਨਾ ਅਨੋਖਾ ਹੈ ਜੋ ਤੁਹਾਨੂੰ ਕੁਦਰਤ ਦੀ ਸਭ ਤੋਂ ਵੱਡੀ ਤਾਕਤ ਦੇ ਸਨਮੁੱਖ ਲਿਆ ਖੜ੍ਹਾਉਂਦਾ ਹੈ; ਕੁਦਰਤ ਜੋ ਅੱਗੇ ਵਧਣ, ਵਿਕਾਸ ਕਰਨ ਅਤੇ ਸਦਾ ਪੁੰਗਰਦੇ ਰਹਿਣ ਦੇ ਨੇਮ ਅਧੀਨ ਚਲਦੀ ਹੈ। ਔਰਤ ਮਾਂ ਬਣਨ ਵੇਲੇ ਕੁਦਰਤ ਦੀ ਇਸੇ ਸ਼ਕਤੀ ਦੇ ਸਮਾਨ ਹੁੰਦੀ ਹੈ। ਉਸ ਦੇ ਖੂਨ ਨਾਲ ਸਿੰਜ ਕੇ ਸੈੱਲਨੁਮਾ ਜੀਵ ਮਨੁੱਖੀ ਰੂਪ ਧਾਰਦਾ ਹੈ।
ਜਨਮ ਤੋਂ ਪਹਿਲਾਂ ਹੀ ਤੁਸੀਂ ਇਸ ਨਾਲ ਗੱਲਾਂ ਕਰਨ ਲੱਗਦੇ ਹੋ; ਇਹ ਗੱਲਾਂ ਬੁੱਲ੍ਹਾਂ ਰਾਹੀਂ ਨਹੀਂ ਸਗੋਂ ਧੁਰ ਅੰਦਰੋਂ ਵਿਚਾਰਾਂ ਦੀਆਂ ਪੀਘਾਂ ਪਾਉਂਦੀਆਂ ਨੇ ਤੇ ਅੰਦਰ ਪਲ ਰਹੀ ਨਵੀਂ ਜਿ਼ੰਦਗੀ ਤੁਹਾਡੇ ਮਨ ਦੀਆਂ ਤਰੰਗਾਂ ਨਾਲ ਹੁੰਗਾਰੇ ਭਰਦੀ ਹੈ। ਫਿਰ ਇਕ ਦਿਨ ਇਹ ਨਿੱਕੀ ਜਿਹੀ ਜਾਨ ਤੁਹਾਡੀਆਂ ਬਾਹਾਂ ਵਿੱਚ ਆ ਸਮਾਉਂਦੀ ਹੈ ਤੇ ਤੁਹਾਨੂੰ ਸੰਪੂਰਨ ਕਰ ਦਿੰਦੀ ਹੈ। ਕਹਿੰਦੇ ਨੇ ਗੁੰਗੇ ਦੀਆਂ ਰਮਜ਼ਾਂ ਗੁੰਗੇ ਦੀ ਮਾਂ ਹੀ ਸਮਝ ਸਕਦੀ ਹੈ ਪਰ ਸੱਚ ਮਾਂ ਤੇ ਬੱਚੇ ਵਿਚਲੇ ਇਸ ਅਦਭੁਤ ਤੇ ਅਣਮੁੱਲੇ ਰਿਸ਼ਤੇ ਦੀਆਂ ਰਮਜ਼ਾਂ ਹੋਰ ਕੋਈ ਨਹੀਂ ਸਮਝ ਸਕਦਾ।
ਸਾਡੇ ਸਮਾਜ ਵਿਚ ਬੱਚੇ ਦੇ ਜਨਮ ਤੋਂ ਪਹਿਲਾਂ ਤੇ ਬਾਅਦ ਦੀਆਂ ਸਾਰੀਆਂ ਜਿ਼ੰਮਵਾਰੀਆਂ ਜਿ਼ਆਦਾਤਰ ਸਿਰਫ ਮਾਂ ਦੀਆਂ ਮੰਨ ਲਈਆਂ ਜਾਂਦੀਆਂ ਹਨ। ਬੱਚਾ ਜਿਸਮਾਨੀ ਰੂਪ ਵਿੱਚ ਮਾਂ ਨਾਲ ਜੁੜਿਆ ਹੋਣ ਕਰ ਕੇ ਸੁਭਾਵਿਕ ਤੌਰ ’ਤੇ ਉਸ ਦੇ ਵੱਧ ਨੇੜੇ ਹੁੰਦਾ ਹੈ ਪਰ ਵੱਡੀ ਗਿਣਤੀ ਘਰਾਂ ਵਿਚ ਬੱਚੇ ਦੀ ਸਾਰੀ ਜਿ਼ੰਮੇਵਾਰੀ ਮਾਤਾ ਪਿਤਾ ਦੀ ਨਾ ਹੋ ਕੇ ਸਿਰਫ ਮਾਂ ਦੀ ਬਣ ਜਾਂਦੀ ਹੈ। ਕਈ ਥਾਈਂ ਹੁਣ ਭਾਵੇਂ ਪਤੀ ਵੀ ਆਪਣੀਆਂ ਜਿ਼ੰਮੇਵਾਰੀਆਂ ਸਮਝਦੇ ਹੋਏ ਸਾਥ ਦਿੰਦੇ ਹਨ ਪਰ ਇਹ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੈ। ਵੱਡੀ ਗਿਣਤੀ ਘਰਾਂ ’ਚ ਨੂੰਹ ਨੂੰ ਚੁੱਲ੍ਹੇ ਬੇਸਬਰੀ ਨਾਲ ਚੌਂਕੇ ਚੜ੍ਹਾਉਣ ਦੀ ਕਾਹਲ ਦੇਖੀ ਹੈ ਤਾਂ ਜੋ ਉਹ ਛੇਤੀ ਤੋਂ ਛੇਤੀ ਆਪਣੀ ਡਿਊਟੀ ’ਤੇ ਪਰਤ ਆਵੇ। ਇਸ ਦੌਰਾਨ ਇਸ ਗੱਲ ਦੀ ਫਿ਼ਕਰ ਤਕ ਨਹੀਂ ਕੀਤੀ ਜਾਂਦੀ ਕਿ ਜਿਸ ਪਲ ਬੱਚੇ ਦਾ ਜਨਮ ਹੁੰਦਾ ਹੈ, ਉਸ ਪਲ ਮਾਂ ਨੂੰ ਵੀ ਨਵਾਂ ਜਨਮ ਮਿਲਦਾ ਹੈ। ਜੰਮਣ ਪੀੜਾਂ ’ਚੋਂ ਲੰਘੀ ਮਾਂ ਮਰ ਕੇ ਮੁੜ ਜਿ਼ੰਦਾ ਹੋਈ ਹੁੰਦੀ ਹੈ। ਬੱਚੇ ਨੂੰ ਜਨਮ ਦੇਣ ਦੀ ਜਿ਼ੰਮੇਵਾਰੀ ਬੇਸ਼ੱਕ ਮਾਂ ਦੀ ਹੁੰਦੀ ਹੈ ਪਰ ਉਸਦੇ ਪਾਲਣ ਪੋਸ਼ਣ ਦੀ ਜਿ਼ੰਮੇਵਾਰੀ ਪੂਰੇ ਪਰਿਵਾਰ ਤੇ ਸਮਾਜ ਦੀ ਹੁੰਦੀ ਹੈ।
ਸੰਪਰਕ: jitinderjit@gmail.com