ਹੜ੍ਹ ਪ੍ਰਭਾਵਿਤ ਖੇਤਰਾਂ ’ਚ ਬਿਮਾਰੀਆਂ ਫੈਲਣ ਦੇ ਖਦਸ਼ੇ ਨੇ ਲੋਕਾਂ ਦੇ ਸਾਹ ਸੂਤੇ
ਖੇਤਰੀ ਪ੍ਰਤੀਨਿਧ
ਪਟਿਆਲਾ, 18 ਜੁਲਾਈ
ਇੱਥੇ ਸ਼ਹਿਰੀ ਖੇਤਰ ਵਿਚਲੀਆਂ ਜਿਹੜੀਆਂ ਕਲੋਨੀਆਂ ਵਿਚਲੇ ਘਰਾਂ ਵਿਚ ਪਾਣੀ ਜਾ ਵੜਿਆ ਸੀ, ਉਨ੍ਹਾਂ ਸਾਰੇ ਖੇਤਰਾਂ ਵਿਚੋਂ ਭਾਵੇਂ ਪਾਣੀ ਉਤਰ ਚੁੱਕਿਆ ਹੈ ਪਰ ਹੁਣ ਹੜ੍ਹਾਂ ਮਗਰੋਂ ਫੈਲੀ ਗੰਦਗੀ ਅਤੇ ਚੁਫੇਰੇ ਪੈਦਾ ਹੋਈ ਬਦਬੋ ਕਾਰਨ ਲੋਕਾਂ ਦਾ ਬਿਮਾਰੀਆਂ ਦੀ ਜਕੜ ਵਿਚ ਆਉਣ ਦਾ ਖਦਸ਼ਾ ਬਣਿਆ ਹੋਇਆ ਹੈ। ਜਿਸ ਕਾਰਨ ਉਨ੍ਹਾਂ ਦੇ ਸਾਹ ਸੂਤੇ ਹੋਏ ਹਨ। ਉਧਰ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਫ਼ ਸਫਾਈ ਲਈ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਅਰਬਨ ਅਸਟੇਟ, ਚਨਿਾਰ ਬਾਗ, ਗੋੋਪਾਲ ਕੋਲੋਨੀ, ਗੋਬਿੰਦ ਬਾਗ,ਬਾਬਾ ਦੀਪ ਸਿੰਘ ਨਗਰ, ਪੁਰਾਣਾ ਬਿਸ਼ਨ ਨਗਰ ਦੀ 9-ਸੀ ਗਲੀ, ਹੀਰਾਬਾਗ, ਗੁਰੂ ਸਹਾਇ ਕਲੋਨੀ ਤੇ ਰਿਸ਼ੀ ਕਲੋਨੀ ਸਮੇਤ ਕੁਝ ਹੋਰਨਾਂ ਸ਼ਹਿਰੀ ਖੇਤਰ ਵੀ ਹੜ੍ਹ ਦੀ ਲਪੇਟ ’ਚ ਆ ਗਏ ਸਨ। ਇਨ੍ਹਾਂ ਕਲੋਨੀਆਂ ਵਿਚਲੇ ਘਰਾਂ ’ਚ ਦੋ ਤੋਂ ਅੱਠ ਅੱਠ ਫੁੱਟ ਤੱਕ ਪਾਣੀ ਰਿਹਾ ਹੈ। ਇਸ ਦੌਰਾਨ ਕਈ ਲੋਕਾਂ ਨੇ ਘਰਾਂ ਦਾ ਸਾਮਾਨ ਬਾਹਰ ਰੱਖ ਦਿੱਤਾ ਸੀ। ਇਸ ਸਾਮਾਨ ਕਾਰਨ ਪਾਣੀ ਵਿੱਚੋਂ ਬਦਬੂ ਮਾਰਨ ਲੱਗ ਪਈ ਹੈ। ਉਧਰ, ਡੀਸੀ ਸਾਕਸ਼ੀ ਸਾਹਨੀ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਚੱਲਦਿਆਂ, ਪੀਡੀਏ,ਪੁੱਡਾ, ਨਗਰ ਨਿਗਮ ਤੇ ਸਿਹਤ ਵਿਭਾਗ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਇਨ੍ਹਾਂ ਖੇਤਰਾਂ ਵਿਚ ਸਾਫ਼ ਸਫਾਈ ਦੀ ਮੁਹਿੰਮ ਵਿੱਢੀ ਹੋਈ ਹੈ। ਅਰਬਨ ਅਸਟੇਟ ਖੇਤਰ ਵਿਚੋਂ ਪੀਸੀਐੱਸ ਅਧਿਕਾਰੀ ਗੁਰਪ੍ਰੀਤ ਸਿੰਘ ਥਿੰਦ ਦੀ ਨਿਗਰਾਨੀ ਹੇਠਾਂ ਅਜਿਹਾ ਸਾਜੋ ਸਾਮਾਨ ਟਰੱਕਾਂ ਰਾਹੀਂ ਭਰ ਕੇ ਕੂੜੇ ਦੇ ਡੰਪ ’ਤੇ ਸੁੱਟਿਆ ਜਾ ਰਿਹਾ ਹੈ। ਇਸ ਖੇਤਰ ਦੇ ਵਾਸੀ ਜਸਵਿੰਦਰ ਸਿੰਘ ਧਾਲ਼ੀਵਾਲ, ਲਾਲਜੀਤ ਲਾਲੀ, ਉਜਾਗਰ ਅੰਟਾਲ, ਟੋਨੀ, ਰਿਟਾਇਰਡ ਥਾਣੇਦਾਰ ਗੁਰਜੀਵਨ ਸਿੰਘ ਭੰਮੇ, ਤੇਜਿੰਦਰ ਸਿੰਘ ਤੇਜੀ, ਰਿੰਕੂ ਮਲਕਪੁਰ ਦਾ ਕਹਿਣਾ ਹੈ ਕਿ ਅਰਬਨ ਅਸਟੇਟ ਖੇਤਰ ਵਿਚਲੇ ਘਰਾਂ ਵਿੱਚੋਂ ਤਾਂ ਭਾਵੇਂ ਕਈ ਦਨਿ ਪਹਿਲਾਂ ਹੀ ਪਾਣੀ ਉਤਰ ਗਿਆ ਸੀ, ਪਰ ਇਸ ਖੇਤਰ ਵਿਚਲੀਆਂ ਨੀਵੀਆਂ ਥਾਵਾਂ ’ਤੇ ਅਜੇ ਵੀ ਕਈ ਕਈ ਫੁੱਟ ਪਾਣੀ ਖੜ੍ਹਾ ਹੈ। ਇਸ ਵਿਚੋਂ ਆਉਂਦੀ ਬਦਬੋ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ।
ਇਸ ਪਾਣੀ ’ਤੇ ਪੈਦਾ ਹੋ ਰਹੀ ਮੱਛਰ ਮੱਖੀ ਵੀ ਬਿਮਾਰੀਆਂ ਲਈ ਖਦਸ਼ਾ ਬਣੀ ਹੋਈ ਹੈ। ਉਧਰ ਸੰਪਰਕ ਕਰਨ ’ਤੇ ਸਿਵਲ ਸਰਜਨ ਦਫਤਰ ਤੋਂ ਮਹਾਂਮਾਰੀ ਰੋਕਥਾਮ ਮਾਹਿਰ ਡਾ. ਸੁਮੀਤ ਸਿੰਘ ਦਾ ਕਹਿਣਾ ਸੀ ਕਿ ਨੀਵੀਆਂ ਥਾਵਾਂ ’ਤੇ ਖੜ੍ਹੇ ਪਾਣੀ ’ਤੇ ਸਿਹਤ ਵਿਭਾਗ ਦੀਆਂ ਟੀਮਾ ਵੱਲੋਂ ਲੋੜੀਂਦੀ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ।
ਨਗਰ ਨਿਗਮ ਦੇ ਕਮਿਸ਼ਨਰ ਆਦਿੱਤਿਆ ਉਪਲ ਨੇ ਦੱਸਿਆ ਕਿ ਨਿਗਮ ਦੇ ਅਧੀਨ ਆਉਂਦੇ ਸਮੂਹ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਸਫਾਈ ਦੀ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ।