ਮੁਰੰਮਤ ਮਗਰੋਂ ਪਾਣੀ ਛੱਡਣ ’ਤੇ ਸੂਆ ਟੁੱਟਿਆ
ਗੁਰਬਖਸ਼ਪੁਰੀ
ਤਰਨ ਤਾਰਨ, 5 ਜੂਨ
ਇਲਾਕੇ ਦੇ ਪਿੰਡ ਬਾਠ, ਨੌਰੰਗਾਬਾਦ ਆਦਿ ਦੇ ਕਿਸਾਨਾਂ ਨੂੰ ਨਹਿਰੀ ਦੇਣ ਵਾਲੇ ਸੂਏ ਦੀ ਮੁਰੰਮਤ ਕਰਨ ਮਗਰੋਂ ਪਹਿਲੀ ਵਾਰ ਪਾਣੀ ਛੱਡਣ ’ਤੇ ਸੂਏ ਵਿੱਚ ਪਾੜ ਪੈ ਗਿਆ। ਇਸ ਨੇ ਜਿੱਥੇ ਇਲਾਕੇ ਦੇ ਕਿਸਾਨਾਂ ਨੂੰ ਮੁਸ਼ਕਲਾਂ ਵਿੱਚ ਪਾ ਦਿੱਤਾ ਹੈ, ਉੱਥੇ ਇਸ ਸਥਿਤੀ ਨੇ ਨਹਿਰੀ ਵਿਭਾਗ ਲਈ ਵੀ ਨਮੋਸ਼ੀ ਵਾਲੇ ਹਾਲਾਤ ਪੈਦਾ ਕਰ ਕੇ ਰੱਖ ਦਿੱਤੇ ਹਨ।
ਕਿਸਾਨ ਚਰਨਜੀਤ ਸਿੰਘ ਬਾਠ, ਬਲਦੇਵ ਸਿੰਘ ਪੰਡੋਰੀ, ਰਸ਼ਪਾਲ ਸਿੰਘ, ਬਲਵਿੰਦਰ ਸਿੰਘ, ਲਵਜੀਤ ਸਿੰਘ ਵਿੱਕੀ, ਗੁਰਜੀਤ ਸਿੰਘ, ਆਦਿ ਨੇ ਦੱਸਿਆ ਕਿ ਪਿੰਡ ਬਾਠ, ਨੌਰੰਗਾਬਾਦ ਆਦਿ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਲਈ ਪੱਖੋਕੇ ਨੇੜਿਓਂ ਲੰਘਦੀ ਅੱਪਰ ਬਾਰੀ ਦੋਆਬ ਕੈਨਾਲ (ਯੂਬੀਡੀਸੀ) ਤੋਂ ਆਉਂਦੇ ਇਸ ਸੂਏ ਦੀ ਹਾਲਤ ਦੇ ਖਸਤਾ ਹੋਣ ਕਰ ਕੇ ਇਸ ਦੀ ਮੁਰੰਮਤ ਦਾ ਕੰਮ ਅਜੇ ਦੋ ਮਹੀਨੇ ਪਹਿਲਾਂ ਹੀ ਮੁਕੰਮਲ ਹੋਇਆ ਸੀ| ਕਿਸਾਨਾਂ ਨੇ ਕਿਹਾ ਕਿ ਮੁਰੰਮਤ ਦਾ ਕੰਮ ਖ਼ਤਮ ਹੋਣ ’ਤੇ ਕੱਲ੍ਹ ਜਿਵੇਂ ਹੀ ਸੂਏ ਵਿੱਚ ਪਾਣੀ ਛੱਡਿਆ ਤਾਂ ਇਸ ਵਿੱਚ ਪਾੜ ਪੈ ਗਿਆ। ਕਿਸਾਨਾਂ ਨੇ ਦੋਸ਼ ਲਾਇਆ ਕਿ ਉਹ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸੂਏ ਦੀ ਮੁਰੰਮਤ ਕਰਨ ਵੇਲੇ ਹੀ ਠੇਕੇਦਾਰ ਵੱਲੋਂ ਕਥਿਤ ਗ਼ੈਰਮਿਆਰੀ ਸਮੱਗਰੀ ਵਰਤਣ ਦੀਆਂ ਸ਼ਿਕਾਇਤਾਂ ਕਰਦੇ ਆ ਰਹੇ ਸਨ ਪਰ ਅਧਿਕਾਰੀ ਉਨ੍ਹਾਂ ਦੀ ਸ਼ਿਕਾਇਤ ਵੱਲ ਧਿਆਨ ਨਹੀਂ ਸੀ ਦੇ ਰਹੇ| ਕਿਸਾਨਾਂ ਕਿਹਾ ਕਿ ਇਸ ਸੂਏ ਦੀ ਥਾਂ-ਥਾਂ ਤੋਂ ਹਾਲਤ ਖਸਤਾ ਹੈ, ਜੇ ਇਸ ਵਿੱਚ ਮੁੜ ਪਾਣੀ ਛੱਡਿਆ ਤਾਂ ਇਸ ਟੁੱਟਣ ਦੀ ਸੰਭਾਵਨਾ ਹੈ।
ਨੁਕਸਾਨ ਲਈ ਠੇਕੇਦਾਰ ਜ਼ਿੰਮੇਵਾਰ: ਐੱਸਡੀਓ
ਵਿਭਾਗ ਦੇ ਐੱਸਡੀਓ ਅਰੁਣ ਕੁਮਾਰ ਨੇ ਸੂਏ ਦੇ ਟੁੱਟਣ ਨੂੰ ਚਿੰਤਾਜਨਕ ਆਖਦਿਆਂ ਕਿਹਾ ਕਿ ਠੇਕੇਦਾਰ ਇਸ ਸੂਏ ਦੀ ਇੱਕ ਸਾਲ ਤੱਕ ਮੁਰੰਮਤ ਲਈ ਜ਼ਿੰਮੇਵਾਰ ਹੈ। ਠੇਕੇਦਾਰ ਨੂੰ ਇਸ ਦੀ ਮੁਰੰਮਤ ਲਈ ਆਖ ਦਿੱਤਾ ਗਿਆ ਹੈ|