ਬਾਪ
ਮਾ. ਰਾਜੇਸ਼ ਰਿਖੀ ਪੰਜਗਰਾਈਆਂ
ਜਰਨੈਲ ਸਿੰਘ ਖੇਤੀਬਾੜੀ ਕਰਨ ਵਾਲਾ ਸਿਆਣਾ ਇਨਸਾਨ ਸੀ। ਉਹ ਹੱਥੀਂ ਮਿਹਨਤ ਕਰਨ ਦਾ ਆਦੀ ਸੀ ਅਤੇ ਅੱਠ ਏਕੜ ਦੀ ਖੇਤੀ ਖ਼ੁਦ ਹੀ ਕਰਦਾ ਅਤੇ ਜਦੋਂ ਕੰਮ ਜ਼ਿਆਦਾ ਹੁੰਦਾ ਤਾਂ ਦਿਹਾੜੀ ’ਤੇ ਮਜ਼ਦੂਰ ਦੀ ਮਦਦ ਲੈ ਲੈਂਦਾ। ਜਰਨੈਲ ਸਿੰਘ ਦਾ ਕਹਿਣਾ ਸੀ ਕਿ ਖੇਤੀ ਘਾਟੇ ਦਾ ਸੌਦਾ ਨਹੀਂ, ਪਰ ਵਧ ਰਹੀ ਮਹਿੰਗਾਈ ਕਰਕੇ ਕਿਸਾਨ ਨੂੰ ਮਾਰ ਜ਼ਰੂਰ ਪੈਂਦੀ ਹੈ ਤੇ ਫਿਰ ਵੀ ਜੇਕਰ ਕਿਸਾਨ ਆਪਣੇ ਹੱਥੀਂ ਅਤੇ ਇਤਰਤੀਬ ਨਾਲ ਕੰਮ ਕਰਨ ਤਾਂ ਖੇਤੀਬਾੜੀ ਬਿਨਾ ਕਰਜ਼ਾ ਚੜ੍ਹਾਏ ਸਾਰੀਆਂ ਕਬੀਲਦਾਰੀਆਂ ਨਿਭਾ ਜਾਂਦੀ ਹੈ। ਥੋੜ੍ਹੀ ਖੇਤੀ ’ਤੇ ਸੀਰੀ ਰੱਖਣ ਅਤੇ ਖ਼ੁਦ ਕੰਮ ਨੂੰ ਹੱਥ ਨਾ ਲਾਉਣ ਵਾਲੇ ਕਿਸਾਨਾਂ ਦਾ ਉਹ ਸ਼ੁਰੂ ਤੋਂ ਹੀ ਵਿਰੋਧੀ ਰਿਹਾ ਹੈ। ਆਪਣੀ ਮਿਹਨਤ ਅਤੇ ਸਿਆਣਪ ਨਾਲ ਜਰਨੈਲ ਸਿੰਘ ਨੇ ਆਪਣੇ ਪੁੱਤਰ ਮਲਕੀਤ ਸਿੰਘ ਨੂੰ ਯੂਨੀਵਰਸਿਟੀ ਤੱਕ ਪੜ੍ਹਾਇਆ, ਵਿਆਹਿਆ ਅਤੇ ਹੁਣ ਉਹ ਇੱਕ ਵਧੀਆ ਕੰਪਨੀ ਵਿੱਚ ਸਾਫਟਵੇਅਰ ਇੰਜਨੀਅਰ ਵਜੋਂ ਨੌਕਰੀ ਕਰਦਾ ਸੀ। ਮਲਕੀਤ ਦੇ ਵਿਆਹ ਨੂੰ ਅਜੇ ਤਿੰਨ ਮਹੀਨੇ ਹੀ ਤਾਂ ਹੋਏ ਸਨ ਕਿ ਜਰਨੈਲ ਸਿੰਘ ਦੀ ਪਤਨੀ ਜੀਵਨ ਕੌਰ ਅਚਾਨਕ ਇਸ ਰੰਗਲੇ ਜਹਾਨ ਤੋਂ ਕੂਚ ਕਰ ਗਈ। ਹਰ ਦੁੱਖ ਸੁੱਖ ਵਿੱਚ ਜਰਨੈਲ ਦਾ ਹੌਸਲਾ ਬਣ ਕੇ ਉਸ ਦੇ ਨਾਲ ਖੜ੍ਹਨ ਵਾਲੀ ਜੀਵਨ ਕੌਰ ਦੇ ਤੁਰ ਜਾਣ ਨੂੰ ਭਾਵੇਂ ਜਰਨੈਲ ਸਿੰਘ ਰੱਬ ਦਾ ਭਾਣਾ ਮੰਨ ਲੰਬਾ ਹਾਉਕਾ ਲੈ ਕੇ ਗੱਲ ਟਾਲ ਛੱਡਦਾ ਪਰ ਘਰ ਵਿੱਚ ਉਹ ਇਕੱਲਾਪਣ ਮਹਿਸੂਸ ਜ਼ਰੂਰ ਕਰਦਾ। ਹੁਣ ਜਰਨੈਲ ਸਿੰਘ ਘਰ ਵਿੱਚ ਹੀ ਰਹਿੰਦਾ ਅਤੇ ਕਿਤਾਬਾਂ ਤੇ ਅਖ਼ਬਾਰ ਉਸ ਦੇ ਸਾਥੀ ਸਨ। ਜਰਨੈਲ ਸਿੰਘ ਦੇ ਘਰ ਉਸ ਦਾ ਦੁੱਖ ਵੰਡਾਉਣ ਲਈ ਉਸ ਦੇ ਜਾਣਕਾਰ ਆਉਂਦੇ ਰਹਿੰਦੇ ਅਤੇ ਉਹ ਹਰ ਇੱਕ ਨਾਲ ਗੱਲਬਾਤ ਕਰਦਾ, ਆਏ ਗਏ ਨੂੰ ਬਿਨਾ ਚਾਹ ਪੀਤਿਆਂ ਘਰੋਂ ਜਾਣ ਨਾ ਦੇਣਾ ਤਾਂ ਪੰਜਾਬੀਆਂ ਦਾ ਮੁੱਢ ਤੋਂ ਹੀ ਸੁਭਾਅ ਹੈ। ਜੇ ਚਾਹ ਨੂੰ ਕੋਈ ਨਾਂਹ ਕਰਦਾ ਤਾਂ ਜਰਨੈਲ ਸਿੰਘ ਕਹਿੰਦਾ, ‘‘ਓ ਪੀ ਲੈ ਭਾਈ, ਉਂਝ ਹੈ ਤਾਂ ਇਹ ਢਿੱਡ ਫੂਕਣੀ ਹੀ, ਪਰ ਸਾਡਾ ਪੰਜਾਬੀਆਂ ਦਾ ਇਹ ਵੀ ਇੱਕ ਮੋਹ ਦਾ ਤਰੀਕਾ ਜਿਹਾ ਹੀ ਹੈ।’’ ਜਰਨੈਲ ਸਿੰਘ ਕੋਲ ਉਸ ਦੇ ਹਮਦਰਦਾਂ ਦਾ ਆਉਣਾ ਉਸ ਦੀ ਨੂੰਹ ਮਨਜੀਤ ਨੂੰ ਬਹੁਤਾ ਪਸੰਦ ਨਹੀਂ ਸੀ। ਉਹ ਮੱਥੇ ਵਿੱਚ ਤਿਉੜੀਆਂ ਪਾ ਕੇ ਹੀ ਚਾਹ ਬਣਾਉਂਦੀ। ਘਰ ਵਿੱਚ ਬਹੁਤਾ ਕੰਮ ਹੁਣ ਰਿਹਾ ਨਹੀਂ ਸੀ, ਉਮਰ ਦੇ ਤਕਾਜ਼ੇ ਅਤੇ ਨੌਕਰੀ ਕਰਦੇ ਪੁੱਤਰ ਮਲਕੀਤ ਸਿੰਘ ਦੇ ਵਾਰ ਵਾਰ ਕਹਿਣ ਕਰਕੇ ਜਰਨੈਲ ਸਿੰਘ ਨੇ ਜ਼ਮੀਨ ਠੇਕੇ ’ਤੇ ਦੇ ਦਿੱਤੀ ਸੀ| ਜੀਵਨ ਕੌਰ ਦੇ ਤੁਰ ਜਾਣ ਮਗਰੋਂ ਘਰੇ ਕੰਮ ਕਰਨ ਵਾਲੀ ਰੱਖੀ ਹੋਈ ਸੀ। ਉਹ ਸਵੇਰੇ ਸ਼ਾਮ ਝਾੜੂ ਪੋਚਾ ਕਰ ਅਤੇ ਕੱਪੜਾ ਲੀੜਾ ਧੋ ਜਾਂਦੀ ਸੀ। ਅੱਜ ਜਦੋਂ ਜਰਨੈਲ ਸਿੰਘ ਨੂੰ ਆਪਣੀ ਐਨਕ ਨਾ ਲੱਭੀ ਤਾਂ ਉਸ ਨੇ ਕਾਫ਼ੀ ਸਮਾਂ ਲੱਭਣ ਤੋਂ ਬਾਅਦ ਨੂੰਹ ਮਨਜੀਤ ਕੌਰ ਨੂੰ ਆਵਾਜ਼ ਦਿੰਦਿਆਂ ਕਿਹਾ, “ਧੀਏ, ਦੇਖੀਂ ਜ਼ਰਾ! ਮੈਨੂੰ ਮੇਰੀ ਐਨਕ ਨਹੀਂ ਲੱਭ ਰਹੀ ਪਤਾ ਨਹੀਂ ਕਿੱਥੇ ਧਰ ਬੈਠਿਆ ਮੈਂ।’’´
ਮੱਥੇ ਵੱਟ ਪਾ ਕੇ ਮਨਜੀਤ ਕੌਰ ਉੱਠੀ ਅਤੇ ਜ਼ਾਬਤਾ ਜਿਹਾ ਕਰਕੇ ਹੈ ਨੀ ਕਹਿ ਕੇ ਫਿਰ ਬੈਠ ਗਈ। ਜਰਨੈਲ ਸਿੰਘ ਨੂੰ ਵੀ ਉਮਰ ਭਰ ਦਾ ਤਜਰਬਾ ਸੀ, ਉਹ ਨੂੰਹ ਦੇ ਰਉਂ ਨੂੰ ਭਾਂਪ ਤਾਂ ਗਿਆ ਸੀ ਪਰ ਉਸ ਨੇ ਇਹ ਸੋਚ ਕੇ ਗੱਲ ਅਣਗੌਲਿਆ ਕਰ ਦਿੱਤੀ ਕਿ ਆਪਣੇ ਪੇਕੇ ਘਰ ਤੋਂ ਨਵੇਂ ਥਾਂ ਆ ਕੇ ਜਲਦੀ ਜਲਦੀ ਆਪਣਾਪਣ ਬਣਦਾ ਨਹੀਂ ਹੁੰਦਾ, ਸ਼ਾਇਦ ਅਜੇ ਮਾਪਿਆਂ ਦੀ ਯਾਦ ਆਉਂਦੀ ਹੋਣੀ ਤਾਂ ਕਰਕੇ।
ਮਲਕੀਤ ਵੀ ਜਦੋਂ ਘਰ ਆਉਂਦਾ ਤਾਂ ਉਹ ਜਰਨੈਲ ਸਿੰਘ ਕੋਲ ਕੁਝ ਸਮਾਂ ਬੈਠਣ ਦੀ ਥਾਂ ਜਾਂ ਤਾਂ ਮੋਬਾਈਲ ’ਤੇ ਟਾਈਮ ਪਾਸ ਕਰਦਾ ਰਹਿੰਦਾ ਜਾਂ ਆਪਣੇ ਕਮਰੇ ਵਿੱਚ ਵੜ ਜਾਂਦਾ। ਅੱਜ ਜਰਨੈਲ ਨੂੰ ਵਾਰ ਵਾਰ ਖਾਂਸੀ ਛਿੜ ਰਹੀ ਸੀ ਤੇ ਉਸ ਦਾ ਮਨ ਕਾਹਲਾ ਪੈਣ ਲੱਗਾ। ਉਸ ਨੇ ਸੋਚਿਆ ਕਿ ਚਲ ਥੋੜ੍ਹਾ ਸਮਾਂ ਘਰ ਦੀ ਛੱਤ ’ਤੇ ਗੇੜਾ ਕੱਢ ਲੈਂਦਾ ਹਾਂ, ਸ਼ਾਇਦ ਮਨ ਨੂੰ ਟਿਕਾਅ ਆ ਜਾਵੇ। ਜਿਉਂ ਹੀ ਜਰਨੈਲ ਸਿੰਘ ਘਰ ਦੀ ਛੱਤ ’ਤੇ ਚੜ੍ਹਿਆ ਤਾਂ ਉੱਪਰ ਮਲਕੀਤ ਸਿੰਘ ਅਤੇ ਉਸ ਦੀ ਪਤਨੀ ਮਜਨੀਤ ਕੌਰ ਟਹਿਲ ਰਹੇ ਸਨ। ਜਰਨੈਲ ਸਿੰਘ ਨੂੰ ਦੇਖ ਕੇ ਮਲਕੀਤ ਨੇ ਪੁੱਛਿਆ, ‘‘ਬਾਪੂ ਜੀ ਤੁਸੀਂ?’’ ‘‘ਹਾਂ ਪੁੱਤ, ਮੈਂ ਤਾਂ ਉਂਝ ਹੀ ਗੇੜਾ ਕੱਢਣ ਆ ਗਿਆ।’’ ਇਹ ਕਹਿ ਕੇ ਜਰਨੈਲ ਸਿੰਘ ਵਾਪਸ ਪੌੜੀਆਂ ਉਤਰਨ ਲੱਗਿਆ। ਤੇਜ਼ ਤੇਜ਼ ਪੌੜੀਆਂ ਉਤਰਨ ਕਰਕੇ ਉਸ ਨੂੰ ਸਾਹ ਚੜ੍ਹ ਰਿਹਾ ਸੀ ਕਿ ਉਹ ਹੌਲੀ ਹੋ ਗਿਆ। ਉਸ ਨੂੰ ਗਿਆ ਜਾਣ ਕੇ, ਨੂੰਹ ਮਨਜੀਤ ਕੌਰ ਨੇ ਮਲਕੀਤ ਸਿੰਘ ਵੱਲ ਮੂੰਹ ਕਰਦਿਆਂ ਕਿਹਾ, ‘‘ਗੱਲ ਸੁਣੋ ਜੀ, ਮੈਂ ਬਾਪੂ ਜੀ ਕੋਲੋਂ ਬਹੁਤ ਤੰਗ ਹਾਂ, ਇਨ੍ਹਾਂ ਦਾ ਕੋਈ ਹੀਲਾ ਕਰੋ।’’ ‘‘ਕੀ ਹੋਇਆ?’’ ਮਲਕੀਤ ਨੇ ਪੁੱਛਿਆ। ‘‘ਹੋਣਾ ਕੀ ਹੈ, ਕਦੇ ਇਹਨੂੰ ਚਾਹ ਬਣਾ ਦੇ, ਕਦੇ ਬਾਕੀ ਬਚੇ ਖੁਚੇ ਸਮੇਂ ਵਿੱਚ ਇਨ੍ਹਾਂ ਦੀਆਂ ਚੀਜ਼ਾਂ ਲੱਭ ਕੇ ਦਿਓ। ਚੌਵੀ ਘੰਟੇ ਸਿਰ ’ਤੇ ਚੜ੍ਹੇ ਰਹਿੰਦੇ ਨੇ। ਇਸ ਘਰ ਵਿੱਚ ਆਪਣੀ ਕੋਈ ਨਿੱਜੀ ਜ਼ਿੰਦਗੀ ਹੀ ਨਹੀਂ, ਕੋਈ ਆਪਣਾ ਚਾਅ ਹੀ ਨਹੀਂ, ਤੁਸੀਂ ਮੇਰੀ ਗੱਲ ਸੁਣੋ, ਜ਼ਮੀਨ ਆਪਣੇ ਨਾਮ ਕਰਵਾਓ ਅਤੇ ਇਨ੍ਹਾਂ ਨੂੰ ਕਿਸੇ ਬਿਰਧ ਆਸ਼ਰਮ ਵਿੱਚ ਛੱਡ ਆਓ। ਨਾਲੇ ਉੱਥੇ ਇਨ੍ਹਾਂ ਵਰਗੇ ਬੁੜ੍ਹੇ ਹੋਣਗੇ, ਜੀਅ ਲੱਗ ਜਾਊ।’’ ‘‘ਬਿਰਧ ਆਸ਼ਰਮ!’’ ਮਲਕੀਤ ਨੇ ਹੌਲੀ ਜਿਹੀ ਪੁੱਛਿਆ। ‘‘ਹਾਂ ਜੀ, ਨਹੀਂ ਤਾਂ ਫਿਰ ਮੈਨੂੰ ਮੇਰੇ ਬਾਪ ਦੇ ਘਰ ਛੱਡ ਆਓ,’’ ਮਨਜੀਤ ਨੇ ਧਮਕੀ ਭਰੇ ਅੰਦਾਜ਼ ਵਿੱਚ ਦੋ ਟੁੱਕ ਫ਼ੈਸਲਾ ਸੁਣਾ ਦਿੱਤਾ। ‘‘ਕੋਈ ਨਾ ਤੂੰ ਕਾਹਲੀ ਨਾ ਪੈ, ਮੈਂ ਕਿਸੇ ਬਿਰਧ ਆਸ਼ਰਮ ਦਾ ਪਤਾ ਕਰ ਲਵਾਂ ਨਾਲੇ ਪਹਿਲਾਂ ਜ਼ਮੀਨ ਤੇ ਘਰ ਤਾਂ ਆਪਣੇ ਨਾਮ ਲਗਵਾ ਲਈਏ।’’ ਦਮ ਚੜ੍ਹਨ ਕਰਕੇ ਹੌਲੀ ਹੋਏ ਜਰਨੈਲ ਨੇ ਨੂੰਹ ਪੁੱਤ ਦੀ ਸਾਰੀ ਗੱਲ ਸੁਣ ਲਈ ਅਤੇ ਉਹ ਚੁੱਪਚਾਪ ਆ ਕੇ ਆਪਣੇ ਮੰਜੇ ’ਤੇ ਪੈ ਕੇ ਪੁੱਤ ਦੇ ਬਚਪਨ ਦੀਆਂ ਗੱਲਾਂ ਚੇਤੇ ਕਰਨ ਲੱਗਿਆ ਕਿ ਕਵਿੇਂ ਮਲਕੀਤ ਰੋਟੀ ਨਹੀਂ ਖਾਂਦਾ ਹੁੰਦਾ ਸੀ ਜਦੋਂ ਤੱਕ ਜਰਨੈਲ ਬਾਹਰੋਂ ਵਾਪਸ ਨਾ ਪਰਤਦਾ, ਉਸ ਨੂੰ ਇੱਕ ਪਲ ਵੀ ਦੂਰ ਨਹੀਂ ਸੀ ਹੋਣ ਦਿੰਦਾ, ਜਰਨੈਲ ਸਿੰਘ ਸੋਚ ਰਿਹਾ ਸੀ ਕਿ ਕੀ ਇਹ ਉਹੀ ਮਲਕੀਤ ਹੈ। ਅਗਲੀ ਸਵੇਰ ਐਤਵਾਰ ਹੋਣ ਕਰਕੇ ਮਲਕੀਤ ਲੇਟ ਉੱਠਿਆ ਅਤੇ ਜਰਨੈਲ ਸਿੰਘ ਸਵੇਰੇ ਹੀ ਸ਼ਹਿਰ ਵੱਲ ਚਲਾ ਗਿਆ। ਸ਼ਾਮ ਨੂੰ ਜਦੋਂ ਉਹ ਸ਼ਹਿਰੋਂ ਵਾਪਸ ਆਇਆ ਤਾਂ ਮਲਕੀਤ ਸਿੰਘ ਅਤੇ ਮਨਜੀਤ ਉਹਦੇ ਕਮਰੇ ਵਿੱਚ ਆ ਗਏ ਤੇ ਆਪਣੀ ਪਤਨੀ ਵੱਲ ਦੇਖਦਿਆਂ ਮਲਕੀਤ ਬੋਲਿਆ, ‘‘ਬਾਪੂ ਜੀ, ਤੁਹਾਡੇ ਨਾਲ ਇੱਕ ਗੱਲ ਕਰਨੀ ਸੀ।’’ ‘‘ਬੋਲ ਪੁੱਤ, ਮੈਂ ਵੀ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ।’’ ‘‘ਪਹਿਲਾਂ ਤੁਸੀਂ ਦੱਸੋ ਬਾਪੂ ਜੀ।’’ ‘‘ਮੈਂ ਤਾਂ ਆਹ ਟਿਕਟਾਂ ਤੁਹਾਨੂੰ ਦੇਣੀਆਂ ਸੀ। ਇਹ ਤੁਹਾਡੇ ਗੋਆ ਟੂਰ ਦੀਆਂ ਟਿਕਟਾਂ ਹਨ, ਪੰਦਰਾਂ ਦਿਨਾਂ ਦੀਆਂ, ਦਫ਼ਤਰੋਂ ਛੁੱਟੀ ਲੈ ਕੇ ਤੁਸੀਂ ਘੁੰਮ ਆਓ। ਤੇਰੀ ਮਾਂ ਦੇ ਜਾਣ ਤੋਂ ਬਾਅਦ ਸਭ ਉਲ਼ਝ ਗਿਆ ਸੀ ਪੁੱਤਰਾ, ਤੁਸੀਂ ਕਿਤੇ ਬਾਹਰ ਘੁੰਮਣ ਵੀ ਨਹੀਂ ਜਾ ਸਕੇ।’’ ਮਨਜੀਤ ਨੇ ਗੱਲ ਖ਼ਤਮ ਹੁੰਦਿਆਂ ਹੀ ਟੂਰ ਪੈਕੇਜ ਵਾਲਾ ਲਿਫ਼ਾਫ਼ਾ ਫੜਨ ਲਈ ਹੱਥ ਅੱਗੇ ਵਧਾ ਦਿੱਤਾ ਅਤੇ ਲਿਫ਼ਾਫ਼ਾ ਫੜ ਕੇ ਦੋਵੇਂ ਤੁਰਨ ਲੱਗੇ ਤਾਂ, ਜਰਨੈਲ ਸਿੰਘ ਬੋਲਿਆ, ‘‘ਹਾਂ ਸੱਚ, ਤੁਸੀਂ ਕੀ ਗੱਲ ਕਰਨੀ ਸੀ ਪੁੱਤ?’’ ‘‘ਕੁਝ ਨਹੀਂ ਬਾਪੂ ਜੀ, ਫੇਰ ਵਾਪਸ ਆ ਕੇ ਕਰਲਾਂਗੇ, ਤੁਸੀਂ ਅਰਾਮ ਕਰੋ।’’ ਮਲਕੀਤ ਜ਼ਮੀਨ ਨਾਮ ਕਰਾਉਣ ਦੀ ਗੱਲ ਛੇੜਦਾ ਉਸ ਤੋਂ ਪਹਿਲਾਂ ਹੀ ਮਨਜੀਤ ਕੌਰ ਨੇ ਜਵਾਬ ਦੇ ਦਿੱਤਾ। ਦੋਵੇਂ ਪੰਦਰਾਂ ਦਿਨਾਂ ਲਈ ਗੋਆ ਚਲੇ ਗਏ। ਜਦੋਂ ਉਹ ਵਾਪਸ ਆਏ ਤਾਂ ਘਰ ਅੰਦਰ ਕਾਫ਼ੀ ਬਜ਼ੁਰਗ ਬੈਠੇ ਸਨ। ਉਨ੍ਹਾਂ ਨੂੰ ਦੇਖ ਕੇ ਮਲਕੀਤ ਅਤੇ ਉਸ ਦੀ ਪਤਨੀ ਹੈਰਾਨ ਹੋ ਗਏ ਅਤੇ ਉਨ੍ਹਾਂ ਨੇ ਪੁੱਛਿਆ, ‘‘ਬਾਬਾ, ਤੁਸੀਂ ਸਾਡੇ ਘਰੇ ਕੀ ਕਰਦੇ ਹੋ?” ਬਜ਼ੁਰਗਾਂ ਵਿੱਚੋਂ ਇੱਕ ਬੋਲਿਆ, ‘‘ਤੁਸੀਂ ਕੀਹਦੇ ਘਰੇ ਜਾਣਾ ਕਾਕਾ? ਇਹ ਤਾਂ ਬਿਰਧ ਆਸ਼ਰਮ ਹੈ। ਬੇਸਹਾਰਾ ਬਜ਼ੁਰਗਾਂ ਦਾ ਘਰ, ਉੱਪਰ ਬੋਰਡ ਦੇਖ ਲਾ ਪੁੱਤ।’’ ਜਦੋਂ ਮਲਕੀਤ ਨੇ ਉੱਪਰ ਨਜ਼ਰ ਮਾਰੀ ਤਾਂ ਉੱਥੇ ਲਿਖਿਆ ਸੀ, ਜੀਵਨ ਕੌਰ ਬਿਰਧ ਆਸ਼ਰਮ, ਬਜ਼ੁਰਗਾਂ ਦਾ ਆਪਣਾ ਘਰ। ਬੋਰਡ ਪੜ੍ਹ ਕੇ ਤਰੇਲੀਓ-ਤਰੇਲੀ ਹੋਇਆ ਮਲਕੀਤ ਫਿਰ ਬਜ਼ੁਰਗ ਨੂੰ ਪੁੱਛਦਾ ਹੈ, ‘‘ਬਾਬਾ ਜੀ, ਇਸ ਘਰ ਦੇ ਮਾਲਕ ਬਾਪੂ ਜਰਨੈਲ ਸਿੰਘ ਕਿੱਥੇ ਨੇ ?’’ ‘‘ਮਾਲਕ ਤਾਂ ਪੁੱਤਰਾ ਇਸ ਦਾ ਹਰ ਬੇਸਹਾਰਾ ਬਜ਼ੁਰਗ ਹੈ, ਜਿਹਨੂੰ ਔਲਾਦ ਨਹੀਂ ਸਾਂਭਦੀ ਉਸ ਨੂੰ ਇਹ ਘਰ ਸੰਭਾਲਦਾ ਹੈ, ਹਾਂ ਜਰਨੈਲ ਸਿਹੁੰ ਕੁਝ ਸਮਾਨ ਲੈਣ ਲਾਲੇ ਦੀ ਹੱਟ ’ਤੇ ਗਿਆ ਹੋਇਐ, ਆ ਜਾਂਦੈ, ਬੈਠ ਜਾਓ, ਜੇ ਗੁੱਸਾ ਨਾ ਕਰੋ ਤਾਂ ਇੱਕ ਗੱਲ ਪੁੱਛਾਂ।’’ ਬਜ਼ੁਰਗ ਨੇ ਬੈਠਣ ਲਈ ਰੱਖੇ ਮੇਜ਼ ਵੱਲ ਇਸ਼ਾਰਾ ਕਰਦਿਆਂ ਕਿਹਾ। ‘‘ਤੁਹਾਡਾ ਕਾਹਦਾ ਗੁੱਸਾ ਕਰਨਾ, ਪੁੱਛੋ ਬਾਬਾ ਜੀ?’’ ‘‘ਕੀ ਤੁਸੀਂ ਵੀ ਇੱਥੇ ਰਹਿਣ ਆਏ ਹੋ? ਤੁਹਾਨੂੰ ਵੀ ਕਿਸੇ ਨੇ ਬਾਹਰ ਕੱਢ ਦਿੱਤਾ?” ਸਵਾਲ ਸੁਣ ਕੇ ਮਲਕੀਤ ਨੇ ਨੀਵੀਂ ਪਾ ਲਈ, ਉਹ ਕੁਝ ਬੋਲਦਾ ਇੰਨੇ ਨੂੰ ਸਾਹਮਣੇ ਤੋਂ ਆਉਂਦੇ ਜਰਨੈਲ ਨੂੰ ਦੇਖ ਕੇ ਬਾਬਾ ਬੋਲਿਆ, ‘‘ਉਹ ਆਉਂਦਾ ਬਈ ਜਰਨੈਲ ਸਿਹੁੰ।’’ ਜਰਨੈਲ ਸਿੰਘ ਨੇੜੇ ਆਇਆ ਤਾਂ ਮਲਕੀਤ ਨੇ ਪੁੱਛਿਆ, ‘‘ਬਾਪੂ ਜੀ ਇਹ ਕੀ ਹੈ? ਆਪਣੇ ਘਰ ਦਾ ਬਿਰਧ ਆਸ਼ਰਮ ਬਣਾ ਦਿੱਤਾ।’’
‘‘ਆਪਣਾ ਨਹੀਂ ਮੇਰਾ, ਆਹ ਫੜ ਤੇਰੇ ਘਰ ਦੀ ਚਾਬੀ, ਬੱਸ ਅੱਡੇ ਕੋਲ ਮੈਂ ਤੁਹਾਡੇ ਦੋਵਾਂ ਲਈ ਇੱਕ ਮਕਾਨ ਕਿਰਾਏ ’ਤੇ ਲੈ ਦਿੱਤਾ ਹੈ ਤੁਹਾਡਾ ਸਾਰਾ ਸਮਾਨ ਉੱਥੇ ਹੈ, ਉਸ ਦੇ ਦੋ ਮਹੀਨਿਆਂ ਦਾ ਕਿਰਾਇਆ ਮੈਂ ਦੇ ਦਿੱਤਾ। ਬਾਕੀ ਜਿੰਨਾ ਸਮਾਂ ਤੁਸੀਂ ਰਹਿਣਾ ਆਪਣਾ ਕਿਰਾਇਆ ਦੇ ਦਿਓ। ਨਾਲ਼ੇ ਆਪਣੀ ਸਾਰੀ ਜ਼ਮੀਨ ਅਤੇ ਘਰ ਮੈਂ ਰੌਸ਼ਨੀ ਟਰਸ਼ਟ ਦੇ ਨਾਮ ਲਗਾ ਦਿੱਤਾ ਹੈ ਤਾਂ ਜੋ ਇੱਥੇ ਬੇਸਹਾਰਾ ਬਜ਼ੁਰਗਾਂ ਦੀ ਸੰਭਾਲ ਹੋ ਸਕੇ ਜਨਿ੍ਹਾਂ ਨੂੰ ਤੇਰੇ ਵਰਗੇ ਪੁੱਤ ਬਾਹਰ ਕਰ ਦੇਣ।’’ ‘‘ਤੁਸੀਂ ਇਹ ਕਵਿੇਂ ਕਰ ਸਕਦੇ ਹੋ ਬਾਪੂ ਜੀ? ਆਖ਼ਰ ਨੂੰ ਮਲਕੀਤ ਤੁਹਾਡਾ ਪੁੱਤਰ ਹੈ।’’ ਆਪਣੇ ਪੈਰਾਂ ਥੱਲਿਓਂ ਜ਼ਮੀਨ ਨਿਕਲਦੀ ਦੇਖ ਮਨਜੀਤ ਕੌਰ ਬੋਲੀ। ‘‘ਕਰ ਸਕਦਾ ਹਾਂ, ਕਿਉਂਕਿ ਮੈਂ ਬਾਪ ਹਾਂ, ਮੈਂ ਇਹੀ ਕਰ ਸਕਦਾ ਸੀ,’’ ਇਹ ਕਹਿ ਕੇ ਜਰਨੈਲ ਸਿੰਘ ਬਿਰਧ ਆਸ਼ਰਮ ਵਿੱਚ ਜਾ ਬਾਕੀ ਬਜ਼ੁਰਗਾਂ ਨਾਲ ਗੱਲਾਂ ਕਰਨ ਲੱਗਿਆ।
ਸੰਪਰਕ: 94644-42300