ਨੌਜਵਾਨ ਦੇ ਪਿਤਾ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਨਕੋਦਰ ਬੇਅਦਬੀ ਕਾਂਡ
ਪਾਲ ਸਿੰਘ ਨੌਲੀ
ਜਲੰਧਰ, 10 ਦਸੰਬਰ
ਸਾਕਾ ਨਕੋਦਰ ਨਾਂ ਦੇ ਨਾਲ ਜਾਣੇ ਜਾਂਦੇ ਨਕੋਦਰ ਬੇਅਦਬੀ ਕਾਂਡ ਦੇ ਪੀੜਤ 38 ਸਾਲ ਬੀਤ ਜਾਣ ’ਤੇ ਵੀ ਇਨਸਾਫ਼ ਲਈ ਦਰ-ਦਰ ਭਟਕ ਰਹੇ ਹਨ।
ਇਸ ਕਾਂਡ ਵਿੱਚ ਪੁਲੀਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਚਾਰ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਦੇ ਪਿਤਾ ਬਲਦੇਵ ਸਿੰਘ ਲਿੱਤਰਾਂ ਨੇ ਅੱਜ 75ਵੇਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਪੱਤਰ ਲਿਖਿਆ ਹੈ। ਪੱਤਰ ਵਿੱਚ ਸ੍ਰੀ ਲਿੱਤਰਾਂ ਨੇ ਕਿਹਾ ਕਿ 4 ਫਰਵਰੀ 1986 ਦੇ ਦਿਨ ਪੰਜਾਬ ਪੁਲੀਸ ਅਤੇ ਸੀਆਰਪੀਐੱਫ ਦੇ ਸੁਰੱਖਿਆ ਬਲਾਂ ਵੱਲੋਂ ਚਾਰ ਨਿਰਦੋਸ਼ ਨੌਜਵਾਨਾਂ ਰਵਿੰਦਰ ਸਿੰਘ ਲਿੱਤਰਾਂ, ਹਰਮਿੰਦਰ ਸਿੰਘ ਰਾਏਪੁਰ ਚਲੂਪਰ, ਬਲਧੀਰ ਸਿੰਘ ਰਾਮਗੜ੍ਹ ਅਤੇ ਝਿਲਮਣ ਸਿੰਘ ਗੋਰਸੀਆ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਇਹ ਨੌਜਵਾਨ ਗੁਰਦੁਆਰਾ ਗੁਰੂ ਅਰਜਨ ਦੇਵ ਸਾਹਿਬ ਨਕੋਦਰ ਵੱਲ ਜਾ ਰਹੇ ਸ਼ਾਂਤਮਈ ਮਾਰਚ ਦਾ ਹਿੱਸਾ ਸਨ। ਉਨ੍ਹਾਂ ਪੰਜਾਬ ਸਰਕਾਰ ਤੋਂ ਇਸ ਸਬੰਧੀ ਇਨਸਾਫ਼ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਪੁਲੀਸ ਨੇ 25 ਸਾਲ ਮਗਰੋਂ ਝੂਠੇ ਮੁਕਾਬਲੇ ਦਾ ਸੱਚ ਕਬੂਲਿਆ ਸੀ। ਇਸ ਕਾਰਨ ਇਨ੍ਹਾਂ ਨੌਜਵਾਨਾਂ ਦੇ ਮਾਪਿਆਂ ਨੂੰ ਹੁਣ ਇਸ ਸਬੰਧੀ ਇਨਸਾਫ਼ ਦੀ ਆਸ ਬੱਝੀ ਹੈ।
ਕਸ਼ਮੀਰ, ਪੰਜਾਬ ਅਤੇ ਮਨੀਪੁਰ ਦਾ ਦੌਰਾ ਕਰੇ ਐਮਨੈਸਟੀ ਇੰਟਰਨੈਸ਼ਨਲ: ਦਲ ਖਾਲਸਾ
ਅੰਮ੍ਰਿਤਸਰ (ਟ੍ਰਬਿਿਉੂਨ ਨਿਉੂਜ਼ ਸਰਵਿਸ): ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਦਲ ਖਾਲਸਾ ਨੇ ਐਮਨੈਸਟੀ ਇੰਟਰਨੈਸ਼ਨਲ ਅਤੇ ਹਿਊਮਨ ਰਾਈਟਸ ਵਾਚ ਵਰਗੀਆਂ ਨਿਰਪੱਖ ਅਤੇ ਪ੍ਰਮੁੱਖ ਸੰਸਥਾਵਾਂ ਨੂੰ ਕਸ਼ਮੀਰ, ਪੰਜਾਬ ਅਤੇ ਮਨੀਪੁਰ ਸੂਬਿਆਂ ਵਿੱਚ ਆਪਣੀਆਂ ਟੀਮਾਂ ਭੇਜ ਕੇ ਮਨੁੱਖੀ ਅਧਿਕਾਰਾਂ ਦੀ ਤਰਸਯੋਗ ਹਾਲਤ ਅਤੇ ਨਿੱਘਰਦੀ ਸਥਿਤੀ ਦਾ ਜਾਇਜ਼ਾ ਲੈਣ ਦੀ ਅਪੀਲ ਕੀਤੀ ਹੈ। ਪਾਰਟੀ ਦੇ ਆਗੂ ਪਰਮਜੀਤ ਸਿੰਘ ਮੰਡ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਪੁਲੀਸ ਨੂੰ ਮਿਲੀਆਂ ਤਾਕਤਾਂ ਅਤੇ ਖੁੱਲ੍ਹਾਂ ਹੀ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਮੁੱਖ ਕਾਰਨ ਹਨ। ਉਨ੍ਹਾਂ ਕਿਹਾ ਕਿ ਇਸ ਵਰ੍ਹੇ ਸਿੱਖਾਂ ਦੇ ਅੰਤਰਰਾਸ਼ਟਰੀ ਪੱਧਰ ’ਤੇ ਕਤਲਾਂ ਨੇ ਦਿੱਲੀ ਅਤੇ ਅੰਮ੍ਰਿਤਸਰ ਵਿੱਚ ਦਰਾੜ ਨੂੰ ਹੋਰ ਡੂੰਘਾ ਕੀਤਾ ਹੈ। ਇਸੇ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਵਿਸ਼ੇਸ਼ ਕਰਕੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਨ ਦਾ ਮੁੱਦਾ ਸਿੱਖ ਪੰਥ ਲਈ ਚੁਣੌਤੀ ਬਣਿਆ ਹੋਇਆ ਹੈ। ਸਿੱਖ ਯੂਥ ਆਫ ਪੰਜਾਬ ਦੇ ਆਗੂ ਗੁਰਨਾਮ ਸਿੰਘ ਮੂਨਕਾਂ ਨੇ ਕਿਹਾ ਕਿ ਬੀਤੇ ਕੱਲ੍ਹ ਬਠਿੰਡਾ ਪੁਲੀਸ ਦੀਆਂ ਰੁਕਾਵਟਾਂ ਅਤੇ ਜਥੇਬੰਦੀ ਦੇ ਮੈਂਬਰਾਂ ਨੂੰ ਹਿਰਾਸਤ ਵਿਚ ਲੈਣ ਦੇ ਬਾਵਜੂਦ ਸੰਗਤ ਮਾਰਚ ਤੇ ਰੈਲੀ ਵਿੱਚ ਸ਼ਾਮਿਲ ਹੋਈ।