ਪਿਤਾ ਖੈਰ ਖ਼ਬਰ ਲਈ ਤਰਸਦਾ ਰਿਹਾ... ਕੋਰਟ ਵੀ ਗਿਆ, ਪਰ ਧੀ ਨੂੰ ਯੂਏਈ ਵਿਚ ਪਹਿਲਾਂ ਹੀ ਫਾਂਸੀ ਦਿੱਤੀ
ਉਜਵਲ ਜਲਾਲੀ
ਨਵੀਂ ਦਿੱਲੀ, 3 ਮਾਰਚ
Indian woman on death row executed in UAE ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਚਾਰ ਮਹੀਨੇ ਦੇ ਬੱਚੇ ਦੀ ਹੱਤਿਆ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ 33 ਸਾਲਾ ਭਾਰਤੀ ਮਹਿਲਾ ਨੂੰ ਅਧਿਕਾਰੀਆਂ ਨੇ ਫਾਂਸੀ ਦੇ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੀ ਰਹਿਣ ਵਾਲੀ ਸ਼ਹਿਜ਼ਾਦੀ ਖਾਨ ਨੂੰ 15 ਫਰਵਰੀ ਨੂੰ ਫਾਂਸੀ ਦਿੱਤੀ ਗਈ ਸੀ। ਭਾਰਤੀ ਮਹਿਲਾ ਨੂੰ ਫਾਂਸੀ ਦੇਣ ਬਾਰੇ ਅਬੂ ਧਾਬੀ ਵਿੱਚ ਭਾਰਤੀ ਦੂਤਾਵਾਸ ਨੂੰ 28 ਫਰਵਰੀ ਨੂੰ ਰਸਮੀ ਤੌਰ ’ਤੇ ਸੂਚਿਤ ਕੀਤਾ ਗਿਆ। ਖ਼ਾਨ ਦਾ ਪਰਿਵਾਰ ਸਦਮੇ ਤੇ ਸੋਗ ਵਿਚ ਹੈ। ਸ਼ਹਿਜ਼ਾਦੀ ਦੇ ਪਿਤਾ ਸ਼ਬੀਰ ਖਾਨ ਆਪਣੀ ਧੀ ਦੀ ਖੈਰ ਖ਼ਬਰ ਜਾਣਨ ਲਈ ਭੱਜ ਨੱਸ ਕਰ ਰਹੇ ਸਨ, ਪਰ ਉਹ ਇਸ ਗੱਲੋੋਂ ਅਣਜਾਣ ਸਨ ਕਿ ਧੀ ਨੂੰ ਫਾਂਸੀ ਪਹਿਲਾਂ ਹੀ ਹੋ ਚੁੱਕੀ ਹੈ।
ਖਾਨ ਨੇ ਆਪਣੀ ਧੀ ਦੀ ਖੈਰ ਖ਼ਬਰ ਜਾਣਨ ਲਈ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ। ਇਸ ਕਾਨੂੰਨੀ ਕਾਰਵਾਈ ਦੌਰਾਨ ਹੀ ਵਧੀਕ ਸੌਲੀਸਿਟਰ ਜਨਰਲ (ਏਐਸਜੀ) ਚੇਤਨ ਸ਼ਰਮਾ ਨੇ ਇਸ ਭਿਆਨਕ ਸੱਚ ਦਾ ਖੁਲਾਸਾ ਕੀਤਾ ਕਿ ਸ਼ਹਿਜ਼ਾਦੀ ਨੂੰ ਪਹਿਲਾਂ ਹੀ ਯੂਏਈ ਕਾਨੂੰਨ ਮੁਤਾਬਕ ਫਾਂਸੀ ਦਿੱਤੀ ਜਾ ਚੁੱਕੀ ਹੈ। ਅਦਾਲਤ ਨੇ ਇਸ ਪੂਰੇ ਘਟਨਾਕ੍ਰਮ ਨੂੰ ‘ਦੁਖਦਾਈ’ ਤੇ ਮੰਦਭਾਗਾ ਦੱਸਿਆ, ਪਰ ਕੋਈ ਹੋਰ ਕਾਨੂੰਨੀ ਰਾਹ ਨਾ ਬਚੇ ਹੋਣ ਕਰਕੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਖ਼ਾਨ ਨੂੰ 5 ਮਾਰਚ ਨੂੰ ਅਬੂ ਧਾਬੀ ਵਿੱਚ ਸਪੁਰਦੇ ਖਾਕ ਕੀਤਾ ਜਾਵੇਗਾ।
ਸ਼ਹਿਜ਼ਾਦੀ ਖਾਨ ਅਬੂ ਧਾਬੀ ਵਿੱਚ ਇੱਕ ਤਿਮਾਰਦਾਰ ਵਜੋਂ ਕੰਮ ਕਰ ਰਹੀ ਸੀ ਜਦੋਂ ਉਸ ਦੇ ਮਾਲਕ ਦੇ ਬੱਚੇ ਦੀ 7 ਦਸੰਬਰ, 2022 ਨੂੰ ਨਿਯਮਤ ਟੀਕਾਕਰਨ ਤੋਂ ਥੋੜ੍ਹੀ ਦੇਰ ਬਾਅਦ ਮੌਤ ਹੋ ਗਈ। ਉਸ ਨੂੰ ਫਰਵਰੀ 2023 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜੁਲਾਈ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਹਿਜ਼ਾਦੀ ਅਲ ਵਥਬਾ ਕੇਂਦਰੀ ਜੇਲ੍ਹ ਵਿੱਚ ਬੰਦ ਸੀ। ਦਸੰਬਰ 2023 ਵਿੱਚ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਸ਼ਹਿਜ਼ਾਦੀ ਨੂੰ ਅਪਰਾਧ ਕਬੂਲ ਕਰਦੇ ਸੁਣਿਆ ਜਾ ਸਕਦਾ ਹੈ।
ਹਾਲਾਂਕਿ ਸ਼ਹਿਜ਼ਾਦੀ ਦੇ ਪਿਤਾ ਨੇ ਪਟੀਸ਼ਨ ਵਿੱਚ ਦੋਸ਼ ਲਗਾਇਆ ਸੀ ਕਿ ਇਹ ਇਕਬਾਲੀਆ ਬਿਆਨ ਉਸ ਦੇ ਮਾਲਕ ਦੇ ਪਰਿਵਾਰ ਵੱਲੋਂ ਤਸ਼ੱਦਦ ਢਾਹ ਕੇ ਅਤੇ ਜਬਰੀ ਪ੍ਰਾਪਤ ਕੀਤਾ ਗਿਆ ਸੀ। ਪਟੀਸ਼ਨ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਬੱਚੀ ਦੇ ਮਾਪਿਆਂ ਨੇ ਪੋਸਟਮਾਰਟਮ ਜਾਂਚ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਅਗਲੇਰੀ ਜਾਂਚ ਰੋਕਣ ਲਈ ਇੱਕ ਦਸਤਾਵੇਜ਼ ’ਤੇ ਦਸਤਖ਼ਤ ਕੀਤੇ ਸਨ।
ਇਨ੍ਹਾਂ ਫਿਕਰਾਂ ਦੇ ਬਾਵਜੂਦ ਸ਼ਹਿਜ਼ਾਦੀ ਦੀ ਅਪੀਲ ਸਤੰਬਰ 2023 ਵਿੱਚ ਰੱਦ ਕਰ ਦਿੱਤੀ ਗਈ। ਯੂਏਈ ਦੀ ਅਦਾਲਤ ਨੇ 28 ਫਰਵਰੀ, 2024 ਨੂੰ ਉਸ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਆਪਣੀ ਧੀ ਨੂੰ ਬਚਾਉਣ ਲਈ ਬੇਤਾਬ ਸ਼ਹਿਜ਼ਾਦੀ ਦੇ ਪਿਤਾ ਨੇ ਮਈ 2024 ਵਿੱਚ ਇੱਕ ਅੰਤਿਮ ਰਹਿਮ ਪਟੀਸ਼ਨ ਦਾਇਰ ਕੀਤੀ ਸੀ ਪਰ ਇਸ ਨੂੰ ਵੀ ਰੱਦ ਕਰ ਦਿੱਤਾ ਗਿਆ।
ਇਸ ਸਾਲ 14 ਫਰਵਰੀ ਨੂੰ ਉਸ ਨੂੰ ਸ਼ਹਿਜ਼ਾਦੀ ਦਾ ਫ਼ੋਨ ਆਇਆ, ਜਿਸ ਵਿੱਚ ਉਸ ਨੇ ਇਸ਼ਾਰਾ ਕੀਤਾ ਕਿ ਉਸ ਨੂੰ ਜਲਦੀ ਫਾਂਸੀ ਦਿੱਤੀ ਜਾ ਸਕਦੀ ਹੈ। ਉਸ ਨੇ ਕਿਹਾ ਕਿ ਪਰਿਵਾਰ ਨਾਲ ਉਸ ਦੀ ਇਹ ‘ਆਖਰੀ ਗੱਲਬਾਤ’ ਹੋ ਸਕਦੀ ਹੈ। ਆਪਣੀ ਧੀ ਦੇ ਫ਼ੋਨ ਕਾਲ ਤੋਂ ਬਾਅਦ ਸ਼ਬੀਰ ਨੇ 20 ਫਰਵਰੀ ਨੂੰ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਕੇ ਆਪਣੀ ਧੀ ਦੀ ਖੈਰ ਖ਼ਬਰ ਜਾਣਨ ਦੀ ਕੋਸ਼ਿਸ਼ ਕੀਤੀ। ਦੁਖਦਾਈ ਪਹਿਲੂ ਇਹ ਹੈ ਕਿ ਜਦੋਂ ਤੱਕ ਕੋਈ ਅਧਿਕਾਰਤ ਜਵਾਬ ਆਉਂਦਾ, ਉਸ ਦੀ ਧੀ ਨੂੰ ਪਹਿਲਾਂ ਹੀ ਫਾਂਸੀ ਦਿੱਤੀ ਜਾ ਚੁੱਕੀ ਸੀ।