ਦੋ ਅਜਾਇਬ ਘਰਾਂ ਦੀ ਹੋਣੀ
ਜਯੋਤੀ ਮਲਹੋਤਰਾ
ਨਵੇਂ ਸਾਲ ਦਾ ਸਭ ਤੋਂ ਵਧੀਆ ਤੋਹਫ਼ਾ ਜਿਹੜਾ ਤੁਸੀਂ ਖ਼ੁਦ ਨੂੰ ਦੇ ਸਕਦੇ ਹੋ, ਉਹ ਹੈ ਭੂਪੇਨ ਖਾਖਰ, ਜੇ ਸਵਾਮੀਨਾਥਨ ਤੇ ਕੇਜੀ ਸੁਬਰਾਮਣੀਅਨ ਜਿਹੀਆਂ ਸ਼ਖ਼ਸੀਅਤਾਂ ਨਾਲ ਸਮਾਂ ਬਿਤਾਉਣਾ। ਸਭ ਤੋਂ ਸ਼ਾਨਦਾਰ ਚੀਜ਼ ਹੈ ਕਿ ਉਨ੍ਹਾਂ ਨੂੰ ਕਿਸੇ ਨਾਲ ਵੰਡਣਾ ਨਹੀਂ ਪੈਂਦਾ। ਏ. ਰਾਮਚੰਦਰਨ ਵੀ ਪਿੱਛੇ ਕਿਤੇ ਮੌਜੂਦ ਹੈ। ਪ੍ਰਤਿਭਾਵਾਨ ਨਲਿਨੀ ਮਲਾਨੀ ਆਪਣੀ ਦੁਨੀਆ ’ਚ ਹੀ ਕਿਤੇ ਮਗਨ ਹੈ, ਇਸ ਲਈ ਤੁਹਾਨੂੰ ਨਿੱਜਤਾ ਭੰਗ ਹੋਣ ਬਾਰੇ ਸੋਚਣ ਦੀ ਲੋੜ ਨਹੀਂ ਹੈ- ਲੱਭੋ ਉਸ ਦੀ ਰਚਨਾ ਕਿੱਥੇ ਟੰਗੀ ਹੋਈ ਹੈ, ਥੋੜ੍ਹਾ ਜਿਹਾ ਪਿੱਛੇ ਹਟੋ, ਸਾਰੇ ਪਾਸਿਉਂ ਉਸ ਨੂੰ ਨਿਹਾਰੋ, ਪਿੱਛਿਓਂ ਵੀ। ਤੁਸੀਂ ਪਾਓਗੇ ਕਿ ਕੈਨਵਸ ਉੱਤੇ ਸਾਰੇ ਤੇਲ, ਗੱਤੇ ਦੇ ਬੋਰਡ ਨਾਲ ਚਿੰਬੜੇ ਡੋਰੀਆਂ ਨਾਲ ਕੰਧਾਂ ’ਤੇ ਟੰਗੇ ਹੋਏ ਹਨ।
ਆਓ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਫਾਈਨ ਆਰਟਸ ਅਜਾਇਬ ਘਰ ਦੀ ਅਗਲੀ ਗੈਲਰੀ ਵਿੱਚ ਅਗਲੇ ਮਹਾਰਥੀ ਵੱਲ ਚੱਲਦੇ ਹਾਂ। “ਚਿੱਤਰ ਚੋਰੀ ਕਰ ਕੇ ਕਿਵੇਂ ਨਿਕਲਿਆ ਜਾਵੇ”, ਆਰਾਮ ਨਾਲ ਇਸ ਕਾਲਮ ਦਾ ਵਿਸ਼ਾ ਹੋ ਸਕਦਾ ਸੀ ਜੋ ਨਹੀਂ ਹੈ। ਇੱਥੇ ਸਭ ਬਹੁਤ ਬੇਸ਼ਕੀਮਤੀ ਹੈ। ਇਹ ਤੱਥ ਵੀ ਸ਼ਾਇਦ ਦਿਲਚਸਪ ਹੈ ਕਿ ਜ਼ਿਆਦਾਤਰ ਦੁਨੀਆ ਭੁੱਲ ਚੁੱਕੀ ਹੈ ਕਿ ਇਹ ਕਲਾਕ੍ਰਿਤੀਆਂ ਕਿਤੇ ਪਈਆਂ ਹਨ- ਯਕੀਨਨ ਇਹ ਕਿਸੇ ਵੈੱਬਸਾਈਟ ਉੱਤੇ ਨਹੀਂ ਹਨ। ਇਸ ਲਈ ਜਦੋਂ ਅਚਾਨਕ ਤੁਹਾਨੂੰ ਇਹ ਲੱਭਦੀਆਂ ਹਨ ਤਾਂ ਵਿਚਾਰ ਮਨ ’ਚ ਆਉਂਦਾ ਹੈ ਕਿ ਹਾਂ, ਇਹ ਪੂਰੀ ਤਰ੍ਹਾਂ ਸਾਡੀ ਆਪਣੀ ਨਿੱਜੀ ਜਗ੍ਹਾ ਹੋ ਸਕਦੀ ਹੈ, ਜਿੱਥੇ ਨਵੇਂ ਸਾਲ ਵਰਗੇ ਖ਼ਾਸ ਮੌਕਿਆਂ ’ਤੇ ਤੁਸੀਂ ਇੱਕ-ਦੋ ਸਮੋਸੇ ਖਾ ਸਕਦੇ ਹੋਵੋ; ਆਖ਼ਿਰਕਾਰ, ਭੁਪੇਨ ਖਾਖਰ ਦਾ ਕਾਰਜ ਜੋ ਸਾਹਮਣੇ ਵਾਲੀ ਕੰਧ ਉੱਤੇ ਲਟਕ ਰਿਹਾ ਹੈ, ਉਸ ਦਾ ਨਾਂ ਹੈ ‘ਬਰੇਕਫਾਸਟ ਇਨ ਕਸੌਲੀ’। ਖਾਣ-ਪੀਣ ਦੇ ਸ਼ੌਕੀਨ ਬਿਲਕੁਲ ਸਿਫ਼ਤ ਕਰਨਗੇ।
ਹੋਰ ਵੀ ਕਈ ਚੀਜ਼ਾਂ ਹਨ। ਇਹ ਇਮਾਰਤ ਬੀਪੀ ਮਾਥੁਰ ਦੀ ਡਿਜ਼ਾਈਨ ਕੀਤੀ ਹੋਈ ਹੈ, ਉਹ ਇਮਾਰਤਸਾਜ਼ ਜਿਸ ਨੇ ਪਿਅਰੇ ਜੇਨਰੇ ਨਾਲ ਕੰਮ ਕੀਤਾ ਜੋ ਯੂਨੀਵਰਸਿਟੀ ਦੇ ਮੁੱਖ ਆਰਕੀਟੈਕਟ-ਯੋਜਨਾਕਾਰ ਸਨ। ਕਲਾ ਦੇ ਸਮਕਾਲੀ ਉਸਤਾਦਾਂ ਦੀਆਂ ਕਰੀਬ 1200 ਕਲਾਕ੍ਰਿਤੀਆਂ ਨੂੰ ਸਜਾਉਣ ਦਾ ਕਾਰਜ ਕਿਸੇ ਹੋਰ ਨੇ ਨਹੀਂ ਬਲਕਿ ਚੰਡੀਗੜ੍ਹ ਦੇ ਪਿਆਰੇ ਪੁੱਤਰ ਤੇ ਕੌਮਾਂਤਰੀ ਪ੍ਰਸਿੱਧੀ ਹਾਸਿਲ ਕਲਾ ਇਤਿਹਾਸਕਾਰ ਬੀਐੱਨ ਗੋਸਵਾਮੀ ਨੇ ਕੀਤਾ ਸੀ ਸਾਲ ਪਹਿਲਾਂ ਆਪਣੇ ਦੇਹਾਂਤ ਤੱਕ ‘ਦਿ ਟ੍ਰਿਬਿਊਨ’ ਲਈ ਕਾਫ਼ੀ ਪਡਿ਼੍ਹਆ ਜਾਣ ਵਾਲਾ ਕਾਲਮ ਲਿਖਦੇ ਰਹੇ। ਇਸ ਤੋਂ ਇਲਾਵਾ ਕਿਉਂਕਿ ਮੈਂ ਹੁਣ ‘ਸਿਟੀ ਬਿਊਟੀਫੁਲ’ ਦੀ ਸਰਗਰਮ ਨਿਵਾਸੀ ਹਾਂ, ਮੈਨੂੰ ਅਹਿਸਾਸ ਹੋਇਆ ਕਿ ਮੈਂ ਇਤਿਹਾਸ ਤੇ ਸੱਭਿਆਚਾਰ, ਦੋਵਾਂ ਦੀ ਮੌਜੂਦਗੀ ’ਚ ਵਿਚਰ ਰਹੀ ਹਾਂ।
ਕੁਲਵਿੰਦਰ ਤੇਜ਼ੀ ਨਾਲ ਅੰਦਰ ਦਾਖਲ ਹੁੰਦਾ ਹੈ, ਅਜੇ ਤੱਕ ਸਿਰਫ਼ ਮੈਂ ਤੇ ਉਸਤਾਦ ਲੋਕ ਹੀ ਉੱਥੇ ਵਿਚਰ ਰਹੇ ਸੀ। ਚਰਚ ’ਚ ਬੈਠੇ ਇਸਾਈ ਭਿਕਸ਼ੂਆਂ ਦੀ ਰਾਮਚੰਦਰਨ ਵੱਲੋਂ ਬਣਾਈ ਗੰਭੀਰ ਜਿਹੀ ਕਲਾਕ੍ਰਿਤੀ, ਇੰਝ ਜਾਪਦਾ ਹੈ ਜਿਵੇਂ ਆਂਦਰੇਈ ਰੂਬਲੇਵ ਚਿੱਤਰਕਾਰੀ ਸੰਪਰਦਾ ਦਾ ਹਿੱਸਾ ਹੋਵੇ। ਰਿਸੈਪਸ਼ਨ ’ਤੇ ਹੀਟਰ ਸੇਕਣ ਨੂੰ ਪਹਿਲ ਦੇ ਰਹੇ ਸਹਾਇਕ ਨੇ ਮੈਨੂੰ ਦੱਸਿਆ, “ਬਹੁਤ ਲੋਕ ਆਉਂਦੇ ਹਨ ਮਿਊਜ਼ੀਅਮ ’ਚ”, ਘੱਟੋ-ਘੱਟ 10-12 ਰੋਜ਼। ਮੈਂ ਕੁਲਵਿੰਦਰ ਨੂੰ ਪੁੱਛਿਆ ਕਿ ਕੋਈ ਗਾਈਡ ਵੀ ਹੈ ਇੱਥੇ? ਪਤਾ ਨਹੀਂ, ਉਸ ਨੇ ਰੁੱਖਾ ਜਿਹਾ ਜਵਾਬ ਦਿੱਤਾ, “ਮੈਂ ਤਕਨੀਕੀ ਸ਼ਾਖਾ ’ਚੋਂ ਹਾਂ।”
ਜੇ ਚੰਡੀਗੜ੍ਹ ਉਹ ਹੈ ਜੋ ਦਿੱਲੀ 40 ਸਾਲ ਪਹਿਲਾਂ ਸੀ ਤਾਂ ਤੁਸੀਂ ਇਸ ਦੇ ਅਜਾਇਬ ਘਰਾਂ ਦੀ ਕਲਪਨਾ ਕਰ ਸਕਦੇ ਹੋ। ਸਰਕਾਰੀ ਅਣਦੇਖੀ ਦਾ ਸ਼ਿਕਾਰ ਅਨਮੋਲ ਖ਼ਜ਼ਾਨਾ। ਲੀ ਕਾਰਬੂਜ਼ੀਏ ਦਾ ਬਣਾਇਆ ਸੈਕਟਰ 10 ਦਾ ਸਰਕਾਰੀ ਅਜਾਇਬ ਘਰ ਤੇ ਆਰਟ ਗੈਲਰੀ ਜਿਸ ਦਾ ਇੱਕੋ ਧੁਰੇ ਉੱਤੇ ਘੁੰਮਣ ਵਾਲਾ ਬਹੁਤ ਖੂਬਸੂਰਤ ਦਰਵਾਜ਼ਾ ਹੈ। ਇਹ ਵੱਡਾ ਦਰਵਾਜ਼ਾ ਤੁਸੀਂ ਹਰਿਆਣਾ-ਪੰਜਾਬ ਵਿਧਾਨ ਸਭਾ ’ਚ ਵੀ ਦੇਖ ਸਕਦੇ ਹੋ ਜਿਸ ਨੂੰ ਕਾਰਬੂਜ਼ੀਏ ਨੇ ਕੈਪੀਟਲ ਕੰਪਲੈਕਸ ਦੇ ਇੱਕ ਸਿਰੇ ਉੱਤੇ ਡਿਜ਼ਾਈਨ ਕੀਤਾ ਸੀ; ਇਹ ਆਪਣੇ ਆਪ ਵਿੱਚ ਬਹੁਤ ਸ਼ਾਨਦਾਰ ਖੁੱਲ੍ਹੀ ਥਾਂ ਹੈ ਜੋ ਸਰਦੀਆਂ ’ਚ ਲੋਕਾਂ ਅਤੇ ਮੂੰਗਫਲੀ ਵੇਚਣ ਵਾਲਿਆਂ ਨਾਲ ਭਰੀ ਹੋਣੀ ਚਾਹੀਦੀ ਸੀ ਪਰ ਇਸ ਨੂੰ ਸੁਰੱਖਿਆ ਦੇ ਨਾਂ ਉੱਤੇ ਬਿਲਕੁਲ ਸੀਮਤ ਕਰ ਦਿੱਤਾ ਗਿਆ ਹੈ ਜਿਸ ਦਾ ਮਤਲਬ ਹੈ ਕਿ ਉੱਥੇ ਸਿਰਫ਼ ਵੀਵੀਆਈਪੀ ਤੇ ਰਜਿਸਟਰਡ ਬੰਦੇ ਹੀ ਜਾ ਸਕਦੇ ਹਨ ਪਰ ਅਸਲੀ ਤਜਰਬਾ ਉਦੋਂ ਹੁੰਦਾ ਹੈ ਜਦ ਤੁਸੀਂ ਸਰਕਾਰੀ ਅਜਾਇਬ ਘਰ ਵਿੱਚ ਕਾਰਬੂਜ਼ੀਏ ਦੇ ਬਣਾਏ ਦਰਵਾਜ਼ੇ ਰਾਹੀਂ ਦਾਖ਼ਲ ਹੁੰਦੇ ਹੋ।
ਇੱਥੇ ਉਪਲਬਧ ਪੁਸਤਿਕਾ ਸਿਰਫ਼ ਫਰੈਂਚ ਵਿੱਚ ਹੈ (ਕਾਰਬੂਜ਼ੀਏ ਸਵਿਸ-ਫਰੈਂਚ ਮੂਲ ਦੇ ਸਨ, ਲੱਗਦਾ ਹੈ ਇਹ ਲੋਕ ਇੱਥੇ ਆਉਂਦੇ ਹਨ)। ਅੰਗਰੇਜ਼ੀ ਵਾਲੀਆਂ “ਮੁੱਕੀਆਂ ਹੋਈਆਂ ਸਨ”। ਗਾਈਡ ਦਾ ਨਾਂ ਗੀਤਾਂਜਲੀ ਹੈ- ਮੇਰੇ ਨਾਲ ਰੈਂਪ ਉੱਤੇ ਚੜ੍ਹਦੀ ਹੈ। ਇੱਕ ਕੰਧ ਉੱਤੇ ਮ੍ਰਿਣਾਲ ਮੁਖਰਜੀ ਦੀ ਰੱਸੀ ਨਾਲ ਤਿਆਰ ਕੀਤੀ ਖੂਬਸੂਰਤ ਰਚਨਾ ਹੈ, ਹੇਠੋਂ ਹਾਲਾਂਕਿ ਉੱਧੜੀ ਹੋਈ ਹੈ। ਪਹਿਲੀ ਮੰਜ਼ਿਲ ’ਤੇ ਆ ਕੇ ਤੁਸੀਂ ਕਾਂਸੀ, ਸੰਘੋਲ ਦੀ ਖੁਦਾਈ ਦੀਆਂ ਵਸਤਾਂ, ਗਾਂਧਾਰ ਦੀਆਂ ਮੂਰਤੀਆਂ ਤੇ ਪਹਾੜੀ ਚਿੱਤਰ ਦੇਖ ਕੇ ਹੈਰਾਨ ਹੁੰਦੇ ਹੋ। ਜਾਪਦਾ ਹੈ ਕਿ ਚੰਡੀਗੜ੍ਹ ਦੇ ਪਹਿਲੇ ਨਾਗਰਿਕ ਮੰਨੇ ਜਾਂਦੇ ਐੱਮਐੱਸ ਰੰਧਾਵਾ ਨੇ ਆਜ਼ਾਦੀ ਤੋਂ ਜਲਦ ਬਾਅਦ ਛੋਟੀਆਂ ਰਿਆਸਤਾਂ ਦੀਆਂ ਜਾਗੀਰਾਂ ਦਾ ਬਾਰੀਕੀ ਨਾਲ ਅਧਿਐਨ ਕੀਤਾ ਤੇ ਉਨ੍ਹਾਂ ਨੂੰ ਆਪਣੇ ਖਜ਼ਾਨਿਆਂ ਦਾ ਕੁਝ ਅੰਸ਼ ਦੇਣ ਲਈ ਮਨਾਇਆ ਤਾਂ ਕਿ ਉਹ ਇਸ ਅਜਾਇਬ ਘਰ ਦਾ ਹਿੱਸਾ ਬਣ ਸਕਣ; ਤੇ ਇਸ ਤਰ੍ਹਾਂ ਬੀਐੱਨਜੀ ਜਿਨ੍ਹਾਂ ਨੂੰ ਪੂਰਾ ਉੱਤਰ ਭਾਰਤ ਪਿਆਰ ਨਾਲ ਬੀਐੱਨ ਗੋਸਵਾਮੀ ਵਜੋਂ ਜਾਣਦਾ ਹੈ, ਜਿਨ੍ਹਾਂ ਆਪਣੀ ਵਿਰਾਸਤ ਬਾਰੇ ਸਾਡੀ ਸਮਝ ਨੂੰ ਮੁੱਢੋਂ ਤਬਦੀਲ ਕੀਤਾ।
ਹਰ ਕੋਈ ਜਾਣਦਾ ਹੈ ਕਿ 1947 ਵਿੱਚ ਮੁਲਕ ਦੀ ਵੰਡ ਵੇਲੇ ਗਾਂਧਾਰ ਦੀਆਂ ਮੂਰਤੀਆਂ ਭਾਰਤ ਤੇ ਪਾਕਿਸਤਾਨ ਵਿਚਾਲੇ ਵੰਡੀਆਂ ਗਈਆਂ ਸਨ- ਲਾਹੌਰ ਅਜਾਇਬ ਘਰ ਨੇ 60 ਫ਼ੀਸਦੀ ਹਿੱਸਾ ਰੱਖਿਆ, ਬਾਕੀ ਚੰਡੀਗੜ੍ਹ ਦੇ ਮਿਊਜ਼ੀਅਮ ਵਿੱਚ ਹਨ ਤੇ ਇਸ ਤਰ੍ਹਾਂ ਕੋਮਲਤਾ ਨਾਲ ਮੁਸਕਰਾਉਂਦੇ ਬੁੱਧ, ਉਨ੍ਹਾਂ ਦੇ ਪੈਰਾਂ ਦੇ ਨਿਸ਼ਾਨ ਵਾਲਾ ਚੱਟਾਨੀ ਧਰਾਤਲ, ਇੱਕ ਖੜ੍ਹੇ ਪੱਥਰ ’ਤੇ ਉੱਕਰੇ ਬੁੱਧ ਦੇ ਬਚਪਨ ਦੇ ਦ੍ਰਿਸ਼ ਜਦੋਂ ਉਹ ਅਜੇ ਸਿਧਾਰਥ ਸਨ ਤੇ ਉਨ੍ਹਾਂ ਦੀ ਮਾਤਾ ਮਾਇਆ ਨੂੰ ਆਪਣੇ ਬਹੁਤ ਖ਼ਾਸ ਪੁੱਤਰ ਬਾਰੇ ਆਇਆ ਸੁਪਨਾ- ਸਾਰਿਆਂ ਨੂੰ ਇੱਥੇ ਜਗ੍ਹਾ ਮਿਲੀ ਹੋਈ ਹੈ। ਇਨ੍ਹਾਂ ਮੂਰਤੀਆਂ ਨੇ ਮੈਨੂੰ ਸਰਹੱਦ ਪਾਰ ਤਕਸ਼ਸ਼ਿਲਾ ਦੇ ਅਜਾਇਬਘਰ ਦਾ ਚੇਤਾ ਕਰਾਇਆ ਜੋ ਬਹੁਤਾ ਦੂਰ ਨਹੀਂ ਹੈ।
ਗੈਲਰੀਆਂ ਖਾਲੀ ਪਈਆਂ ਹਨ। ਤਾਇਨਾਤ ਸਹਾਇਕ ਅਖ਼ਬਾਰਾਂ ਪੜ੍ਹ ਰਹੇ ਹਨ। ਗਾਈਡ ਗੀਤਾਂਜਲੀ ਦੱਸਦੀ ਹੈ ਕਿ ‘ਬਹੁਤ ਲੋਕ ਆਉਂਦੇ ਹਨ’, ਵਿਦਿਆਰਥੀ ਵੀ (ਸਕੂਲੀ ਵਿਦਿਆਰਥੀਆਂ ਦਾ ਇੱਕ ਗਰੁੱਪ ਬਾਹਰ ਉੱਚੀ-ਉੱਚੀ ਹੱਸ ਰਿਹਾ ਹੈ) ਤੇ ਵਿਦੇਸ਼ੀ ਵੀ। ਜਨਵਰੀ-ਸਤੰਬਰ 2024 ਦਾ ਰਿਕਾਰਡ ਦੱਸਦਾ ਹੈ ਕਿ 27839 ਟਿਕਟਾਂ ਵਿਕੀਆਂ ਹਨ। ਇਸ ਨੂੰ ਵਿਦੇਸ਼ਾਂ ਦੀਆਂ ਗੈਲਰੀਆਂ ਨਾਲ ਮਿਲਾ ਕੇ ਦੇਖੋ। ਪੈਰਿਸ ਸਥਿਤ ਲੂਵ ਮਿਊਜ਼ੀਅਮ ’ਚ ਹਰ ਸਾਲ 90 ਲੱਖ ਲੋਕ ਆਉਂਦੇ ਹਨ, ਨਿਊਯਾਰਕ ਦੇ ਮੈਟਰੋਪੌਲਿਟਨ ਅਜਾਇਬ ਘਰ ’ਚ 70 ਲੱਖ ਤੇ ਸੇਂਟ ਪੀਟਰਜ਼ਬਰਗ ਦੇ ਹਰਮੀਟੇਜ ਵਿੱਚ 32 ਲੱਖ ਲੋਕ ਪੁੱਜਦੇ ਹਨ (ਭਾਰਤ ਦਾ ਕੋਈ ਵੀ ਮਿਊਜ਼ੀਅਮ ਅਜਿਹਾ ਨਹੀਂ ਹੈ ਜੋ ਦੁਨੀਆ ਦੇ 100 ਸਭ ਤੋਂ ਵੱਧ ਘੁੰਮੇ ਜਾਂਦੇ ਅਜਾਇਬ ਘਰਾਂ ਵਿੱਚ ਸ਼ਾਮਿਲ ਹੋਵੇ)।
ਚੰਡੀਗੜ੍ਹ ਦੇ ਅਜਾਇਬ ਘਰ ਕੋਲ ਕਈ ਸਾਲਾਂ ਤੋਂ ਪੱਕਾ ਡਾਇਰੈਕਟਰ ਵੀ ਨਹੀਂ ਹੈ, ਮੌਜੂਦਾ ਸਮੇਂ ਸਬ-ਡਿਵੀਜ਼ਨਲ ਮੈਜਿਸਟਰੇਟ ਇੰਚਾਰਜ ਹੈ, ਮੇਰੇ ਜਾਣ ਮੌਕੇ ਉਹ ਛੁੱਟੀ ਉੱਤੇ ਸੀ ਕਿਉਂਕਿ ਉਸ ਦੀ ਸ਼ਾਦੀ ਹੈ (ਮੈਨੂੰ ਲੱਗਦਾ ਹੈ, ਇਸ ’ਚ ਕੁਝ ਗ਼ਲਤ ਵੀ ਨਹੀਂ... ਉਹ ਹੁਣ ਪਰਤ ਆਇਆ ਹੈ)। ਫਿਰ ਜਦੋਂ ਗੀਤਾਂਜਲੀ ਨੇ ਮੈਨੂੰ ਦੱਸਿਆ ਕਿ ਸਿਕੰਦਰ ਮਹਾਨ ਸਮੁੰਦਰ ਦੇ ਰਾਸਤੇ ਗਾਂਧਾਰ ਆਇਆ ਸੀ, ਮੈਨੂੰ ਲੱਗਾ ਹੈ ਕਿ ਹੁਣ ਜਾਣ ਦਾ ਸਮਾਂ ਆ ਗਿਆ ਹੈ।
ਏਲਾਂਤੇ ਮਾਲ ਜਾਣ ਦਾ ਸਮਾਂ ਵੀ ਆ ਗਿਆ ਸੀ, ਇਹ ਦੇਖਣ ਲਈ ਕਿ ਅਸਲ ’ਚ ਚੰਡੀਗੜ੍ਹ ਨੂੰ ਕੀ ਭਾਉਂਦਾ ਹੈ। ਸਪੱਸ਼ਟ ਤੌਰ ’ਤੇ ਅਜਾਇਬ ਘਰਾਂ ਵਰਗੀਆਂ ਉਬਾਊ ਤੇ ਨਿਰਜਿੰਦ ਥਾਵਾਂ ਦੇ ਬਿਲਕੁਲ ਉਲਟ। ਚੰਡੀਗੜ੍ਹ ਦੇ ਗ੍ਰਹਿ ਸਕੱਤਰ ਮਨਦੀਪ ਬਰਾੜ ਜੋ ਇਨ੍ਹੀਂ ਦਿਨੀਂ ‘ਸਿਟੀ ਬਿਊਟੀਫੁਲ’ ਦੀ ਸੈਰ-ਸਪਾਟੇ ਵਾਲੀ ਦਿਖ ਨੂੰ ਸੁਧਾਰਨ ਵਿੱਚ ਲੱਗੇ ਹੋਏ ਹਨ, ਨੂੰ ਸ਼ਾਇਦ ਏਲਾਂਤੇ ਵਾਲਿਆਂ ਦੀ ਸਲਾਹ ਲੈਣੀ ਚਾਹੀਦੀ ਹੈ। ਉਹ ਬਿਲਕੁਲ ਇਸ ਸਵਾਲ ਦਾ ਜਵਾਬ ਜਾਣਦੇ ਹੋਣਗੇ: ਕਿ ਥੋੜ੍ਹੇ ਜਿਹੇ ਇਤਿਹਾਸ ਤੇ ਸੱਭਿਆਚਾਰ ਨੂੰ ਗ੍ਰਹਿਣ ਕਰਨ ਵਾਸਤੇ ਲੋਕਾਂ ਨੂੰ ਦੁਬਾਰਾ ਕਿਵੇਂ ਅਜਾਇਬ ਘਰਾਂ ਤੇ ਕਲਾ ਗੈਲਰੀਆਂ ਵੱਲ ਮੋਡਿ਼ਆ ਜਾਵੇ।
ਸ਼ਹਿਰ ਨੂੰ ਖੋਲ੍ਹੋ। ‘ਮਾਈ-ਬਾਪ’ ਸੱਭਿਆਚਾਰ ਤੋਂ ਖਹਿੜਾ ਛੁਡਾਓ। ਸੁਰੱਖਿਆ ਦੇ ਨਾਂ ਉੱਤੇ ਪੱਖਪਾਤ ਕਰਨਾ ਛੱਡੋ। ਸ਼ਹਿਰ ਨੂੰ ਹੋਰ ਬਰਾਬਰ ਤੇ ਨਿਆਂਸੰਗਤ ਕਰੋ। ਚੰਡੀਗੜ੍ਹ ਦੇ ਵਿਚਾਰ ਵੱਲ ਮੁੜੋ, ‘ਸਮਾਰਟ ਸਿਟੀ’ ਦਾ ਵਿਚਾਰ ਆਪਣੇ ਸਮੇਂ ਤੋਂ ਬਹੁਤ ਅੱਗੇ ਦੀ ਗੱਲ ਹੈ।
ਇਸ ਵਰ੍ਹੇ ਲੋਕਾਂ ਦੀ ਆਵਾਜ਼ ਸੁਣੋ, ਜਿਵੇਂ ਅਸੀਂ ‘ਦਿ ਟ੍ਰਿਬਿਊਨ’ ਵਿੱਚ ਕਰਦੇ ਹਾਂ। ਸਾਲ 2025 ਮੁਬਾਰਕ!
*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।