ਪੁਰਖਿਆਂ ਦੇ ਪਿੰਡਾਂ ਦਾ ਮੋਹ
ਨਵਦੀਪ ਸਿੰਘ ਗਿੱਲ
ਚੰਡੀਗੜ੍ਹੋਂ ਲਾਹੌਰ ਲਈ ਰਵਾਨਾ ਹੋਇਆ ਤਾਂ ਵਾਹਗੇ ਕੋਲ ਪਹੁੰਚਦਿਆਂ ਅਮਰੀਕਾ ਤੋਂ ਮਾਂ ਦਾ ਫੋਨ ਆਇਆ। ਮਾਂ ਨੇ ਆਖਿਆ ਕਿ ਮਿੰਟਗੁਮਰੀ (ਹੁਣ ਸਾਹੀਵਾਲ ਜ਼ਿਲ੍ਹਾ) ਜ਼ਿਲ੍ਹੇ ਵਿੱਚ ਮੀਆਂਚੰਨੂ ਕੋਲ ਚੱਕ 64 ਗੇੜਾ ਮਾਰ ਕੇ ਆਈਂ। ਤੇਰੇ ਨਾਨੇ ਨੇ ਉੱਥੋਂ ਦਸਵੀਂ ਕੀਤੀ ਸੀ। ਨਾਨੇ ਦਾ ਪਿਤਾ ਭਾਵ ਮੇਰਾ ਪੜਨਾਨਾ ਫ਼ੌਜ ਵਿੱਚ ਨੌਕਰੀ ਕਰਦਾ ਸੀ। ਮੇਰੀ ਪਤਨੀ ਦੇ ਮਾਮੇ ਦੇ ਮੁੰਡੇ ਅਤਿੰਦਰ ਦਾ ਫੋਨ ਆਇਆ ਤੇ ਕਹਿਣ ਲੱਗਾ ਕਿ ਛਾਂਗਾ ਮਾਂਗਾ ਸਟੇਸ਼ਨ ਕੋਲ ਫੁੱਲਣ ਪਿੰਡ ਦੇਖ ਕੇ ਆਉਣਾ। ਖ਼ੈਰ, ਮੇਰੀ ਮਜਬੂਰੀ ਇਹ ਸੀ ਕਿ ਸਾਡੇ ਕੋਲ ਸੀਮਤ ਵੀਜ਼ਾ ਹੋਣ ਕਾਰਨ ਮੈਥੋਂ ਦੋਵੇਂ ਥਾਵਾਂ ਉੱਪਰ ਜਾਇਆ ਨਹੀਂ ਜਾਣਾ ਸੀ। ਵਾਹਗਾ ਪਾਰ ਕਰਦਿਆਂ ਜਿਉਂ ਹੀ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਵਫ਼ਦ ਲਾਹੌਰ ਲਈ ਬੱਸਾਂ ਵਿੱਚ ਰਵਾਨਾ ਹੋਇਆ ਤਾਂ ਬਹੁਤੇ ਮੈਂਬਰਾਂ ਦੇ ਜਜ਼ਬਾਤ ਵੀ ਮੇਰੇ ਮਾਂ ਤੇ ਅਤਿੰਦਰ ਵਰਗੇ ਸਨ ਜਿਨ੍ਹਾਂ ਆਪਣੇ ਪੁਰਖਿਆਂ ਦੀ ਧਰਤੀ ਨੂੰ ਸਿਜਦਾ ਕਰਨਾ ਸੀ। ਲਾਹੌਰ ਵਿਖੇ ਸੱਤ ਦਿਨ ਦੀ ਬੱਝਵੀਂ ਠਹਿਰ ਅਤੇ ਵਿਸ਼ਵ ਪੰਜਾਬੀ ਕਾਨਫਰੰਸ ਸਮੇਤ ਨਨਕਾਣਾ ਸਾਹਿਬ ਤੇ ਕਸੂਰ ਜਾਣ ਦੇ ਰੁਝੇਵਿਆਂ ਕਾਰਨ ਵਫ਼ਦ ਮੈਂਬਰ ਆਪੋ-ਆਪਣੇ ਤਰੀਕਿਆਂ ਨਾਲ ਆਪਣੇ ਪੁਰਖਿਆਂ ਦੇ ਪਿੰਡਾਂ ਨੂੰ ਜਾਣ ਦੇ ਪ੍ਰੋਗਰਾਮ ਉਲੀਕਣ ਲੱਗੇ। ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਧੀ ਤੇ ਗਾਇਕਾ ਡੌਲੀ ਗੁਲੇਰੀਆ ਸਾਡੇ ਨਾਲ ਹੀ ਚੰਡੀਗੜ੍ਹੋਂ ਗਏ ਸਨ। ਕਾਨਫਰੰਸ ਤੋਂ ਵਿਹਲੇ ਹੋ ਕੇ ਉਹ ਲਾਹੌਰ ਵਿੱਚ ਮੌਜੂਦ ਸੁਰਿੰਦਰ ਕੌਰ ਦੇ ਜਨਮ ਸਥਾਨ ਵਾਲੀ ਥਾਂ ਨੂੰ ਲੱਭਣ ਲਈ ਉਪਰਾਲੇ ਕਰਨ ਲੱਗੇ। ਆਖ਼ਰ ਚੌਥੇ ਦਿਨ ਉਨ੍ਹਾਂ ਦੇ ਲਾਹੌਰ ਰਹਿੰਦੇ ਪ੍ਰਸ਼ੰਸਕਾਂ ਦੀ ਮਦਦ ਨਾਲ ਜੱਦੀ ਘਰ ਲੱਭ ਗਿਆ। ਲਾਹੌਰ ਸ਼ਹਿਰ ਵਿੱਚ ਚੁਬਰਜੀ ਨੇੜੇ ਮੁਲਤਾਨ ਤੇ ਫਿਰੋਜ਼ਪੁਰ ਰੋਡ ਨੂੰ ਜੋੜਦੀ ਐਲ.ਓ.ਐੱਸ. ਰੋਡ ਉੱਤੇ ਬਿਸ਼ਨ ਸਟਰੀਟ ਅੰਦਰ ਦਾਖਲ ਹੁੰਦਿਆਂ ਡੌਲੀ ਗੁਲੇਰੀਆ ਦਾ ਆਪਣੀ ਮਾਂ ਦੇ ਘਰ ਸਾਹਮਣੇ ‘ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ...’ ਗਾਉਂਦਿਆਂ ਗੱਚ ਭਰ ਆਇਆ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਫਿਜ਼ਾ ਵਿੱਚ ਉਸ ਨੂੰ ਆਪਣੀ ਮਾਂ ਦੀ ਖੁਸ਼ਬੂ ਮਹਿਸੂਸ ਹੋ ਰਹੀ ਹੈ ਜਿੱਥੇ ਸੁਰਿੰਦਰ ਕੌਰ ਨੇ ਆਪਣੇ 18 ਸਾਲ ਗੁਜ਼ਾਰੇ। ਨਵੀਨੀਕਰਨ ਤੋਂ ਬਾਅਦ ਨਵੇਂ ਬਣੇ ਘਰ ਵਿੱਚ ਰਹਿੰਦੇ ਪਠਾਣ ਪਰਿਵਾਰ ਤੇ ਡੌਲੀ ਗੁਲੇਰੀਆ ਦੀ ਜੁਗਲਬੰਦੀ ਦੇਖਣ ਵਾਲੀ ਸੀ ਜਦੋਂ ਉਹ ਪੁਰਾਣੇ ਘਰ ਦੀਆਂ ਗੱਲਾਂ ਕਰ ਰਹੇ ਸਨ।
ਪੰਜਾਬੀ ਕਵਿਤਾ ਵਿੱਚ ਵੱਡਾ ਨਾਂ ਰੱਖਦੇ ਪ੍ਰੋ. ਗੁਰਭਜਨ ਸਿੰਘ ਗਿੱਲ ਕਈ ਵਾਰ ਪਾਕਿਸਤਾਨ ਦਾ ਗੇੜਾ ਲਾ ਆਏ ਹਨ, ਪਰ ਹਰ ਵਾਰ ਉਹ ਆਪਣੇ ਜੱਦੀ ਪਿੰਡ ਜਾਣ ਤੋਂ ਖੁੰਝ ਜਾਂਦੇ ਸਨ। ਇੱਕ ਦਿਨ ਉਨ੍ਹਾਂ ਕਸੂਰ ਦੇ ਪ੍ਰੋਗਰਾਮ ਰੱਦ ਕਰਦਿਆਂ ਆਪਣੀ ਪਤਨੀ ਨਾਲ ਨਾਰੋਵਾਲ ਸਥਿਤ ਪਿੰਡ ਨਿੱਦੋ ਵਿਖੇ ਜਾਣ ਦਾ ਪ੍ਰੋਗਰਾਮ ਉਲੀਕਿਆ। ਨਾਸਰ ਢਿੱਲੋਂ ਉਨ੍ਹਾਂ ਦੇ ਨਾਲ ਸੀ। ਪ੍ਰੋ. ਗੁਰਭਜਨ ਗਿੱਲ ਆਪਣੇ ਪੁਰਖਿਆਂ ਦੇ ਘਰ ਜਾ ਕੇ ਵਿਛੜੇ ਬਾਪੂ ਨੂੰ ਯਾਦ ਕਰਕੇ ਭਾਵੁਕ ਹੋ ਗਏ। ਦੋ ਹੋਰ ਗੱਲਾਂ ਨਾਲ ਤਾਂ ਉਹ ਨਿਰਉੱਤਰ ਹੀ ਹੋ ਗਏ ਜਦੋਂ ਲਾਹੌਰ ਤੋਂ ਨਾਰੋਵਾਲ ਜਾਂਦਿਆਂ ਟੌਲ ਪਲਾਜ਼ਾ ਉੱਪਰ ਟੌਲ ਮੁਲਾਜ਼ਮ ਨੇ ਇਹ ਕਹਿ ਕੇ ਟੌਲ ਟੈਕਸ ਲੈਣ ਤੋਂ ਮਨ੍ਹਾਂ ਕਰ ਦਿੱਤਾ ਕਿ ਉਹ ਮਹਿਮਾਨਾਂ ਤੋਂ ਪੈਸੇ ਨਹੀਂ ਵਸੂਲਦੇ। ਇੱਕ ਚੌਰਾਹੇ ਉੱਤੇ ਜਦੋਂ ਉਨ੍ਹਾਂ ਇੱਕ ਮੰਗਤੇ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਉਸ ਦਾ ਵੀ ਟੌਲ ਵਾਲੇ ਵਰਗਾ ਜਵਾਬ ਆਇਆ। ਇਸ ਮੌਕੇ ਉਨ੍ਹਾਂ ਦੀ ਪਤਨੀ ਜਸਵਿੰਦਰ ਕੌਰ ਵੀ ਨਾਲ ਸਨ। ਸੇਵਾਮੁਕਤ ਆਈ.ਪੀ.ਐੱਸ. ਤੇ ਲਿਖਾਰੀ ਗੁਰਪ੍ਰੀਤ ਸਿੰਘ ਤੂਰ ਆਪਣੀ ਪਤਨੀ ਡਾ. ਰੁਪਿੰਦਰ ਕੌਰ ਨਾਲ ਲਾਇਲਪੁਰ (ਹੁਣ ਫੈਸਲਾਬਾਦ) ਸਥਿਤ ਆਪਣੇ ਜੱਦੀ ਪਿੰਡ ਚੱਕ 531 ਜਾ ਕੇ ਆਏ। ਸੰਤਾਲੀ ਦੀ ਵੰਡ ਮੌਕੇ ਉਨ੍ਹਾਂ ਦੇ ਪਿਤਾ ਦਸਵੀਂ ਤੇ ਚਾਚਾ ਅੱਠਵੀਂ ਵਿੱਚ ਪੜ੍ਹਦੇ ਸਨ ਜੋ ਉੱਧਰੋਂ ਆਪਣਾ ਘਰ-ਬਾਰ ਛੱਡ ਕੇ ਇੱਧਰ ਆਏ ਸਨ। ਉਨ੍ਹਾਂ ਸਕੂਲ, ਪਿੰਡ ਅਤੇ ਖੇਤ ਦੇਖੇ। ਪੰਜਾਬੀ ਫਿਲਮਾਂ ਅਤੇ ਰੰਗਮੰਚ ਦੀ ਵੱਡੀ ਅਦਾਕਾਰਾ ਅਨੀਤਾ ਸਬਦੀਸ਼ ਨੇ ਲਾਹੌਰ ਸਥਿਤ ਪਿੰਡ ਜ੍ਹਾਮਣ ਵੇਖਿਆ ਜਿੱਥੇ ਉਸ ਦੇ ਪਿਤਾ ਧਰਮਪਾਲ ਉਪਾਸ਼ਕ ਦਾ ਜਨਮ ਹੋਇਆ। ਉਸ ਤੋਂ ਪਹਿਲੀ ਸ਼ਾਮ ਅਨੀਤਾ ਸ਼ਬਦੀਸ਼ ਨੇ ਲਾਹੌਰ ਦੇ ਅਲ ਹਮਰਾ ਸੈਂਟਰ ਵਿਚ ਆਪਣਾ ਇੱਕ ਪਾਤਰੀ ਨਾਟਕ ‘ਗੁੰਮਸ਼ੁਦਾ ਔਰਤ’ ਖੇਡਿਆ ਜੋ ਬਹੁਤ ਸਲਾਹਿਆ ਗਿਆ। ਫਿਰੋਜ਼ਪੁਰ ਰਹਿੰਦਾ ਕਵੀ ਹਰਮੀਤ ਵਿਦਿਆਰਥੀ ਹੁਸੈਨੀਵਾਲਾ-ਗੰਡਾ ਸਿੰਘ ਵਾਲਾ ਬਾਰਡਰ ਪਾਰ ਕਸੂਰ ਦੀ ਤਹਿਸੀਲ ਚੂਨੀਆਂ ਸਥਿਤ ਜੰਡ ਵਾਲਾ ਗੇੜਾ ਮਾਰ ਕੇ ਆਇਆ ਜਿੱਥੋਂ ਉਸ ਦੇ ਵੱਡੇ-ਵਡੇਰੇ ਸੰਤਾਲੀ ਵਿੱਚ ਇੱਧਰ ਆਏ ਸਨ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਅਧਿਆਪਕ ਰਹੇ ਅਤੇ ਸਾਹਿਤਕਾਰ ਡਾ. ਸੁਖਦੇਵ ਸਿੰਘ ਸਿਰਸਾ ਵੀ ਲਾਇਲਪੁਰ (ਹੁਣ ਫੈਸਲਾਬਾਦ) ਵਿੱਚ ਜੜਾਂਵਾਲੀ ਕੋਲ ਆਪਣੇ ਵੱਡਿਆਂ ਦੇ ਪਿੰਡ ਚੱਕ 63 ਜਾ ਕੇ ਆਏ ਜਿੱਥੋਂ ਉਨ੍ਹਾਂ ਦਾ ਪਰਿਵਾਰ ਇੱਧਰ ਮੋਗਾ ਜ਼ਿਲ੍ਹੇ ਵਿੱਚ ਦੌਧਰ ਆ ਕੇ ਵਸਿਆ ਸੀ। ਪੰਜਾਬੀ ਅਧਿਆਪਕ ਤੇ ਕਵੀ ਹਰਵਿੰਦਰ ਪਾਲ ਸਿੰਘ ਤਤਲਾ ਨੇ ਟੋਭਾ ਟੇਕ ਸਿੰਘ ਵਿੱਚ ਬੇਰੀਆਂਵਾਲਾ ਕੋਲ ਚੱਕ ਨੰਬਰ 295 ਵਿੱਚ ਆਪਣੇ ਪੁਰਖਿਆਂ ਦੀ ਧਰਤੀ ਨੂੰ ਸਿਜਦਾ ਕੀਤਾ ਜਿੱਥੇ ਉਹ ਹਾਲੇ ਵੀ ਮੌਜੂਦ ਪੁਰਾਣੇ ਘਰ ਦਾ ਹਿੱਸਾ ਇੱਕ ਕੰਧ ਨੂੰ ਦੇਖ ਕੇ ਭਾਵੁਕ ਹੋ ਗਿਆ। ਪ੍ਰੋ. ਕਰਮ ਸਿੰਘ ਸੰਧੂ ਨੇ ਲਾਹੌਰ ਵਿੱਚ ਸਥਿਤ ਆਪਣਾ ਪੁਰਖਿਆਂ ਦਾ ਪਿੰਡ ਗੰਜੇ ਸੰਧੂ ਦੇਖਿਆ। ਲਾਹੌਰ ਘੁੰਮਦਿਆਂ ਜਿੱਥੇ ਸਾਡੇ ਵਫ਼ਦ ਮੈਂਬਰਾਂ ਨੂੰ ਆਪਣੇ ਪੁਰਖਿਆਂ ਦੇ ਪਿੰਡਾਂ ਦਾ ਹੇਜ ਜਾਗ ਰਿਹਾ ਸੀ, ਉੱਥੇ ਲਾਹੌਰ ਰਹਿੰਦੇ ਅਨੇਕਾਂ ਲੋਕ ਮਿਲੇ ਜਿਨ੍ਹਾਂ ਨਾਲ ਗੱਲਬਾਤ ਦੌਰਾਨ ਆਪਣੇ ਪੁਰਖਿਆਂ ਦੇ ਪਿੰਡਾਂ ਨੂੰ ਦੇਖਣ ਦੀ ਇੱਛਾ ਪ੍ਰਗਟਾਈ ਜੋ ਇੱਧਰ ਪੰਜਾਬ ਵਿੱਚ ਰਹਿ ਗਏ। ਲਾਹੌਰ ਦੇ ਬਾਜ਼ਾਰ ਵਿੱਚ ਘੁੰਮਦਿਆਂ ਹੀ ਬੀ.ਟੈੱਕ. ਦਾ ਇੱਕ ਵਿਦਿਆਰਥੀ ਮਿਲਿਆ ਜਿਸ ਦੇ ਨਾਨਕਿਆਂ ਦਾ ਪਿੰਡ ਇੱਧਰ ਨਾਭਾ ਵਿਖੇ ਸੀ ਅਤੇ ਦਾਦਕਿਆਂ ਦਾ ਪਿੰਡ ਭਦੌੜ। ਜਦੋਂ ਮੈਂ ਉਸ ਨੂੰ ਦੱਸਿਆ ਕਿ ਭਦੌੜ ਤੋਂ ਸੱਤ ਕਿਲੋਮੀਟਰ ਦੂਰ ਮੇਰਾ ਪਿੰਡ ਸ਼ਹਿਣਾ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਖ਼ਾਸ ਕਿਸਮ ਦੀ ਚਮਕ ਵੇਖਣ ਨੂੰ ਮਿਲੀ। ਆਖ਼ਰ ਪੁਰਖਿਆਂ ਦੇ ਪਿੰਡ ਦਾ ਮੋਹ ਤਾਰ ਦੇ ਦੋਵੇਂ ਪਾਸੇ ਇਕੋ ਜਿਹਾ ਹੀ ਹੈ।
97800-36216