ਤੂਰ ਦਾ ਗੋਲਾ, ਸਭ ਤੋਂ ਦੂਰ
ਨਵਦੀਪ ਸਿੰਘ ਗਿੱਲ
ਜ਼ਿਲ੍ਹਾ ਮੋਗਾ ਦੇ ਪਿੰਡ ਖੋਸਾ ਪਾਂਡੋ ਦੇ ਤੇਜਿੰਦਰਪਾਲ ਸਿੰਘ ਤੂਰ ਨੇ ਹਾਂਗਜ਼ੂ ਵਿਖੇ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ ਸ਼ਾਟਪੁੱਟ ਮੁਕਾਬਲੇ ਵਿੱਚ 20.36 ਮੀਟਰ ਥਰੋਅ ਨਾਲ ਸੋਨੇ ਦਾ ਤਮਗ਼ਾ ਜਿੱਤ ਲਿਆ। ਇਸ ਦੇ ਨਾਲ ਹੀ ਉਹ ਲਗਾਤਾਰ ਦੋ ਵਾਰ ਸ਼ਾਟਪੁੱਟ ਵਿੱਚ ਏਸ਼ਿਆਈ ਖੇਡਾਂ ਦਾ ਚੈਂਪੀਅਨ ਬਣਨ ਵਾਲਾ ਚੌਥਾ ਭਾਰਤੀ ਅਥਲੀਟ ਬਣ ਗਿਆ। ਤੂਰ ਨੇ 2018 ਵਿੱਚ ਜਕਾਰਤਾ ਵਿਖੇ ਏਸ਼ਿਆਈ ਖੇਡਾਂ ਵਿੱਚ ਵੀ ਸ਼ਾਟਪੁੱਟ ਈਵੈਂਟ ਵਿੱਚ ਸੋਨ ਤਮਗ਼ਾ ਜਿੱਤਿਆ ਸੀ। ਏਸ਼ੀਆ ਪੱਧਰ ਦੇ ਮੁਕਾਬਲਿਆਂ ਵਿੱਚ ਇਹ ਉਸ ਦਾ ਪੰਜਵਾਂ ਸੋਨ ਤਮਗ਼ਾ ਹੈ ਜਨਿ੍ਹਾਂ ਵਿੱਚ ਦੋ ਵਾਰ ਏਸ਼ਿਆਈ ਖੇਡਾਂ, ਦੋ ਵਾਰ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਅਤੇ ਇੱਕ ਏਸ਼ੀਅਨ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਦਾ ਸੋਨ ਤਮਗ਼ਾ ਜਿੱਤਿਆ ਹੈ। ਉਹ ਏਸ਼ੀਆ ਵਿੱਚ ਸਭ ਤੋਂ ਦੂਰ ਗੋਲਾ ਸੁੱਟਣ ਵਾਲਾ ਅਥਲੀਟ ਹੈ।
ਭਾਰਤੀ ਨੇਵੀ ਵਿੱਚ ਨੌਕਰੀ ਕਰਦੇ 29 ਵਰ੍ਹਿਆਂ ਦੇ ਤੇਜਿੰਦਰਪਾਲ ਸਿੰਘ ਤੂਰ ਦੀ ਕਹਾਣੀ ਵੀ ਉਸ ਦੀ ਸਖ਼ਤ ਮਿਹਨਤ ਅਤੇ ਕੁਰਬਾਨੀ ਦੀ ਹੈ। 2018 ਵਿੱਚ ਉਸ ਦੇ ਪਿਤਾ ਕਰਮ ਸਿੰਘ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਏਸ਼ਿਆਈ ਖੇਡਾਂ ਤੋਂ ਪਹਿਲਾਂ ਉਸ ਦਾ ਧਿਆਨ ਇੱਕ ਪਾਸੇ ਪ੍ਰੈਕਟਿਸ ਉੱਪਰ ਹੁੰਦਾ ਸੀ ਅਤੇ ਦੂਜੇ ਪਾਸੇ ਜ਼ੇਰ-ਏ-ਇਲਾਜ ਪਿਤਾ ਵੱਲ। ਇੰਨੀ ਕਸ਼ਮਕਸ਼ ਵਿੱਚ ਕੀਤੀ ਤਿਆਰੀ ਨਾਲ ਉਸ ਨੇ ਸੋਨ ਤਮਗ਼ਾ ਜਿੱਤਿਆ। ਉਹ ਹਾਲੇ ਜਕਾਰਤਾ ਤੋਂ ਨਵੀਂ ਦਿੱਲੀ ਲਈ ਤੁਰਿਆ ਹੀ ਸੀ ਕਿ ਉਸ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ। ਵਾਪਸੀ ਉਤੇ ਸੋਨ ਤਮਗ਼ੇ ਦੇ ਜਸ਼ਨਾਂ ਦੀ ਬਜਾਏ ਉਸ ਦੇ ਘਰ ਸੋਗ ਦਾ ਮਾਹੌਲ ਸੀ।
ਉਸ ਨੇ ਪੰਜ ਵਾਰ ਏਸ਼ੀਆ ਸਰ ਕਰਨ ਤੋਂ ਇਲਾਵਾ 21.77 ਮੀਟਰ ਦੀ ਥਰੋਅ ਨਾਲ ਏਸ਼ੀਆ ਦਾ ਰਿਕਾਰਡ ਵੀ ਬਣਾਇਆ ਹੈ। ਪਿਛਲੇ ਕੁਝ ਸਮੇਂ ਤੋਂ ਉਹ ਗੁੱਟ ਦੀ ਸੱਟ ਕਾਰਨ ਅਥਲੈਟਿਕਸ ਫੀਲਡ ਤੋਂ ਬਾਹਰ ਰਿਹਾ। ਹੁਣ ਏਸ਼ਿਆਈ ਖੇਡਾਂ ਦਾ ਚੈਂਪੀਅਨ ਬਣ ਕੇ ਉਸ ਨੇ ਜ਼ਬਰਦਸਤ ਵਾਪਸੀ ਕੀਤੀ ਹੈ ਅਤੇ ਅਗਲੇ ਸਾਲ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਲਈ ਦਾਅਵਾ ਮਜ਼ਬੂਤ ਕੀਤਾ ਹੈ।
ਉਹ ਏਸ਼ਿਆਈ ਖੇਡਾਂ ਦੇ ਸ਼ਾਟਪੁੱਟ ਮੁਕਾਬਲਿਆਂ ਵਿੱਚ ਲਗਾਤਾਰ ਦੋ ਵਾਰ ਸੋਨੇ ਦਾ ਤਮਗ਼ਾ ਜਿੱਤਣ ਵਾਲਾ ਚੌਥਾ ਭਾਰਤੀ ਅਥਲੀਟ ਬਣ ਗਿਆ। ਇਸ ਤੋਂ ਪਹਿਲਾਂ ਇਹ ਦੋਹਰੀ ਪ੍ਰਾਪਤੀ ਪ੍ਰਦੁੱਮਣ ਸਿੰਘ (ਮਨੀਲਾ 1954 ਤੇ ਟੋਕੀਓ 1958), ਜੋਗਿੰਦਰ ਸਿੰਘ (ਬੈਂਕਾਕ 1966 ਤੇ ਬੈਂਕਾਕ 1970) ਅਤੇ ਬਹਾਦਰ ਸਿੰਘ ਚੌਹਾਨ (ਬੈਂਕਾਕ 1978 ਤੇ ਨਵੀਂ ਦਿੱਲੀ) ਨੇ ਹਾਸਲ ਕੀਤੀ ਹੈ। ਤੂਰ ਵੀ ਇਸੇ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਤੇਜਿੰਦਰਪਾਲ ਤੋਂ ਪਹਿਲਾਂ ਕੋਈ ਵੀ ਭਾਰਤੀ ਅਥਲੀਟ ਏਸ਼ਿਆਈ ਖੇਡਾਂ ਵਿੱਚ 20 ਮੀਟਰ ਦੀ ਹੱਦ ਪਾਰ ਨਹੀਂ ਕਰ ਸਕਿਆ। ਤੂਰ ਨਾ ਸਿਰਫ਼ ਪੰਜਾਬ ਤੇ ਭਾਰਤ ਬਲਕਿ ਏਸ਼ੀਆ ਵਿੱਚ ਸਭ ਤੋਂ ਦੂਰ ਗੋਲਾ ਸੁੱਟਣ ਵਾਲਾ ਅਥਲੀਟ ਹੈ। ਮਦਨ ਲਾਲ ਨੇ 13.78 ਮੀਟਰ, ਪ੍ਰਦੁੱਮਣ ਸਿੰਘ ਨੇ 15.04 ਮੀਟਰ, ਜੋਗਿੰਦਰ ਸਿੰਘ ਨੇ 17.09 ਮੀਟਰ, ਬਹਾਦਰ ਸਿੰਘ ਚੌਹਾਨ ਨੇ 18.54 ਮੀਟਰ, ਸ਼ਕਤੀ ਸਿੰਘ ਨੇ 18.81 ਮੀਟਰ, ਬਹਾਦਰ ਸਿੰਘ ਸੱਗੂ ਨੇ 19.03 ਮੀਟਰ ਅਤੇ ਇੰਦਰਜੀਤ ਨੇ 19.63 ਮੀਟਰ ਗੋਲਾ ਸੁੱਟਿਆ ਹੈ। ਤੇਜਿੰਦਰਪਾਲ ਨੇ 20218 ਵਿੱਚ 20.75 ਮੀਟਰ ਅਤੇ ਹੁਣ 2023 ਵਿੱਚ 20.36 ਮੀਟਰ ਗੋਲਾ ਸੁੱਟਿਆ ਹੈ। ਉਸ ਨੇ 21.77 ਮੀਟਰ ਦੀ ਥਰੋਅ ਨਾਲ ਏਸ਼ੀਆ ਦਾ ਰਿਕਾਰਡ ਵੀ ਬਣਾਇਆ ਹੈ। ਉਸ ਦਾ ਅਗਲਾ ਨਿਸ਼ਾਨਾ 22 ਮੀਟਰ ਦੀ ਹੱਦ ਪਾਰ ਕਰਨਾ ਹੈ।
ਸੰਪਰਕ: 97800-36216