ਮੰਤਰੀ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ਨੂੰ ਪੁਲੀਸ ਨੇ ਰੋਕਿਆ
ਜਗਤਾਰ ਸਿੰਘ ਨਹਿਲ
ਲੌਂਗੋਵਾਲ, 20 ਅਗਸਤ
ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਪੰਜਾਬ ਸਰਕਾਰ ਵੱਲੋਂ ਆਯੋਜਿਤ ਸਮਾਗਮ ਵਿੱਚ ਹਿੱਸਾ ਲੈਣ ਆ ਰਹੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਘਿਰਾਓ ਕਰਨ ਜਾ ਰਹੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਨੂੰ ਪੁਲੀਸ ਨੇ ਸਮਾਗਮ ਸਥਾਨ ਤੋਂ ਪਹਿਲਾਂ ਹੀ ਬੈਰੀਕੇਡ ਲਗਾ ਕੇ ਰੋਕ ਲਿਆ। ਕਿਸਾਨਾਂ ਦਾ ਦੋਸ਼ ਹੈ ਕਿ ਥਾਣਾ ਲੌਂਗੋਵਾਲ ਦੇ ਮੁਖੀ ਵੱਲੋਂ ਨੇੜਲੇ ਪਿੰਡਾਂ ਰੱਤੋਕੇ, ਸਾਹੋ ਕੇ, ਤਕੀਪੁਰ ਅਤੇ ਢੱਡਰੀਆਂ ਵਿਖੇ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਬੇਕਸੂਰ ਲੋਕਾਂ ‘ਤੇ ਝੂਠੇ ਪਰਚੇ ਪਾਏ ਹਨ ਅਤੇ ਰਿਫ਼ਿਊਜੀ ਭਾਈਚਾਰੇ ਨੂੰ ਮੰਦਾ ਚੰਗਾ ਬੋਲਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁਨ ਅੱਜ ਸਵੇਰੇ ਸਥਾਨਕ ਗੁੱਗਾ ਮਾੜੀ ਵਿਖੇ ਇਕੱਠੇ ਹੋਏ ਅਤੇ ਉੱਥੋਂ ਰੋਸ ਮਾਰਚ ਕਰਕੇ ਪੁਲ ਵੱਲ ਵਧਣ ਲੱਗੇ ਤਾਂ ਮੁੱਖ ਸੜਕ ’ਤੇ ਪੁਲੀਸ ਵੱਲੋਂ ਬੈਰੀਕੇਡ ਗੱਡੀਆਂ ਅਤੇ ਮਹਿਲਾ ਪੁਲੀਸ ਮੁਲਾਜ਼ਮਾਂ ਨੂੰ ਅੱਗੇ ਲਗਾ ਕੇ ਕਿਸਾਨਾਂ ਦੇ ਕਾਫ਼ਲੇ ਨੂੰ ਅੱਗੇ ਵਧਣ ਤੋਂ ਰੋਕ ਲਿਆ ਗਿਆ। ਕਿਸਾਨਾਂ ਨੇ ਉੱਥੇ ਬੈਠ ਕੇ ਹੀ ਰੈਲੀ ਆਰੰਭ ਕਰ ਦਿੱਤੀ ਅਤੇ ਇਨਸਾਫ਼ ਦੀ ਮੰਗ ਕਰਨ ਲੱਗੇ। ਇਸ ਦੌਰਾਨ ਐੱਸ.ਪੀ. (ਡੀ) ਹਰਪ੍ਰੀਤ ਸਿੰਘ ਅਤੇ ਸਹਿ. ਪੁਲੀਸ ਕਪਤਾਨ ਡਾ. ਮਹਿਤਾਬ ਸਿੰਘ ਨੇ ਧਰਨਾ ਸਥਾਨ ’ਤੇ ਪੁੱਜ ਕੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਝੂਠੇ ਕੇਸਾਂ ਅਤੇ ਥਾਣਾ ਮੁਖੀ ਖ਼ਿਲਾਫ਼ ਇੱਕ ਹਫ਼ਤੇ ਵਿੱਚ ਪੜਤਾਲ ਕਰ ਕੇ ਇਨਸਾਫ਼ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਘਿਰਾਓ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਜ਼ਿਲ੍ਹਾ ਆਗੂ ਭਜਨ ਸਿੰਘ ਢੱਡਰੀਆਂ, ਦਰਸ਼ਨ ਸਿੰਘ ਕੁੰਨਰਾਂ ਅਤੇ ਜਸਦੀਪ ਸਿੰਘ ਬਹਾਦਰਪੁਰ ਨੇ ਦੱਸਿਆ ਕਿ ਉਹ ਸਿਰਫ਼ ਇੱਕ ਹਫ਼ਤੇ ਦੀ ਉਡੀਕ ਕਰਨਗੇ ਉਸ ਤੋਂ ਬਾਅਦ ਅਗਲਾ ਸੰਘਰਸ਼ ਉਲੀਕਿਆ ਜਾਵੇਗਾ। ਆਗੂਆਂ ਨੇ ਮੁਜ਼ਾਹਰਾ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਮਹਿਲਾ ਪੁਲੀਸ ਮੁਲਾਜ਼ਮਾਂ ਨੂੰ ਮੂਹਰੇ ਕਰਨ ਦੀ ਵੀ ਨਿੰਦਾ ਕੀਤੀ । ਇਸ ਮੌਕੇ ਪ੍ਰਧਾਨ ਸਾਹਿਬ ਸਿੰਘ, ਅੰਗਰੇਜ਼ ਸਿੰਘ, ਤੇਜਿੰਦਰ ਸਿੰਘ, ਸੁਖਦੇਵ ਸਿੰਘ, ਜਗਸੀਰ ਸਿੰਘ, ਮਨਿੰਦਰ ਸਿੰਘ ਬੱਬੂ ਤਕੀਪੁਰ, ਹਰਦੇਵ ਸਿੰਘ, ਬਲਵਿੰਦਰ ਸਿੰਘ ਜੱਗੀ, ਰਾਜਾ ਸਿੰਘ ਅਤੇ ਦਰਸ਼ਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।