ਕਿਸਾਨਾਂ ਨੇ 84 ਘੰਟਿਆਂ ਬਾਅਦ ਚੁੱਕਿਆ ਧਰਨਾ
ਪਾਲ ਸਿੰਘ ਨੌਲੀ
ਜਲੰਧਰ, 24 ਨਵੰਬਰ
ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਧੰਨੋਵਾਲੀ ਨੇੜੇ ਕੌਮੀ ਮਾਰਗ ’ਤੇ ਲਾਇਆ ਧਰਨਾ 84 ਘੰਟਿਆਂ ਬਾਅਦ ਚੁੱਕ ਲਿਆ ਹੈ। ਆਵਾਜਾਈ ਬਹਾਲ ਹੋਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ। ਚੰਡੀਗੜ੍ਹ ਵਿੱਚ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਕੁਝ ਘੰਟਿਆਂ ਬਾਅਦ ਕਿਸਾਨ ਜਥੇਬੰਦੀਆਂ ਨੇ ਸ਼ੁੱਕਰਵਾਰ ਸ਼ਾਮ ਨੂੰ ਕੌਮੀ ਮਾਰਗ ਤੋਂ ਧਰਨਾ ਚੁੱਕ ਲਿਆ ਅਤੇ ਆਮ ਆਵਾਜਾਈ ਬਹਾਲ ਹੋ ਗਈ। ਦੁਪਹਿਰ ਬਾਅਦ ਰੇਲਵੇ ਟਰੈਕ ਤੋਂ ਵੀ ਨਾਕਾਬੰਦੀ ਹਟਾ ਦਿੱਤੀ ਗਈ ਸੀ। ਧਰਨਾ ਚੁੱਕਣ ਦੇ ਐਲਾਨ ਦੇ ਨਾਲ ਹੀ ਇਸ ਰਸਤੇ ਨੂੰ ਆਪਣੇ ਕੰਮਕਾਜ ਲਈ ਵਰਤਣ ਵਾਲੇ ਕਿਰਤੀਆਂ ਤੇ ਹੋਰ ਮਿਹਨਤਕਸ਼ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਨੇ ਮੰਗਲਵਾਰ ਨੂੰ ਕੌਮੀ ਮਾਰਗ ’ਤੇ ਚੱਕਾ ਜਾਮ ਕਰ ਦਿੱਤਾ ਸੀ ਅਤੇ ਅੱਜ ਧਰਨੇ ਦਾ ਚੌਥਾ ਦਿਨ ਸੀ। ਕੱਲ੍ਹ ਹੀ ਰੇਲਵੇ ਲਾਈਨਾਂ ਵੀ ਜਾਮ ਕੀਤੀਆਂ ਗਈਆਂ ਸਨ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਕੁਝ ਕਿਸਾਨ ਜਥੇਬੰਦੀਆਂ ਇਸ ਧਰਨੇ ਦੇ ਹੱਕ ਵਿੱਚ ਨਹੀਂ ਸਨ। ਜਾਣਕਾਰੀ ਅਨੁਸਾਰ ਜਿਹੜੀਆਂ ਕਿਸਾਨ ਜਥੇਬੰਦੀਆਂ ਘੱਟ ਆਧਾਰ ਵਾਲੀਆਂ ਦੱਸੀਆਂ ਜਾ ਰਹੀਆਂ ਸਨ, ਉਨ੍ਹਾਂ ਦੇ ਆਗੂ ਧਰਨਾ ਲਗਾਉਣ ਦੇ ਬਜ਼ਿੱਦ ਸਨ। ਖੰਡ ਮਿੱਲਾਂ ਦੇ ਕੁਝ ਆਗੂ ਕੌਮੀ ਮਾਰਗ ’ਤੇ ਪੱਕਾ ਧਰਨਾ ਲਾਏ ਜਾਣ ਦੇ ਪੱਖ ਵਿੱਚ ਸਨ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਜਦੋਂ ਵੀ ਧਰਨਾ ਲੱਗਦਾ ਹੈ ਤਾਂ ਉਸ ਨਾਲ ਖੰਡ ਮਿੱਲਾਂ ਦੇ ਬਹੁਤ ਸਾਰੇ ਰੁਕੇ ਕੰਮ ਵੀ ਸਰਕਾਰ ਹੱਲ ਕਰ ਦਿੰਦੀ ਹੈ। ਇਸ ਕਰ ਕੇ ਖੰਡ ਮਿੱਲਾਂ ਵਾਲੇ ਇਸ ਧਰਨੇ ਨੂੰ ਜਾਰੀ ਰੱਖਣ ਦੇ ਹੱਕ ਵਿੱਚ ਸਨ। ਲੋਕਾਂ ਦੇ ਵੱਧ ਰਹੇ ਰੋਹ ਕਾਰਨ ਬਹੁਤੀਆਂ ਕਿਸਾਨ ਜਥੇਬੰਦੀਆਂ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਥਾਂ ਸੂਬਾ ਸਰਕਾਰ ਦੇ ਨੱਕ ਵਿੱਚ ਦਮ ਕਰਨ ਦੇ ਮੂਡ ਵਿੱਚ ਸਨ।