ਕਿਸਾਨਾਂ ਵੱਲੋਂ ਫੂਡ ਸਪਲਾਈ ਵਿਭਾਗ ਦੇ ਦਫ਼ਤਰ ਦਾ ਘਿਰਾਓ
ਦੇਵਿੰਦਰ ਸਿੰਘ ਜੱਗੀ
ਪਾਇਲ, 7 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਮਲੌਦ ਵੱਲੋਂ ਅੱਜ ਝੋਨੇ ਦੀ ਖਰੀਦ ਅਤੇ ਲਿਫਟਿੰਗ ਨਾ ਹੋਣ ਦੇ ਰੋਸ ਵਜੋਂ ਫੂਡ ਸਿਵਲ ਸਪਲਾਈ ਇੰਸਪੈਕਟਰ ਤੇ ਹੋਰ ਅਧਿਕਾਰੀਆਂ ਦਾ ਘਿਰਾਓ ਕੀਤਾ ਗਿਆ। ਕਿਸਾਨ ਜਥੇਬੰਦੀ ਦੇ ਆਗੂ ਮੰਗ ਕਰ ਰਹੇ ਸਨ ਕਿ ਖਰੀਦ ਤੁਰੰਤ ਸ਼ੁਰੂ ਕੀਤੀ ਜਾਵੇ ਅਤੇ ਮੰਡੀਆ ਵਿੱਚੋਂ ਲਿਫਟਿੰਗ ਤੇਜ਼ ਕੀਤੀ ਜਾਵੇ। ਗੌਰਤਲਬ ਇਹ ਹੈ ਕਿ ਬਲਾਕ ਦੀਆਂ ਛੇ ਅਨਾਜ ਮੰਡੀਆਂ ਵਿੱਚ ਖਰੀਦ ਅਤੇ ਲਿਫਟਿੰਗ ਬੇਹੱਦ ਸੁਸਤ ਰਫ਼ਤਾਰ ਨਾਲ ਚੱਲ ਰਹੀ ਹੈ। ਮੰਡੀਆਂ ਵਿੱਚ ਝੋਨੇ ਅਤੇ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ, ਖਰੀਦ ਏਜੰਸੀਆਂ ਦੇ ਅਧਿਕਾਰੀ ਅਕਸਰ ਹੀ ਮੰਡੀਆਂ ਵਿੱਚੋਂ ਗਾਇਬ ਰਹਿੰਦੇ ਹਨ। ਅੱਜ ਕਿਸਾਨਾਂ ਨੇ ਖਰੀਦ ਏਜੰਸੀਆਂ ਦੇ ਅਫਸਰਾਂ ਦਾ ਫੂਡ ਸਪਲਾਈ ਵਿਭਾਗ ਦੇ ਦਫ਼ਤਰ ਵਿੱਚ ਘਿਰਾਓ ਕਰ ਲਿਆ ਜਿਸ ਤੋ ਘਬਰਾ ਕੇ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਖਰੀਦ ਤੁਰੰਤ ਚਾਲੂ ਕਰਵਾਉਣੀ ਪਈ ਅਤੇ ਦੋ ਦਿਨਾਂ ਦੇ ਅੰਦਰ ਅੰਦਰ ਲਿਫਟਿੰਗ ਤੇਜ਼ ਕਰਨ ਦਾ ਭਰੋਸਾ ਦਿਵਾਉਣਾ ਪਿਆ। ਘਿਰਾਓ ਸਮੇਂ ਕਿਸਾਨ ਆਗੂਆਂ ਰਾਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ, ਮਨੋਹਰ ਸਿੰਘ ਕੁਲਾਹੜ, ਲਖਵਿੰਦਰ ਸਿੰਘ ਉਕਸੀ, ਰਾਜਪਾਲ ਸਿੰਘ ਦੁਧਾਲ, ਨਰਿੰਦਰ ਪਾਲ ਸਿੰਘ ਸਿਆੜ, ਮਨਜੀਤ ਸਿੰਘ ਸੀਹਾਂ ਦੌਦ, ਚਰਨ ਸਿੰਘ ਸਿਹੌੜਾ, ਗੁਰਜੀਤ ਸਿੰਘ ਪੰਧੇਰ ਖੇੜੀ, ਧਰਮ ਸਿੰਘ ਮਾਲੋਦੌਦ, ਮਨਪ੍ਰੀਤ ਸਿੰਘ ਜੀਰਖ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕਰਦਿਆਂ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਖਰੀਦ ਵਿੱਚ ਢਿੱਲ ਮੱਠ ਵਰਤੀ ਗਈ ਤਾਂ ਉਹ ਸਖਤ ਸ਼ੰਘਰਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।