ਕਿਸਾਨਾਂ ਨੇ ਰਜਬਾਹਾ ਪੱਕਾ ਕਰਨ ਦਾ ਕੰਮ ਰੋਕਿਆ
ਪੱਤਰ ਪ੍ਰੇਰਕ
ਸ਼ੇਰਪੁਰ, 30 ਅਕਤੂਬਰ
ਘਨੌਰੀ ਕਲਾਂ-ਘਨੌਰੀ ਖੁਰਦ ਲਿੰਕ ਸੜਕ ਦੇ ਨਾਲ-ਨਾਲ ਜਾਂਦੇ ਰਜਬਾਹੇ ਨੂੰ ਪੱਕਾ ਕਰਨ ਦੇ ਚੱਲ ਰਹੇ ਕੰਮ ਦੌਰਾਨ ਅੱਜ ਬੀਕੇਯੂ ਰਾਜੇਵਾਲ ਅਤੇ ਪਿੰਡ ਘਨੌਰੀ ਖੁਰਦ ਦੀ ਪੰਚਾਇਤ ਨੇ ਸੀਮਿੰਟ ਬਜਰੀ ਦਾ ਘੋਲ ਲੈ ਕੇ ਆਏ ਟਰੱਕ ਨੂੰ ਘੇਰ ਲਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਪ੍ਰੀਤਮ ਸਿੰਘ ਬਾਦਸ਼ਾਹਪੁਰ, ਪੰਚ ਪਰਗਟ ਸਿੰਘ ਜਥੇਬੰਦੀ ਦੇ ਹੋਰ ਕਾਰਕੁਨਾਂ ਤੋਂ ਇਲਾਵਾ ਪਿੰਡ ਘਨੌਰੀ ਖੁਰਦ ਦੇ ਸਰਪੰਚ ਗਗਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਮੰਡੀਬੋਰਡ ਦੀ ਲਿੰਕ ਸੜਕ ਦੀ ਨਿਸ਼ਾਨਦੇਹੀ ਕਰਵਾਈ ਹੈ ਜਿਸ ਤਹਿਤ ਸੜਕ ਦੀ 6 ਕਰਮਾ ਜਗ੍ਹਾ ਛੱਡ ਕੇ ਬੁਰਜ਼ੀਆਂ ਲਗਾਈਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਲਗਾਈਆਂ ਗਈਆਂ ਬੁਰਜ਼ੀਆਂ ਦੇ ਨਾਲ ਪਟੜੀ ਲਈ ਜਗ੍ਹਾ ਤਾਂ ਕੀ ਛੱਡਣੀ ਸੀ ਸਗੋਂ ਬੁਰਜ਼ੀਆਂ ਰਜਬਾਹੇ ਵਿੱਚ ਖੜ੍ਹੀਆਂ ਸਾਫ਼ ਦਿਸ ਰਹੀਆਂ ਹਨ। ਸਰਪੰਚ ਅਨੁਸਾਰ ਇਸਤੋਂ ਅੱਗੇ 14 ਕਰਮਾ ਰਜਬਾਹੇ ਦੀਆਂ ਛੱਡਕੇ ਦੂਜੀ ਪਟੜੀ ਵਾਲੇ ਪਾਸੇ ਨੌ ਕਰਮਾ ਜਗ੍ਹਾ ਵਾਧੂ ਪਈ ਹੈ। ਕਿਸਾਨ ਆਗੂ ਪ੍ਰੀਤਮ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਸੜਕ ਦੀ ਜਗ੍ਹਾ ਛੱਡੇ ਜਾਣ ਤੋਂ ਪਹਿਲਾਂ ਰਜਬਾਹੇ ਦਾ ਕੰਮ ਅੱਗੇ ਨਹੀਂ ਚੱਲਣ ਦੇਣਗੇ।
ਨਹਿਰੀ ਵਿਭਾਗ ਦੇ ਜੇਈ ਹਰਦੀਪ ਸਿੰਘ ਨੇ ਦੋਸ਼ ਨਕਾਰਦਿਆਂ ਦੱਸਿਆ ਕਿ ਰੇਤਾ, ਬਜਰੀ ਤੇ ਸੀਮਿੰਟ ਦਾ ਘੋਲ ਤਿਆਰ ਹੈ ਅਤੇ ਉਹ ਇਹ ਘੋਲ ਹਾਲ ਦੀ ਘੜੀ ਉਸ ਜਗ੍ਹਾ ’ਤੇ ਪਾਉਣਾ ਚਾਹੁੰਦੇ ਹਨ ਜਿੱਥੇ ਰਜਬਾਹੇ ਦੀ ਜਗ੍ਹਾ ਦਾ ਕੋਈ ਵਿਵਾਦ ਨਹੀਂ ਅਤੇ ਵਿਵਾਦ ਵਾਲੀ ਜਗ੍ਹਾ ’ਤੇ ਉਹ ਕੰਮ ਰੋਕ ਦੇਣਗੇ। ਖ਼ਬਰ ਲਿਖੇ ਜਾਣ ਤੱਕ ਸਥਿਤੀ ਜਿਉਂ ਦੀ ਤਿਉਂ ਸੀ।