ਝੋਨੇ ਦੀ ਖਰੀਦ ਨਾ ਹੋਣ ’ਤੇ ਕਿਸਾਨਾਂ ਨੇ ਆਵਾਜਾਈ ਰੋਕੀ
ਰਾਜਿੰਦਰ ਸਿੰਘ ਮਰਾਹੜ
ਭਾਈ ਰੂਪਾ, 9 ਨਵੰਬਰ
ਇਲਾਕੇ ਦੀਆਂ ਮੰਡੀਆਂ ’ਚ ਲਿਫਟਿੰਗ ਦੀ ਚੱਲ ਰਹੀ ਸਮੱਸਿਆ ਤੇ ਝੋਨੇ ਦੀ ਖਰੀਦ ਨਾ ਹੋਣ ਕਾਰਨ ਰੋਹ ’ਚ ਆਏ ਕਿਸਾਨਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਅਗਵਾਈ ਹੇਠ ਸਲਾਬਤਪੁਰਾ-ਰਾਮਪੁਰਾ ਫੂਲ ਸੜਕ ’ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਇਕੱਤਰ ਕਿਸਾਨਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂਆਂ ਰਾਜਿੰਦਰਪਾਲ ਸਿੰਘ ਰਾਜਾ ਭਾਈਰੂਪਾ, ਬਲਾਕ ਪ੍ਰਧਾਨ ਸੁਖਦੇਵ ਸਿੰਘ ਫੂਲ, ਜਗਦੇਵ ਸਿੰਘ ਬੁਰਜ ਮਾਨਸ਼ਾਹੀਆ ਤੇ ਗੁਰਮੇਲ ਸਿੰਘ ਲਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਦੇ ਕੀਤੇ ਜਾ ਰਹੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭਾਈ ਰੂਪਾ ਤੇ ਕੌਲੋਕੇ ਦੀ ਮੰਡੀ ’ਚੋਂ ਲਿਫਟਿੰਗ ਨਾ ਹੋਣ ਕਾਰਨ ਝੋਨੇ ਦੇ ਅੰਬਾਰ ਲੱਗੇ ਹੋਏ ਹਨ। ਇਸ ਤੋਂ ਇਲਾਵਾ ਜ਼ਿਆਦਾ ਨਮੀਂ ਦਾ ਬਹਾਨਾ ਲਗਾ ਕੇ ਝੋਨੇ ਦੀ ਖਰੀਦ ਨਹੀਂ ਕੀਤੀ ਜਾ ਰਹੀ। ਕਿਸਾਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਉਸ ਨੇ ਇਸ ਪਾਸੇ ਤਰੁੰਤ ਧਿਆਨ ਨਾ ਦਿੱਤਾ ਤਾਂ ਯੂਨੀਅਨ ਅਣਮਿਥੇ ਸਮੇਂ ਦਾ ਜਾਮ ਲਗਾਉਣ ਲਈ ਮਜਬੂਰ ਹੋਵੇਗੀ। ਇਸ ਮੌਕੇ ਸੁਖਮੰਦਰ ਸਿੰਘ ਭਾਈਰੂਪਾ, ਮਿੱਠੂ ਸਿੰਘ, ਹਾਕਮ ਸਿੰਘ ਬੁਰਜ਼ ਗਿੱਲ, ਗੁਰਪ੍ਰੀਤ ਫੂਲ, ਹਰਬੰਸ ਸਿੰਘ, ਰਾਜਿੰਦਰ ਸਿੰਘ ਬੁਰਜ਼ ਗਿੱਲ, ਜਰਨੈਲ ਸਿੰਘ ਧਿੰਗੜ ਆਦਿ ਹਾਜ਼ਰ ਸਨ।