ਕਿਸਾਨਾਂ ਨੇ ਸ਼ੁਭਕਰਨ ਦੇ ਪਰਿਵਾਰ ਨੂੰ ਕੀਤੀ ਸਰਕਾਰੀ ਪੇਸ਼ਕਸ਼ ਠੁਕਰਾਈ
* ਸ਼ੁਭਕਰਨ ਦੇ ਸਸਕਾਰ ਤੱਕ ਸ਼ਾਂਤ ਰਹੇਗਾ ਮੋਰਚਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਫਰਵਰੀ
ਕਿਸਾਨ ਆਗੂਆਂ ਨੇ ਪਿਛਲੇ ਦਿਨੀਂ ਖਨੌਰੀ ਬਾਰਡਰ ’ਤੇ ਕਥਿਤ ਗੋਲੀ ਲੱਗਣ ਕਰਕੇ ਜਾਨ ਗੁਆਉਣ ਵਾਲੇ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਹੀਦ ਮੰਨਦਿਆਂ ਪੰਜਾਬ ਸਰਕਾਰ ਵੱਲੋਂ ਐਲਾਨੀ ਇਕ ਕਰੋੜ ਰੁਪਏ ਦੀ ਰਾਸ਼ੀ, ਪਰਿਵਾਰ ਲਈ ਸਰਕਾਰੀ ਨੌਕਰੀ ਤੇ ਪਰਿਵਾਰ ਸਿਰ ਚੜ੍ਹੇ 15 ਲੱਖ ਰੁਪਏ ਦੇ ਕਰਜ਼ੇ ਦੀ ਭਰਪਾਈ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਐਲਾਨ ਤੋਂ ਕੁਝ ਘੰਟਿਆਂ ਮਗਰੋਂ ਹੀ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ ਤੇ ਸੁਰਜੀਤ ਸਿੰਘ ਫੂਲ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਪ੍ਰੈੱਸ ਕਾਨਫਰੰਸ ਕਰਕੇ ਪੇਸ਼ਕਸ਼ ਰੱਦ ਕਰ ਦਿੱਤੀ। ਇਸ ਮੌਕੇ ਸ਼ੁਭਕਰਨ ਦੇ ਪਿਤਾ ਚਰਨਜੀਤ ਸਿੰਘ ਵੀ ਮੌਜੂਦ ਸਨ।
ਉਧਰ ਕਿਸਾਨ ਆਗੂਆਂ ਨੇ ਕਿਹਾ ਕਿ ਸ਼ੁਭਕਰਨ ਦੇ ਸਸਕਾਰ ਤੱਕ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਪਹਿਲਾਂ ਵਾਂਗ ਸ਼ਾਂਤਮਈ ਤਰੀਕੇ ਨਾਲ ਬਣੇ ਰਹਿਣਗੇ। ਹਾਲਾਤ ਦੀ ਸਮੀਖਿਆ ਮਗਰੋਂ ਦਿੱਲੀ ਕੂਚ ਬਾਰੇ ਅਗਲੀ ਰਣਨੀਤੀ ਦਾ ਐਲਾਨ 29 ਫਰਵਰੀ ਨੂੰ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਆਗੂ ਸਰਵਣ ਸਿੰਘ ਪੰਧੇਰ ਤੇ ਜਗਜੀਤ ਸਿੰਘ ਡੱਲੇਵਾਲ ਨੇ ਖਨੌਰੀ ਬਾਰਡਰ ’ਤੇ ਪੱਤਰਕਾਰਾਂ ਨੂੰ ਦੱਸਿਆ, ‘‘ਕਿਸਾਨ 24 ਫਰਵਰੀ ਨੂੰ ਦੋਵਾਂ ਬਾਰਡਰਾਂ ’ਤੇ ਮੋਮਬੱਤੀ ਮਾਰਚ ਕੱਢਣਗੇ। 25 ਤਰੀਕ ਨੂੰ ਸੈਮੀਨਾਰ ਹੋਣਗੇ ਜਦੋਂਕਿ 26 ਫਰਵਰੀ ਨੂੰ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਕੇਂਦਰ ਸਰਕਾਰ ਦੇ 20-20 ਫੁੱਟ ਉੱਚੇ ਪੁਤਲੇ ਫੂਕੇ ਜਾਣਗੇ। 27 ਤੇ 28 ਫਰਵਰੀ ਨੂੰ ਕਿਸਾਨ ਆਗੂ ਵਿਚਾਰ ਚਰਚਾ ਕਰਨਗੇ ਤੇ 29 ਨੂੰ ਦਿੱਲੀ ਕੂਚ ਬਾਰੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।’’ ਕਾਬਿਲੇਗੌਰ ਹੈ ਕਿ ਕਿਸਾਨਾਂ ਆਗੂਆਂ ਨੇ ਕੇਂਦਰੀ ਵਜ਼ੀਰਾਂ ਨਾਲ ਚੌਥੇ ਗੇੜ ਦੀ ਮੀਟਿੰਗ ਬੇਸਿੱਟਾ ਰਹਿਣ ਮਗਰੋਂ 21 ਫਰਵਰੀ ਨੂੰ ਦਿੱਲੀ ਕੂਚ ਦਾ ਫੈਸਲਾ ਕੀਤਾ ਸੀ, ਪਰ ਇਸ ਦਰਮਿਆਨ ਕੇਂਦਰੀ ਖੇਤੀ ਮੰਤਰੀ ਅਰਜੁਨ ਮੁੰਡਾ ਵੱਲੋਂ ਇਕ ਟਵੀਟ ਰਾਹੀਂ ਦਿੱਤੇ ਗੱਲਬਾਤ ਦੇ ਸੱਦੇ ’ਤੇ ਕਿਸਾਨ ਆਗੂ ਵਿਚਾਰ ਚਰਚਾ ਕਰ ਹੀ ਰਹੇ ਸਨ ਕਿ ਖਨੌਰੀ ਬਾਰਡਰ ’ਤੇ ਹਰਿਆਣਾ ਪੁਲੀਸ ਵੱਲੋਂ ਚਲਾਈ ਕਥਿਤ ਗੋਲੀ ਕਰਕੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋ ਦੇ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਜਿਸ ਕਰਕੇ ਕੂਚ ਦੇ ਪ੍ਰੋਗਰਾਮ ਨੂੰ ਦੋ ਦਿਨ (23 ਫਰਵਰੀ ਤੱਕ) ਲਈ ਮੁਲਤਵੀ ਕਰਨਾ ਪਿਆ। ਕਿਸਾਨ ਆਗੂ ਸ਼ੁਭਕਰਨ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ ’ਤੇ ਬਜ਼ਿੱਦ ਹਨ। ਉਨ੍ਹਾਂ ਕਿਹਾ ਕਿ ਕੇਸ ਦਰਜ ਹੋਣ ਤੱਕ ਸਰਕਾਰ ਤੋਂ ਕਿਸੇ ਤਰ੍ਹਾਂ ਦੀ ਮਦਦ ਨਹੀਂ ਲਈ ਜਾਵੇਗੀ ਤੇ ਨਾ ਹੀ ਕਿਸਾਨ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋ ਦੇ ਵਸਨੀਕ ਦੋ ਭੈਣਾਂ ਦੇ ਇਕਲੌਤੇ ਭਰਾ ਸ਼ੁਭਕਰਨ ਸਿੰਘ(23) ਦੀ 21 ਫਰਵਰੀ ਨੂੰ ਪਟਿਆਲਾ ਜ਼ਿਲ੍ਹੇ ਦੇ ਢਾਬੀ ਗੁੱਜਰਾਂ ਬੈਰੀਅਰ ’ਤੇ ਕਥਿਤ ਸਿਰ ’ਚ ਗੋਲੀ ਲੱਗਣ ਕਰਕੇ ਮੌਤ ਹੋ ਗਈ ਸੀ। ਉਸ ਦੀ ਲਾਸ਼ ਪਿਛਲੇ ਤਿੰਨ ਦਿਨਾਂ ਤੋਂ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿੱਚ ਪਈ ਹੈ। ਮੌਤ ਦੇ ਅਸਲ ਕਾਰਨਾਂ ਦਾ ਭਾਵੇਂ ਪੋਸਟਮਾਰਟਮ ਦੀ ਰਿਪੋਰਟ ਤੋਂ ਹੀ ਪਤਾ ਲੱਗੇਗਾ ਪਰ ਕਿਸਾਨ ਆਗੂਆਂ ਵੱਲੋਂ ਮੌਤ ਹਰਿਆਣਾ ਪੁਲੀਸ ਦੀ ਗੋਲੀ ਨਾਲ ਹੋਈ ਦੱਸੀ ਜਾ ਰਹੀ ਹੈ। ਸ਼ੁਭਕਰਨ ਦੇ ਪਿਤਾ ਚਰਨਜੀਤ ਸਿੰਘ ਨੇ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਬਿਨਾਂ ਸ਼ੱਕ ਉਹ ਗਰੀਬ ਤੇ ਕਰਜ਼ਈ ਕਿਸਾਨ ਹਨ ਪਰ ਕਿਸੇ ਵੀ ਤਰ੍ਹਾਂ ਦੀ ਵਿੱਤੀ ਮਦਦ ਤੋਂ ਪਹਿਲਾਂ ਪੁੱਤ ਲਈ ਇਨਸਾਫ਼ ਜ਼ਰੂਰੀ ਹੈ। ਕਾਤਲਾਂ ਖਿਲਾਫ਼ ਕੇਸ ਦਰਜ ਹੋਣ ’ਤੇ ਹੀ ਪਰਿਵਾਰ ਨੂੰ ਧਰਵਾਸ ਆਏਗਾ। ਉਧਰ ਕਿਸਾਨ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਫੌਤ ਹੋਏ ਸ਼ੁਭਕਰਨ ਨੂੰ ਸ਼ਹੀਦ ਮੰਨ ਕੇ ਕਿਸਾਨ ਦੇ ਪਰਿਵਾਰ ਲਈ ਇਕ ਕਰੋੜ ਰੁਪਏ ਮੁਆਵਜ਼ਾ ਦੇਣ ਦੀ ਗੱਲ ਕਰ ਰਹੇ ਹਨ ਪਰ ਦੂਜੇ ਪਾਸੇ ਉਸ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਕਾਰਵਾਈ ਤੋਂ ਟਾਲ਼ਾ ਵੱਟਿਆ ਜਾ ਰਿਹਾ ਹੈ। ਇਸ ਮੱਦ ’ਤੇ ਮੁੱਖ ਮੰਤਰੀ ਦੀ ਆਲੋਚਨਾ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਪੰਜਾਬ ਦੇ ਪੁੱੱਤ ਨੂੰ ਮੌਤ ਦੇ ਘਾਟ ਉਤਾਰਨ ਵਾਲ਼ੇ ਹਰਿਆਣਾ ਦੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਬਿਨਾਂ ਦੇਰੀ ਪੁਲੀਸ ਕਾਰਵਾਈ ਅਮਲ ’ਚ ਲਿਆਂਦੀ ਜਾਂਦੀ ਪਰ ਸਰਕਾਰ ਨੇ ਕਿਸਾਨਾਂ ਦੀਆਂ ਫਰਿਆਦਾਂ ਵੀ ਨਜ਼ਰਅੰਦਾਜ਼ ਕਰ ਦਿੱਤੀਆਂ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਦਾਖ਼ਲ ਹੋ ਕੇ ਕਿਸਾਨਾਂ ਦੀ ਕੁੱਟਮਾਰ ਤੇ ਟਰੈਕਟਰਾਂ ਦੀ ਤੋੜ-ਭੰਨ ਸਮੁੱਚੇ ਪੰਜਾਬੀ ਭਾਈਚਾਰੇ ਦੀ ਹੇਠੀ ਦੇ ਤੁੱਲ ਹੈ। ਕਿਸਾਨ ਹਿਤੈਸ਼ੀ ਹੋਣ ਦੇ ਦਮਗਜੇ ਮਾਰਨ ਵਾਲੇ ਮੁੱਖ ਮੰਤਰੀ ਨੂੰ ਕਿਸਾਨਾਂ ਦੇ ਨਾਲ ਖੜ੍ਹਦਿਆਂ ਪੁਲੀਸ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ। ਕਿਸਾਨ ਆਗੂਆਂ ਨੇ ਸਪਸ਼ਟ ਕੀਤਾ ਕਿ ਜਿੰਨਾ ਚਿਰ ਸ਼ੁਭਕਰਨ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਕਤਲ ਦਾ ਕੇਸ ਦਰਜ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ। ਸਰਕਾਰ ਵੱਲੋਂ ਕੀਤੀ ਮੁਆਵਜ਼ੇ ਤੇ ਸਰਕਾਰੀ ਨੌਕਰੀ ਦੀ ਪੇਸ਼ਕਸ਼ ਵੀ ਸਵੀਕਾਰ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਰਕਾਰ ’ਤੇ ਪੋਸਟ ਮਾਰਟਮ ਕਰਵਾਉਣ ਲਈ ਦਬਾਅ ਪਾਉਣ ਦੇ ਦੋੋਸ਼ ਵੀ ਲਾਏ। ਇਸ ਮੌਕੇ ਕਿਸਾਨ ਆਗੂ ਸਤਿਨਾਮ ਬਹਿਰੂ, ਰਣ ਸਿੰਘ ਚੱਠਾ, ਗੁਰਪਿਆਰ ਚੱਠਾ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਪੰਜੋਲੀ ਤੇ ਮੁਲਾਜ਼ਮ ਆਗੂ ਮਨਜੀਤ ਚਾਹਲ ਵੀ ਮੌਜੂਦ ਸਨ।