For the best experience, open
https://m.punjabitribuneonline.com
on your mobile browser.
Advertisement

ਕਿਸਾਨ ਜਥੇਬੰਦੀ ਨੇ ‘ਆਪ’ ਅਤੇ ਭਾਜਪਾ ਖ਼ਿਲਾਫ਼ ‘ਪਰਦਾਫਾਸ਼ ਮਾਰਚ’ ਕੱਢਿਆ

06:19 AM Nov 19, 2024 IST
ਕਿਸਾਨ ਜਥੇਬੰਦੀ ਨੇ ‘ਆਪ’ ਅਤੇ ਭਾਜਪਾ ਖ਼ਿਲਾਫ਼ ‘ਪਰਦਾਫਾਸ਼ ਮਾਰਚ’ ਕੱਢਿਆ
ਬਰਨਾਲਾ ਵਿੱਚ ‘ਪਰਦਾਫਾਸ਼ ਮਾਰਚ’ ਦੀ ਅਗਵਾਈ ਕਰਦੇ ਹੋਏ ਸੂਬਾ ਪ੍ਰਧਾਨ ਮਨਜੀਤ ਧਨੇਰ ਤੇ ਸਾਥੀ।
Advertisement

ਪਰਸ਼ੋਤਮ ਬੱਲੀ
ਬਰਨਾਲਾ, 18 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਵੱਲੋਂ ਸੂਬਾ ਪ੍ਰਧਾਨ ਮਨਜੀਤ ਧਨੇਰ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਦੀ ਅਗਵਾਈ ਹੇਠ ਕੁੱਲਰੀਆਂ ਦੇ ਅਬਾਦਕਾਰ ਕਿਸਾਨਾਂ ਦੀਆਂ ਮਾਲਕੀ ਵਾਲੀਆਂ ਜ਼ਮੀਨਾਂ ਖੋਹਣ ਦੀਆਂ ਕੋਸ਼ਿਸ਼ਾਂ ਤੇ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਮਾਰਚ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਕੁਲਵੰਤ ਸਿੰਘ ਭਦੌੜ, ਜਗਤਾਰ ਸਿੰਘ ਦੇਹੜਕਾ, ਰਣਧੀਰ ਸਿੰਘ ਭੱਟੀਵਾਲ, ਬੂਟਾ ਖਾਂ ਮਲੇਰਕੋਟਲਾ ਅਤੇ ਬਲਬਹਾਦਰ ਸਿੰਘ ਮੋਗਾ ਨੇ ਕਿਹਾ ਕਿ ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਰੋਲ ਕੇ ਘੱਟ ਰੇਟ ’ਤੇ ਖਰੀਦ ਏਜੰਸੀਆਂ ਅਤੇ ਸ਼ੈਲਰ ਮਾਲਕਾਂ ਵੱਲੋਂ 5-5 ਗੱਟਿਆਂ ਦਾ ਕੱਟ ਲਾ ਕੇ ਲੁੱਟ ਕੀਤੀ ਜਾ ਰਹੀ ਹੈ, ਡੀਏਪੀ ਦੀ ਸਪਲਾਈ ਨਹੀਂ ਕੀਤੀ ਜਾ ਰਹੀ ਅਤੇ ਪਰਾਲੀ ਫੂਕਣ ਵਾਲੇ ਕਿਸਾਨਾਂ ਖਿਲਾਫ਼ ਕੇਸ ਦਰਜ ਕਰਕੇ, ਰੈੱਡ ਐਂਟਰੀਆਂ ਕਰ ਕੇ ਅਤੇ ਜ਼ੁਰਮਾਨੇ ਕਰ ਕੇ ਜਬਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਮੀਂਹ ਨਾ ਪੈਣ ਕਰਕੇ ਘਟੇ ਝਾੜ ਕਰਕੇ ਕਿਸਾਨਾਂ ਨੂੰ 10 ਹਜ਼ਾਰ ਤੋਂ 15 ਹਜ਼ਾਰ ਰੁਪਏ ਪ੍ਰਤੀ ਏਕੜ ਨੁਕਸਾਨ ਉਠਾਉਣਾ ਪੈ ਰਿਹਾ ਹੈ। ਕਿਸਾਨੀ ਦੇ ਖ਼ਿਲਾਫ਼ ਆ ਰਹੇ ਅਦਾਲਤੀ ਫ਼ੈਸਲਿਆਂ ਦੀ ਵੀ ਆਲੋਚਨਾ ਕੀਤੀ। ਆਗੂਆਂ ਸਾਹਿਬ ਸਿੰਘ ਬਡਬਰ, ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਜਗਤਾਰ ਸਿੰਘ ਦੁੱਗਾਂ, ਕਰਮਜੀਤ ਸਿੰਘ ਛੰਨਾਂ, ਤਾਰਾ ਸਿੰਘ ਅੱਚਰਵਾਲ, ਬਾਬੂ ਸਿੰਘ ਖੁੱਡੀਕਲਾਂ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਭੋਲਾ ਸਿੰਘ ਛੰਨਾਂ, ਜਸਪ੍ਰੀਤ ਸਿੰਘ ਸਮਾਧ ਭਾਈ ਆਦਿ ਆਗੂਆਂ ਨੇ ਕਿਹਾ ਕਿ ਕੌਮੀ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਪਰਾਲੀ ਨੂੰ ਇਕੱਠੀ ਕਰਨ, ਢੋਆ ਢੁਆਈ ਅਤੇ ਖਪਤ ਦੇ ਪ੍ਰਬੰਧ ਕਰਨੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਪਰ ਕਿਸਾਨਾਂ ਨੂੰ ਹੀ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਐਲਾਨ ਕੀਤਾ ਕਿ ਸਰਕਾਰਾਂ ਤੋਂ ਭਲੇ ਦੀ ਝਾਕ ਛੱਡਦੇ ਹੋਏ ਆਪਣੀ ਜਥੇਬੰਦਕ ਤਾਕਤ ਮਜ਼ਬੂਤ ਕਰਦਿਆਂ ਸੰਘਰਸ਼ੀ ਪਰਚਮ ਬੁਲੰਦ ਰੱਖਿਆ ਜਾਵੇਗਾ। ਇਹ ‘ਪਰਦਾਫਾਸ਼ ਮਾਰਚ’ ਗੁਰਦੁਆਰਾ ਸਾਹਿਬ ਕਾਲਾ ਮਾਹਿਰ ਬਰਨਾਲਾ ਤੋਂ ਸ਼ੁਰੂ ਹੋ ਕੇ ਸੰਘੇੜਾ, ਕਰਮਗੜ੍ਹ, ਨੰਗਲ, ਝਲੂਰ, ਸੇਖਾ, ਫਰਵਾਹੀ, ਰਾਜਗੜ੍ਹ, ਉੱਪਲੀ, ਕੱਟੂ, ਭੱਠਲ, ਧਨੌਲਾ ਹੁੰਦਾ ਹੋਇਆ ਇਤਿਹਾਸਿਕ ਕਸਬਾ ਹੰਢਿਆਇਆ ਵਿੱਚ ਪੁੱਜ ਕੇ ਸਮਾਪਤ ਹੋਇਆ। ਮਾਰਚ ਵਿੱਚ ਬਰਨਾਲਾ ਜ਼ਿਲ੍ਹੇ ਤੋਂ ਇਲਾਵਾ ਸੰਗਰੂਰ, ਲੁਧਿਆਣਾ, ਮਲੇਰਕੋਟਲਾ ਤੇ ਮੋਗਾ ਦੇ ਕਿਸਾਨ ਵੀ ਸ਼ਾਮਲ ਹੋਏ।

Advertisement

Advertisement
Advertisement
Author Image

sukhwinder singh

View all posts

Advertisement