ਡਰੇਨ ਦੀ ਸਫ਼ਾਈ ਲਈ ਕਿਸਾਨ ਜਥੇਬੰਦੀ ਮੁੜ ਸੜਕਾਂ ’ਤੇ ਉਤਰੀ
ਡੀਪੀਐੱਸ ਬੱਤਰਾ
ਸਮਰਾਲਾ, 30 ਜੁਲਾਈ
ਪਿੰਡ ਊਰਨਾ ਤੋਂ ਪਿੰਡ ਢੰਡੇ ਦੀ ਸਾਈਫਨ ਤੱਕ ਸ਼ੁਰੂ ਹੋਈ ਬਰਸਾਤੀ ਡਰੇਨ ਦੀ ਸਫ਼ਾਈ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਵਰਕਰਾਂ ਵੱਲੋਂ ਐੱਸਡੀਐੱਮ ਦਫ਼ਤਰ ਦੇ ਸਾਹਮਣੇ ਨੈਸ਼ਨਲ ਹਾਈਵੇਅ ’ਤੇ ਧਰਨਾ ਲਗਾ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਦੂਜੇ ਪਾਸੇ ਸਥਾਨਕ ਪ੍ਰਸ਼ਾਸਨ ਵੱਲੋਂ ਹੜ੍ਹਾਂ ਦੀ ਮਾਰ ਤੋਂ ਬਚਣ ਲਈ ਅਗਾਊਂ ਪ੍ਰਬੰਧਾਂ ਦਾ ਹਵਾਲਾ ਦਿੰਦਿਆਂ ਡਰੇਨ ਦੀ ਸਫ਼ਾਈ ਨੂੰ ਕਾਨੂੰਨੀ ਪੱਧਰ ’ਤੇ ਸਹੀ ਤੇ ਕਿਸਾਨਾਂ ਦੇ ਹੱਕ ਵਿੱਚ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਅੱਜ ਕਰੀਬ ਬਾਰਾਂ ਵਜੇ ਬੀਕੇਯੂ ਲੱਖੋਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ ਅਤੇ ਸਰਪ੍ਰਸਤ ਅਵਤਾਰ ਸਿੰਘ ਮੇਹਲੋਂ ਦੀ ਅਗਵਾਈ ਵਿੱਚ ਵਰਕਰਾਂ ਨੇ ਐੱਸਡੀਐੱਮ ਦਫ਼ਤਰ ਦੇ ਸਾਹਮਣੇ ਧਰਨਾ ਲਗਾਉਂਦਿਆਂ ਕਿਹਾ ਕਿ ਪਿਛਲੇ ਦਿਨੀਂ ਆਗੂਆਂ ਵੱਲੋਂ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਡਰੇਨ ਮਾਮਲੇ ’ਚ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਇਆ ਗਿਆ ਸੀ ਅਤੇ ਦੱਸਿਆ ਗਿਆ ਸੀ ਕਿ ਇਹ ਦੋ ਭਰਾਵਾਂ ਦੀ ਨਿੱਜੀ ਲੜਾਈ ਦਾ ਮਸਲਾ ਹੈ ਨਾ ਕਿ ਕੋਈ ਕਿਸਾਨੀ ਮਸਲਾ। ਇਸ ਤੋਂ ਬਾਅਦ ਉਚ ਅਧਿਕਾਰੀਆਂ ਨੇ ਡ੍ਰੇਨ ਦੀ ਸਫ਼ਾਈ ਦਾ ਕੰਮ ਰੋਕ ਦਿੱਤਾ ਸੀ। ਐੱਸਡੀਐੱਮ ਸਮਰਾਲਾ ਰਜਨੀਸ਼ ਅਰੋੜਾ ਵੱਲੋਂ ਕਿਸਾਨਾਂ ਨਾਲ ਕੀਤੀ ਗੱਲਬਾਤ ਦੌਰਾਨ ਇਹ ਧਰਨਾ ਚੁੱਕ ਦਿੱਤਾ ਗਿਆ।
ਡਰੇਨ ਦੀ ਸਫ਼ਾਈ ਹਰ ਹਾਲ ਹੋ ਕੇ ਰਹੇਗੀ : ਐੱਸਡੀਐੱਮ ਅਰੋੜਾ
ਐੱਸਡੀਐੱਮ ਰਜਨੀਸ਼ ਅਰੋੜਾ ਨੇ ਦੱਸਿਆ ਕਿ ਧਰਨਾ ਲਗਾਉਣ ਦਾ ਕੋਈ ਕਾਰਨ ਨਹੀਂ ਬਣਦਾ ਕਿਉਂਕਿ ਸਭ ਨੂੰ ਪਤਾ ਹੈ ਕਿ ਡ੍ਰੇਨ ਦੀ ਥਾਂ ਉਪਰ ਨਾਜ਼ਾਇਜ਼ ਕਬਜ਼ੇ ਹੋਏ ਹੋਏ ਹਨ। ਇਸ ਲਈ ਨਾਜ਼ਾਇਜ ਕਬਜ਼ੇ ਹਟਾ ਕੇ ਡਰੇਨ ਦੀ ਸਫਾਈ ਹਰ ਹਾਲ ਹੋ ਕੇ ਰਹੇਗੀ | ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਕੁਝ ਕਿਸਾਨਾ ਵੱਲੋਂ ਤਬਾਦਲੇ ਦੀ ਮੰਗ ਕਰਕੇ ਕਿਹਾ ਗਿਆ ਹੈ ਕਿ ਸਾਡੀ ਜ਼ਮੀਨ ਨੂੰ ਦੋਫਾੜ ਹੋਣ ਤੋਂ ਬਚਾਇਆ ਜਾਵੇ ਇਸ ਲਈ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਕਾਨੂੰਨ ਮੁਤਾਬਕ ਤਬਾਦਲਾ ਕਰਕੇ ਕਿਸਾਨਾਂ ਦੀ ਮੰਗ ਪੂਰੀ ਕੀਤੀ ਜਾ ਸਕਦੀ ਹੈ।