ਕਿਸਾਨਾਂ ਨੇ ਬਣਾਂਵਾਲਾ ਤਾਪਘਰ ਨੂੰ ਜਾਂਦੀ ਰੇਲ ਪੱਟੜੀ ’ਤੇ ਰਾਹ ਬਣਾਇਆ
ਜੋਗਿੰਦਰ ਸਿੰਘ ਮਾਨ
ਮਾਨਸਾ, 6 ਅਗਸਤ
ਪਿੰਡ ਬਣਾਂਵਾਲਾ ਵਿਚਲੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਨੂੰ ਜਾਂਦੇ ਰੇਲਵੇ ਟਰੈਕ ਉਪਰ ਪਿੰਡ ਅਸਪਾਲ ਕੋਠੇ ਦੇ ਕੁਝ ਕਿਸਾਨਾਂ ਵੱਲੋਂ ਪਹੀ ਬਣਾਉਣ ਦੇ ਯਤਨਾਂ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ। ਕਿਸਾਨਾਂ ਦੇ ਇਸ ਅੰਦੋਲਨ ਦੀ ਅਗਵਾਈ ਰੁਲਦੂ ਸਿੰਘ ਦੀ ਅਗਵਾਈ ਵਾਲੀ ਪੰਜਾਬ ਕਿਸਾਨ ਯੂਨੀਅਨ ਵੱਲੋਂ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲੀਸ ਨੇ ਅੱਜ ਦੇਰ ਸ਼ਾਮ ਰੇਲਵੇ ਟਰੈਕ ਉਪਰੋਂ ਦੀ ਰਸਤਾ ਬਣਾਉਣ ਦਾ ਕਾਰਜ ਰੋਕ ਦਿੱਤਾ ਹੈ ਪਰ ਕਿਸਾਨ ਜਥੇਬੰਦੀ ਵੱਲੋਂ ਭਲਕੇ 7 ਅਗਸਤ ਨੂੰ ਬਣਾਂਵਾਲਾ ਥਰਮਲ ਪਲਾਂਟ ਦੇ ਮੁੱਖ ਗੇਟ ਸਾਹਮਣੇ ਧਰਨਾ ਦੇਣ ਦਾ ਰੁਲਦੂ ਸਿੰਘ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਦੱਸਿਆ ਕਿ ਪਿੰਡ ਅਸਪਾਲ ਕੋਠੇ ਵਿੱਚ ਖੇਤਾਂ ਵਿੱਚੋਂ ਦੀ ਤਾਪਘਰ ਲਈ ਰੇਲਵੇ ਲਾਈਨ ਨਿਕਲਣ ਕਾਰਨ ਕਈ ਕਿਸਾਨਾਂ ਦੇ ਖੇਤ ਦੋ ਹਿੱਸਿਆਂ ਵਿੱਚ ਵੰਡੇ ਗਏ ਹਨ ਜਿਸ ਕਰਕੇ ਇੱਕ ਖੇਤ ਤੋਂ ਦੂਜੇ ਖੇਤ ਵਿੱਚ ਜਾਣ ਲਈ ਰੇਲਵੇ ਟਰੈਕ ਅੜਿੱਕਾ ਬਣਨ ਲੱਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਲਈ ਮਾਨਸਾ ਦੇ ਡਿਪਟੀ ਕਮਿਸ਼ਨਰ ਅਤੇ ਐੱਸਡੀਐੱਮ ਨਾਲ ਕਈ ਮੀਟਿੰਗਾਂ ਹੋਣ ਦੇ ਬਾਵਜੂਦ ਕੋਈ ਸਾਰਥਕ ਹੱਲ ਨਾ ਨਿਕਲ ਸਕਿਆ ਅਤੇ ਪ੍ਰਸ਼ਾਸਨ ਵੱਲੋਂ ਕੱਲ੍ਹ ਤਹਿਸੀਲਦਾਰ ਅਤੇ ਪਰਸੋਂ ਕਾਨੂੰਨਗੋ ਵੱਲੋਂ ਮੌਕਾ ਵੇਖਿਆ ਗਿਆ ਪਰ ਇਸਦੇ ਬਾਵਜੂਦ ਪ੍ਰਸ਼ਾਸਨ ਲਾਰੇ-ਲੱਪੇ ਵਿੱਚ ਹੀ ਰਿਹਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਲਾਰਿਆਂ ਤੋਂ ਅੱਕੇ ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਕਮੇਟੀ ਦੇ ਆਗੂਆਂ ਵੱਲੋਂ ਅੱਜ 6-7 ਟਰੈਕਟਰਾਂ ਨੂੰ ਲੈਕੇ ਰੇਲਵੇ ਟਰੈਕ ਦੇ ਉਤੋਂ ਦੀ ਪਹੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਪੁਲੀਸ ਅਧਿਕਾਰੀਆਂ ਵੱਲੋਂ ਅੱਜ ਦੇਰ ਸ਼ਾਮ ਭਰੋਸਾ ਦਿਵਾਕੇ ਕੰਮ ਨੂੰ ਰੋਕ ਦਿੱਤਾ ਗਿਆ ਹੈ ਪਰ ਜੇਕਰ ਕੱਲ੍ਹ 10 ਵਜੇ ਤੱਕ ਮਸਲੇ ਦਾ ਹੱਲ ਨਾ ਹੋਇਆ ਤਾਂ ਕਿਸਾਨ ਬਣਾਂਵਾਲਾ ਤਾਪਘਰ ਸਾਹਮਣੇ ਅਣਮਿਥੇ ਸਮੇਂ ਦਾ ਧਰਨਾ ਲਾਉਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਖੇਤਾਂ ਨੂੰ ਰਾਹ ਦੇਣ ਦੀ ਜ਼ਿੰਮੇਵਾਰੀ ਬਣਾਂਵਾਲਾ ਤਾਪਘਰ ਦੀ ਹੈ ਜਿਨ੍ਹਾਂ ਨੇ ਇਸ ਸਬੰਧੀ ਰੇਲਵੇ ਲਾਈਨ ਨਿਕਲਣ ਵੇਲੇ ਪਿੰਡਾਂ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ।
ਕਿਸਾਨ ਜਥੇਬੰਦੀ ਦੀ ਪ੍ਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਅੱਜ ਪ੍ਰਸ਼ਾਸਨ ਸਮਾਂ ਦੇਣ ਦੇ ਬਾਵਜੂਦ ਮੌਕੇ ’ਤੇ ਨਹੀਂ ਪਹੁੰਚਿਆ ਅਤੇ ਜਥੇਬੰਦੀ ਨੇ ਪ੍ਰਸ਼ਾਸਨ ਦੀ ਬੇਰੁਖੀ ਤੇ ਤਸੱਲੀਬਖਸ਼ ਜਵਾਬ ਨਾ ਦੇਣ ਕਾਰਨ ਜ਼ਮੀਨ ਨੂੰ ਰਾਹ ਖੁਦ ਕੱਢਣ ਦਾ ਫੈਸਲਾ ਲਿਆ।
ਕਿਸਾਨਾਂ ਦਾ ਕੰਮ ਗ਼ਲਤ: ਤਾਪਘਰ ਅਧਿਕਾਰੀ
ਤਾਪਘਰ ਦੇ ਇੱਕ ਅਧਿਕਾਰੀ ਦੱਸਿਆ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਕਿਸਾਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਸ਼ੁਰੂ ਤੋਂ ਦਿੰਦੇ ਆ ਰਹੇ ਹਨ ਪਰ ਇਹ ਮਾਮਲਾ ਦੋ ਕਿਸਾਨਾਂ ਦੀ ਆਪਸੀ ਜ਼ਿੱਦ ਕਾਰਨ ਉਲਝਿਆ ਹੈ, ਜਿਸ ਨੂੰ ਸੁਲਝਾਉਣ ਲਈ ਤਾਪਘਰ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਪੁਲੀਸ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਤੇ ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਦਿੱਤਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਰੇਲਵੇ ਟਰੈਕ ਉਪਰ ਪਹੀ ਬਣਾਉਣ ਨਾਲ ਕੋਲੇ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਅਤੇ ਥਰਮਲ ਬੰਦ ਹੋ ਜਾਣ ਦਾ ਖਦਸ਼ਾ ਪੈਦਾ ਹੋ ਜਾਵੇਗਾ।