For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਨੇ ਚੱਕਾ ਜਾਮ ਕਰ ਕੇ ਟੌਲ ਪਲਾਜ਼ੇ ਮੁਕਤ ਕਰਵਾਏ

06:57 AM Oct 18, 2024 IST
ਕਿਸਾਨਾਂ ਨੇ ਚੱਕਾ ਜਾਮ ਕਰ ਕੇ ਟੌਲ ਪਲਾਜ਼ੇ ਮੁਕਤ ਕਰਵਾਏ
ਫਿਲੌਰ ਵਿੱਚ ਕਿਸਾਨਾਂ ਦੇ ਧਰਨੇ ਕਾਰਨ ਜਲੰਧਰ-ਲੁਧਿਆਣਾ ਹਾਈਵੇਅ ’ਤੇ ਲੱਗਿਆ ਜਾਮ।
Advertisement

ਸਰਬਜੀਤ ਗਿੱਲ
ਫਿਲੌਰ, 17 ਅਕਤੂਬਰ
ਝੋਨੇ ਦੀ ਖਰੀਦ ਨਾ ਹੋਣ ਤੋਂ ਅੱਕੇ ਕਿਸਾਨਾਂ ਨੇ ਅੱਜ ਪੰਜ ਘੰਟੇ ਜੀਟੀ ਰੋਡ ਜਾਮ ਰੱਖਿਆ। ਜਾਮ ਦੀ ਪਹਿਲਾਂ ਕੋਈ ਸੂਚਨਾ ਨਾ ਹੋਣ ਕਾਰਨ ਸਿਵਲ ਅਤੇ ਪੁਲੀਸ ਅਧਿਕਾਰੀ ਵੀ ਚਾਰ ਘੰਟੇ ਬਾਅਦ ਗੱਲਬਾਤ ਲਈ ਪੁੱਜੇ। ਇਸ ਤੋਂ ਪਹਿਲਾ ਪੁੱਜੇ ਨਾਇਬ ਤਹਿਸੀਲਦਾਰ ਨਾਲ ਆਗੂਆਂ ਨੇ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਜਾਮ ਕਾਰਨ ਆਵਾਜਾਈ ਪ੍ਰਬੰਧ ਲੀਹੋਂ ਲੱਥ ਗਿਆ ਅਤੇ ਕਈ ਘੰਟੇ ਲੋਕਾਂ ਨੂੰ ਖੁਆਰ ਹੋਣਾ ਪਿਆ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਹਾਲੇ ਤੱਕ ਖਰੀਦ ਦੇ ਬੱਝਵੇਂ ਪ੍ਰਬੰਧ ਹੀ ਨਹੀਂ ਕਰ ਸਕੀ। ਭਾਰਤੀ ਕਿਸਾਨ ਯੂਨੀਅਨ ਕਾਦੀਆ, ਜਮਹੂਰੀ ਕਿਸਾਨ ਸਭਾ, ਬੀਕੇਯੂ ਰਾਜੇਵਾਲ, ਬੀਕੇਯੂ ਦੋਆਬਾ, ਸਮੇਤ ਹੋਰ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਅੱਜ ਸਵਾ ਬਾਰਾਂ ਵਜੇ ਜੀਟੀ ਰੋਡ ਜਾਮ ਕਰ ਦਿੱਤਾ। ਧਰਨੇ ਨੂੰ ਅਮਰੀਕ ਸਿੰਘ ਭਾਰ ਸਿੰਘ ਪੁਰੀ, ਸੰਤੋਖ ਸਿੰਘ ਬਿਲਗਾ, ਕਮਲਜੀਤ ਸਿੰਘ, ਜਸਵਿੰਦਰ ਸਿੰਘ ਢੇਸੀ, ਜਰਨੈਲ ਸਿੰਘ ਮੋਤੀਪੁਰ, ਕਸ਼ਮੀਰ ਸਿੰਘ, ਕੁਲਦੀਪ ਫਿਲੌਰ, ਤਰਜਿੰਦਰ ਧਾਲੀਵਾਲ, ਮਨਜਿੰਦਰ ਸਿੰਘ ਢੇਸੀ, ਜਰਨੈਲ ਫਿਲੌਰ, ਆੜ੍ਹਤੀਆ ਐਸੇਸੋਈਸ਼ਨ ਫਿਲੌਰ ਦੇ ਪ੍ਰਧਾਨ ਗੁਲਸ਼ਨ ਅਹੂਜਾ, ਲਖਵਿੰਦਰ ਸਿੰਘ ਮੋਤੀਪੁਰ ਆਦਿ ਨੇ ਵੀ ਸੰਬੋਧਨ ਕੀਤਾ। ਅਖ਼ੀਰ ’ਚ ਐੱਸਡੀਐੱਮ ਫਿਲੌਰ ਅਮਨਪਾਲ ਸਿੰਘ ਅਤੇ ਡੀਐੱਸਪੀ ਫਿਲੌਰ ਸਰਵਣ ਸਿੰਘ ਬੱਲ ਨੇ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਅੱਜ ਸ਼ਾਮ ਤੋਂ ਹੀ ਲਿਫਟਿੰਗ ਸ਼ੁਰੂ ਕਰਵਾ ਦਿੱਤੀ ਜਾਵੇਗੀ। ਜਿਸ ਉਪਰੰਤ ਸਾਢੇ ਪੰਜ ਵਜੇ ਦੇ ਕਰੀਬ ਧਰਨਾ ਸਮਾਪਤ ਕੀਤਾ ਗਿਆ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਝੋਨੇ ਦੀ ਖਰੀਦ ਅਤੇ ਚੁਕਾਈ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਬੱਲ ਦੀ ਅਗਵਾਈ ਵਿਚ ਸ਼ਾਹਕੋਟ-ਮੋਗਾ ਰੋਡ ਦੇ ਚੱਕ ਬਾਂਹਮਣੀਆਂ ਦੇ ਟੌਲ ਉੱਪਰ ਧਰਨਾ ਲਗਾ ਕੇ ਟੌਲ ਨੂੰ ਪਰਚੀ ਮੁਕਤ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਚਾਹਲ,ਬਲਕਾਰ ਸਿੰਘ ਫਾਜਿਲਵਾਲ, ਜਸਪਾਲ ਸਿੰਘ ਸੰਢਾਂਵਾਲ, ਗੁਰਮੁਖ ਸਿੰਘ ਸਿੱਧੂ ਅਤੇ ਮਨਜੀਤ ਸਿੰਘ ਸਾਬੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਦੇਸ਼ ਦਾ ਅੰਨਦਾਤਾ ਮੰਡੀਆਂ ਵਿੱਚ ਰੁਲ ਰਿਹਾ ਹੈ। ਉਨ੍ਹਾਂ ਕਿਹਾ ਕਿ 18 ਅਕਤੂਬਰ ਨੂੰ ਸੰਗੋਵਾਲ ਦਾ ਟੌਲ ਵੀ ਪਰਚੀ ਮੁਕਤ ਕਰਕੇ ਭਾਜਪਾ ਆਗੂਆਂ ਅਤੇ ਆਪ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਵੀ ਪੱਕੇ ਮੋਰਚੇ ਲਗਾਏ ਜਾਣਗੇ।
ਜੰਡਿਆਲਾ ਗੁਰੂ (ਸਿਮਰਤਪਾਲ ਬੇਦੀ): ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨ ਟੌਲ ਪਲਾਜ਼ੇ ਅੱਜ ਕਿਸਾਨਾਂ ਨੇ ਮੁਫਤ ਕਰਵਾਏ। ਇਨ੍ਹਾਂ ਵਿੱਚ ਨਿੱਝਰਪੁਰਾ, ਵਰਿਆਮ ਟੌਲ ਕੱਥੂਨੰਗਲ, ਛਿੱਡਣ ਅਟਾਰੀ ਟੌਲ ਸ਼ਾਮਲ ਹਨ ਹਨ। ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ ਨੇ ਕਿਹਾ ਪੰਜਾਬ ਸਰਕਾਰ ਫਸਲਾਂ ਦੀ ਲਿਫਟਿੰਗ ਕਰਾਉਣ ’ਚ ਫੇਲ੍ਹ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਪਿਛਲੇ ਸਮੇਂ ’ਚ 1509 ਬਾਸਮਤੀ ਦਾ ਰੇਟ ਬਹੁਤ ਘੱਟ ਮਿਲਿਆ, ਜਿਸ ਕਰਕੇ ਕਿਸਾਨਾਂ ਨੂੰ 15 ਤੋਂ 20 ਹਜ਼ਾਰ ਪ੍ਰਤੀ ਏਕੜ ਦਾ ਘਾਟਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿਸਾਨਾਂ ਦੀ ਖੱਜਲ ਖੁਆਰੀ ਮੰਡੀਆਂ ‘ਚ ਬੰਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ 18 ਅਕਤੂਬਰ ਤੋਂ ਆਪ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਪੱਕੇ ਮੋਰਚੇ ਲਾਏ ਜਾਣਗੇ।
ਤਰਨ ਤਾਰਨ (ਗੁਰਬਖਸ਼ਪੁਰੀ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਦਿੱਤੇ ਸੱਦੇ ’ਤੇ ਅੱਜ ਜ਼ਲ੍ਹੇ ਦੇ ਤਿੰਨੇ ਟੌਲ ਪਲਾਜ਼ਿਆਂ ’ਤੇ ਕਿਸਾਨਾਂ ਨੇ ਧਰਨੇ ਦੇ ਕੇ ਵਾਹਨਾਂ ਦੀ ਆਵਾਜਾਈ ਮੁਫ਼ਤ ਕਰਵਾਈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿਧਵਾਂ ਨੇ ਦੱਸਿਆ ਕਿ ਕਿਸਾਨਾਂ ਨੇ ਅੱਜ ਉਸਮਾਂ, ਮੰਨਣ ਅਤੇ ਭੱਗੂਪੁਰ ਪਿੰਡਾਂ ਦੇ ਟੌਲ ਪਲਾਜ਼ਿਆਂ ’ਤੇ ਧਰਨੇ ਦੇ ਕੇ ਝੋਨੇ ਦੀ ਖਰੀਦ ਸ਼ੁਰੂ ਕਰਨ ਦੀ ਮੰਗ ਕੀਤੀ| ਉਸਮਾਂ ਦੇ ਟੌਲ ਪਲਾਜ਼ਾ ’ਤੇ ਇਕੱਤਰ ਕਿਸਾਨਾਂ ਨੂੰ ਜਥੇਬੰਦੀ ਦੇ ਆਗੂ ਭੁਪਿੰਦਰ ਸਿੰਘ ਠੱਠੀਆਂ ਮਹੰਤਾਂ, ਹਰਦੀਪ ਸਿੰਘ ਜੌੜਾ, ਸੁਲੱਖਣ ਸਿੰਘ,ਜਥੇਦਾਰ ਸੰਤੋਖ ਸਿੰਘ ਪੱਟੀ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ। ਕਿਸਾਨਾਂ ਨੇ ਮੰਨਣ ਅਤੇ ਭੱਗੂਪੁਰ ਦੇ ਟੌਲ ਪਲਾਜ਼ਾ ’ਤੇ ਵੀ ਧਰਨੇ ਦਿੱਤੇ|
ਕਾਹਨੂੰਵਾਨ (ਵਰਿੰਦਰਜੀਤ ਸਿੰਘ ਜਾਗੋਵਾਲ): ਝੋਨੇ ਦੇ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਖ਼ਰੀਦ ਕੇਂਦਰ ਭੱਟੀਆਂ ਵਿੱਚ ਰੋਸ ਧਰਨਾ ਲਗਾਇਆ ਗਿਆ। ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਬਲਾਕ ਪ੍ਰਧਾਨ ਸੁਖਵੰਤ ਸਿੰਘ ਸਠਿਆਲੀ ਨੇ ਮੰਡੀ ਬੋਰਡ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਝੋਨੇ ਦੀ ਖ਼ਰੀਦ ਸਮੇਂ ਸਿਰ ਕਰਵਾ ਕੇ ਮੰਡੀਆਂ ਤੋਂ ਚੁਕਾਈ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਡਟ ਕੇ ਨਾਅਰੇਬਾਜ਼ੀ ਕੀਤੀ।

Advertisement

ਕਿਸਾਨਾਂ ਦੇ ਨਾਲ ਆੜ੍ਹਤੀਆਂ ਨੇ ਵੀ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕੀਤਾ

ਪਠਾਨਕੋਟ (ਐਨਪੀ ਧਵਨ): ਝੋਨੇ ਦੀ ਖਰੀਦ ਸਹੀ ਢੰਗ ਨਾਲ ਨਾ ਹੋਣ ਨੂੰ ਲੈ ਕੇ ਕਿਸਾਨਾਂ ਨੇ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਲਦਪਾਲਵਾਂ ’ਚ ਟੌਲ ਪਲਾਜ਼ੇ ਨੂੰ ਕਿਸਾਨਾਂ ਨੇ ਬੰਦ ਰੱਖ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਨਹੀਂ ਹੋ ਰਹੀ ਹੈ ਜਿਸ ਦੇ ਵਿਰੋਧ ਵਿੱਚ ਉਨ੍ਹਾਂ ਇਹ ਪ੍ਰਦਰਸ਼ਨ ਕੀਤਾ ਹੈ। ਸੂਚਨਾ ਮਿਲਣ ’ਤੇ ਲਦਪਾਲਵਾਂ ਟੌਲ ਪਲਾਜ਼ਾ ’ਤੇ ਪੁਲੀਸ ਮੌਕੇ ’ਤੇ ਪੁੱਜੀ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਪੁਲੀਸ ਨੇ ਕਿਹਾ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਉਹ ਪ੍ਰਸ਼ਾਸਨ ਮੂਹਰੇ ਰੱਖਣਗੇ ਜਿਸ ’ਤੇ ਕਿਸਾਨਾਂ ਨੇ ਆਪਣੀ ਸਹਿਮਤੀ ਵੀ ਜਤਾਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ 48 ਘੰਟੇ ਵਿੱਚ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਨਗੇ। ਦੂਸਰੇ ਪਾਸੇ ਆੜਤੀਆਂ ਦੀ ਯੂਨੀਅਨ ਦੇ ਸਟੇਟ ਪ੍ਰਧਾਨ ਨਾਲ ਕੀਤੀ ਧੱਕੇਸ਼ਾਹੀ ਤੋਂ ਰੋਸ ਵਿੱਚ ਆ ਕੇ ਆੜ੍ਹਤੀਆਂ ਨੇ ਅੱਜ ਹੜਤਾਲ ਕਰਕੇ ਕੰਮਕਾਜ ਠੱਪ ਰੱਖਿਆ ਤੇ ਕਿਸੇ ਵੀ ਤਰ੍ਹਾਂ ਦੀ ਝੋਨੇ ਦੀ ਲਿਫਟਿੰਗ ਨਹੀਂ ਹੋਈ। ਆੜ੍ਹਤੀਆਂ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਜੋ ਉਨ੍ਹਾਂ ਦੇ ਸਟੇਟ ਯੂਨੀਅਨ ਪ੍ਰਧਾਨ ਨਾਲ ਧੱਕੇਸ਼ਾਹੀ ਕੀਤੀ ਹੈ, ਉਸ ਦੇ ਰੋਸ ਵੱਜੋਂ ਉਨ੍ਹਾਂ ਅੱਜ ਇੱਕ ਦਿਨ ਦੀ ਹੜਤਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਗੇ ਦੀ ਰਣਨੀਤੀ ਸਟੇਟ ਯੂਨੀਅਨ ਅਨੁਸਾਰ ਤੈਅ ਕੀਤੀ ਜਾਵੇਗੀ।

Advertisement

Advertisement
Author Image

sukhwinder singh

View all posts

Advertisement