For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ-ਮਜ਼ਦੂਰਾਂ ਨੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ

09:07 AM Sep 09, 2023 IST
ਕਿਸਾਨਾਂ ਮਜ਼ਦੂਰਾਂ ਨੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ
ਅੰਮ੍ਰਿਤਸਰ ’ਚ ਗੋਲਡਨ ਗੇਟ ਨੇੜੇ ਕੇਂਦਰ ਸਰਕਾਰ ਦਾ ਪੁਤਲਾ ਸਾੜਦੇ ਹੋਏ ਕਿਸਾਨ-ਮਜ਼ਦੂਰ।
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਸਤੰਬਰ
ਭਾਰਤ ਦੀ ਮੇਜ਼ਬਾਨੀ ਹੇਠ ਜੀ-20 ਦੇਸ਼ਾਂ ਦੇ ਹੋ ਰਹੇ ਸੰਮੇਲਨ ਖ਼ਿਲਾਫ਼ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਖ-ਵੱਖ ਥਾਵਾਂ ’ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਪੁਤਲੇ ਸਾੜੇ ਗਏ। ਇਸੇ ਦੌਰਾਨ ਇਥੇ ਗੋਲਡਨ ਗੇਟ ਦੇ ਨੇੜੇ ਵੀ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਵਿਖਾਵਾ ਕੀਤਾ ਗਿਆ। ਜਥੇਬੰਦੀ ਦੇ ਬੁਲਾਰੇ ਨੇ ਦੱਸਿਆ ਕਿ ਸੂਬਾ ਆਗੂ ਸਰਵਣ ਸਿੰਘ ਪੰਧੇਰ, ਜਰਮਨਜੀਤ ਸਿੰਘ ਬੰਡਾਲਾ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ ਲਗਪਗ 40 ਥਾਵਾਂ ’ਤੇ ਸਰਕਾਰ ਦੇ ਪੁਤਲੇ ਸਾੜੇ ਗਏ| ਕਿਸਾਨ ਆਗੂਆਂ ਨੇ ਕਿਹਾ ਕਿ ਜੀ-20 ਦੇਸ਼ਾਂ ਦਾ ਗਰੁੱਪ ਕਾਰਪੋਰੇਟ ਪੱਖੀ ਹੈ, ਜੋ ਕਿ ਗਰੀਬ ਅਤੇ ਮੱਧ ਵਰਗ ਵਿਰੋਧੀ ਨੀਤੀਆਂ ਤਹਿਤ ਕੰਮ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਰਥਿਕ ਵਿਕਾਸ ਅਤੇ ਸਥਿਰਤਾ ਦੇ ਨਾਂਅ ਹੇਠ ਵਿਕਾਸਸ਼ੀਲ ਦੇਸ਼ਾਂ ਦੇ ਕੁਦਰਤੀ ਸੋਮਿਆਂ ਜਿਵੇ ਖਣਿਜ, ਪਾਣੀ, ਜੰਗਲ, ਜ਼ਮੀਨ, ਆਵਾਜਾਈ ਦੇ ਸਾਧਨ ਅਤੇ ਸਸਤੀ ਲੇਬਰ ਸਮੇਤ ਹੋਰ ਸੋਮਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜਿਸ ਦਾ ਕਿਸਾਨ ਮਜ਼ਦੂਰ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ| ਇਸ ਮੌਕੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਫਿਰਕਾਪ੍ਰਸਤੀ ਦਾ ਕੁਹਾੜਾ ਵਰਤ ਕੇ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਪਿਛਲੀਆਂ ਸਰਕਾਰਾਂ ਨਾਲੋਂ ਵੀ ਦੋ ਕਦਮ ਅੱਗੇ ਵੱਧ ਕੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰ ਰਹੀ ਹੈ|
ਅਟਾਰੀ (ਦਿਲਬਾਗ ਸਿੰਘ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਉਲੀ ਸਾਹਿਬ ਪ੍ਰਧਾਨ ਕੁਲਵੰਤ ਸਿੰਘ ਰਾਜਾਤਾਲ ਅਤੇ ਜੋਗਾ ਸਿੰਘ ਖਹਿਰਾ ਦੀ ਅਗਵਾਈ ਹੇਠ ਅਟਾਰੀ ਸਰਹੱਦ ’ਚ ਜੀ-20 ਸੰਮੇਲਨ ਵਿਰੁੱਧ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਦਿੱਲੀ ਵਿੱਚ 9 ਸਤੰਬਰ ਨੂੰ ਜੀ-20 ਸੰਮੇਲਨ ਕਰਨ ਜਾ ਰਹੀ ਕੇਂਦਰ ਦੀ ਭਾਜਪਾ ਸਰਕਾਰ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕੀਤਾ ਗਿਆ। ਇਸ ਤੋਂ ਇਲਾਵਾ ਬਾਬਾ ਸੁਹਣ ਸਿੰਘ ਭਕਨਾ ਚੌਕ ਅਤੇ ਸੰਨ੍ਹ ਸਾਹਿਬ ਰੋਡ ਕੋਟਲੀ ਵਿੱਚ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੇਂਦਰ ਸਰਕਾਰ ਵਿਰੁੱਧ ਪੁਤਲੇ ਸਾੜੇ ਗਏ।
ਤਰਨ ਤਾਰਨ (ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਤਰਨ ਤਾਰਨ ਇਕਾਈ ਨੇ ਭਾਰਤ ਸਰਕਾਰ ਵੱਲੋਂ ਨਵੀਂ ਦਿੱਲੀ ਵਿੱਚ ਕਰਵਾਏ ਜਾ ਰਹੇ ਜੀ-20 ਦੇਸ਼ਾਂ ਦੇ ਸਿਖਰ ਸੰਮੇਲਨ ਖ਼ਿਲਾਫ਼ ਅੱਜ ਜ਼ਿਲ੍ਹਾ ਭਰ ਅੰਦਰ ਵੱਖ-ਵੱਖ ਥਾਵਾਂ ’ਤੇ ਰੋਸ ਵਿਖਾਵੇ ਕਰ ਕੇ ਮੋਦੀ ਸਰਕਾਰ ਦੇ ਪੁਤਲੇ ਸਾੜੇ| ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਦੀ ਅਗਵਾਈ ਵਿੱਚ ਜਥੇਬੰਦੀ ਦੀ ਬਾਬਾ ਬੀਰ ਸਿੰਘ ਤੇ ਕਾਮਾਗਾਟਾਮਾਰੂ ਇਕਾਈ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਵਿਖਾਵਾ ਕੀਤਾ| ਜਥੇਬੰਦੀ ਦੀਆਂ ਜ਼ੋਨ ਇਕਾਈਆਂ ਨੇ ਅੱਜ ਝਬਾਲ, ਗੋਹਲਵੜ੍ਹ, ਮਾਨੋਚਾਹਲ ਕਲਾਂ, ਸ਼ਾਹਬਾਜ਼ਪੁਰ, ਨਾਗੋਕੇ, ਸਰਾਏ ਅਮਾਨਤ ਖਾਂ, ਭਿੱਖੀਵਿੰਡ ਆਦਿ ਥਾਵਾਂ ’ਤੇ ਵੀ ਵਿਖਾਵੇ ਕਰਕੇ ਮੋਦੀ ਸਰਕਾਰ ਦੇ ਪੁਤਲੇ ਸਾੜੇ|
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੁਲ ਸਠਿਆਲੀ ਅਤੇ ਭੈਣੀ ਮੀਆਂ ਖਾਂ ਵਿੱਚ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫ਼ੂਕ ਕੇ ਜੀ-20 ਸੰਮੇਲਨ ਦਾ ਵਿਰੋਧ ਕੀਤਾ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਪੂਰੇ ਭਾਰਤ ਨੂੰ ਕਾਰਪੋਰੇਟ ਦੇ ਹੱਥ ਦੇਣਾ ਚਾਹੁੰਦੀ ਹੈ। ਜੀ-20 ਮੀਟਿੰਗਾਂ ਵਿਚ ਦੇਸ਼ ਦੇ ਹਰ ਸੈਕਟਰ ਨੂੰ ਪ੍ਰਾਈਵੇਟ ਅਧੀਨ ਕਰਨ ਦੀ ਯੋਜਨਾ ਘੜੀ ਜਾ ਰਹੀ ਹੈ। ਇਸ ਦਾ ਉਹ ਡਟ ਕੇ ਵਿਰੋਧ ਕਰਦੇ ਰਹਿਣਗੇ।
ਸ਼ਾਹਕੋਟ (ਗੁਰਮੀਤ ਸਿੰਘ): ਜੀ-20 ਸੰਮੇਲਨ ਵਿਰੁੱਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸ਼ਾਹਕੋਟ ਅਤੇ ਲੋਹੀਆਂ ਖਾਸ ਵਿਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ। ਕਿਸਾਨ ਆਗੂਆਂ ਨੇ ਮੋਦੀ ਸਰਕਾਰ ਨੂੰ ਇਸ ਸੰਮੇਲਨ ’ਚੋਂ ਬਾਹਰ ਆਉਣ ਦੀ ਅਪੀਲ ਕੀਤੀ।
ਸ੍ਰੀ ਹਰਗੋਬਿੰਦਪੁਰ ਸਾਹਿਬ (ਗੁਰਭੇਜ ਸਿੰਘ ਰਾਣਾ): ਬਟਾਲਾ-ਸ੍ਰੀ ਹਰਗੋਬਿੰਦਪੁਰ ਸਾਹਿਬ ਰੋਡ ਉੱਪਰ ਪਿੰਡ ਚੀਮਾਂ ਖੁੱਡੀ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਸ੍ਰੀ ਹਰਗੋਬਿੰਦਪੁਰ ਸਾਹਿਬ ਵੱਲੋਂ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਖਾਨਪੁਰ ਦੀ ਅਗਵਾਈ ਹੇਠ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੁਤਲਾ ਫੂਕਿਆ ਗਿਆ।

Advertisement

Advertisement

ਕਿਸਾਨਾਂ ਤੇ ਮਜ਼ਦੂਰਾਂ ਵੱਲੋਂ 28 ਨੂੰ ਰੇਲਾਂ ਰੋਕਣ ਦਾ ਐਲਾਨ

ਜਲੰਧਰ (ਪਾਲ ਸਿੰਘ ਨੌਲੀ): ਕਿਸਾਨ ਜਥੇਬੰਦੀਆਂ ਨੇ ਦੇਸ਼ ਭਰ ਤੇ ਖ਼ਾਸ ਕਰ ਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਦੇ ਆਪਣੇ ਮਿੱਤਰਾਂ ਨੂੰ ਲਾਭ ਪਹੁੰਚਾਉਣ ਲਈ ਸੱਦੇ ਗਏ ਜੀ-20 ਸੰਮੇਲਨ ਦਾ ਤਿੱਖਾ ਵਿਰੋਧ ਕੀਤਾ ਜਾਵੇ। ਉੱਤਰੀ ਭਾਰਤ ਦੀਆਂ 16 ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ‘ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ’ ਦੇ ਸੱਦੇ ’ਤੇ ਪੰਜਾਬ ਭਰ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਪੁਤਲੇ ਫੂਕ ਕੇ ਜੀ-20 ਸੰਮੇਲਨ ਵਿਰੁੱਧ ਆਪਣੇ ਵਿਰੋਧ ਦਾ ਪ੍ਰਗਟਾਵਾ ਕੀਤਾ। ਇਸੇ ਦੌਰਾਨ ਉੱਤਰੀ ਭਾਰਤ ਦੀਆਂ 16 ਜਥੇਬੰਦੀਆਂ ਸਮੇਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬੇ ਭਰ ਵਿੱਚ 28 ਸਤੰਬਰ ਨੂੰ ਵੱਖ ਵੱਖ ਥਾਵਾਂ ’ਤੇ ਰੇਲਾਂ ਦੇ ਚੱਕੇ ਜਾਮ ਕੀਤੇ ਜਾਣਗੇ। ਕਿਸਾਨ ਜਥੇਬੰਦੀਆਂ ਨੇ ਜੀ-20 ਸੰਮੇਲਨ ਦਾ ਵਿਰੋਧ ਕਰ ਕੇ ਆਪਣੀਆਂ ਮੰਗਾਂ ਨੂੰ ਕੌਮਾਂਤਰੀ ਪੱਧਰ ਦੀ ਪਛਾਣ ਦੇਣ ਦਾ ਯਤਨ ਕੀਤਾ ਹੈ ਕਿ ਕਿਵੇਂ ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਤੋਂ ਬਾਅਦ ਕਿਸਾਨਾਂ ਨਾਲ ਹਰ ਪੱਧਰ ’ਤੇ ਧੱਕਾ ਕਰਨ ’ਤੇ ਉਤਰੀ ਹੋਈ ਹੈ। ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਅਤੇ ਜਲੰਧਰ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ।

Advertisement
Author Image

sukhwinder singh

View all posts

Advertisement