ਕਿਸਾਨਾਂ ਨੇ ਸੁੰਡੀ ਕਾਰਨ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਮੰਗਿਆ
ਜਗਤਾਰ ਸਮਾਲਸਰ
ਏਲਨਾਬਾਦ, 15 ਅਕਤੂਬਰ
ਕਿਸਾਨਾਂ ਨੇ ਏਲਨਾਬਾਦ ਖੇਤਰ ਵਿੱਚ ਸੁੰਡੀ ਦੇ ਹਮਲੇ ਕਾਰਨ ਤਬਾਹ ਹੋਈ ਝੋਨੇ ਅਤੇ ਨਰਮੇ ਦੀ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੀ ਮੰਗ ਕੀਤੀ ਹੈ। ਇਸ ਸਬੰਧੀ ਕਿਸਾਨਾਂ ਨੇ ਅੱਜ ਇੱਕ ਮੰਗ ਪੱਤਰ ਤਹਿਸੀਲਦਾਰ ਰਾਵਿੰਦਰ ਸਿੰਘ ਰਾਹੀਂ ਡਿਪਟੀ ਕਮਿਸ਼ਨਰ ਨੂੰ ਭੇਜਿਆ। ਕਿਸਾਨਾਂ ਨੇ ਕਿਹਾ ਕਿ ਸੁੰਡੀ ਕਾਰਨ ਏਲਨਾਬਾਦ ਹਲਕੇ ਵਿੱਚ ਨਰਮੇ ਅਤੇ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ। ਕਿਸਾਨਾਂ ਵੱਲੋਂ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਗਈ ਪਰ ਕੀਟਨਾਸ਼ਕਾਂ ਦਾ ਸੁੰਡੀ ’ਤੇ ਕੋਈ ਅਸਰ ਨਹੀਂ ਹੋਇਆ। ਜਿਸ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਖਤਮ ਹੋ ਗਈਆਂ ਹਨ ਅਤੇ ਲਾਗਤ ਵੀ ਪੂਰੀ ਨਹੀਂ ਹੋ ਰਹੀ। ਕਿਸਾਨਾਂ ਨੇ ਮੰਗ ਕੀਤੀ ਕਿ ਫ਼ਸਲਾਂ ਦੀ ਇੱਕ ਹਫ਼ਤੇ ਦੇ ਅੰਦਰ-ਅੰਦਰ ਵਿਸ਼ੇਸ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਕੀਟਨਾਸ਼ਕ ਦੀ ਵੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀ ਪਾਈਆਂ ਜਾਣ ਵਾਲੀਆਂ ਕੰਪਨੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕਾਮਰੇਡ ਸੁਰਜੀਤ ਸਿੰਘ, ਸਰਬਜੀਤ ਸਿੰਘ ਸਿੱਧੂ, ਗੁਰਿੰਦਰ ਭੱਟੀ, ਗੁਰਲਾਲ ਢਿੱਲੋਂ, ਸੁਰਿੰਦਰ ਸਿੱਧੂ, ਜਗਮੀਤ ਸਿੰਘ, ਨਿਰਮਲ ਸਿੰਘ, ਅਮਰਜੀਤ ਸਿੰਘ, ਹਰਜੀਤ ਵੜੈਚ, ਗੁਰਦੀਪ ਸਿੰਘ ਗੁਰਾਇਆ, ਲਾਲ ਸਿੰਘ, ਗੁਰਦੀਪ ਸਿੰਘ ਬੁੱਟਰ, ਪ੍ਰਕਾਸ਼ ਬਾਨਾ, ਪਵਨ ਗੋਦਾਰਾ, ਰਣਜੀਤ ਸਿੱਧੂ, ਜੱਸਾ ਸੰਧੂ, ਨਛੱਤਰ ਸਿੰਘ ਤੇ ਗੁਰਸੇਵਕ ਸਿੰਘ ਸਹਿਤ ਅਨੇਕ ਕਿਸਾਨ ਮੌਜੂਦ ਸਨ।