ਕਿਸਾਨਾਂ ਨੇ ਦੋ ਘਰਾਂ ਦਾ ਕਬਜ਼ਾ ਲੈਣ ਆਏ ਅਧਿਕਾਰੀ ਬੇਰੰਗ ਮੋੜੇ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 3 ਜੁਲਾਈ
ਇੱਥੋਂ ਨੇੜਲੇ ਪਿੰਡ ਤਰੰਜੀਖੇੜਾ (ਖਡਿਆਲੀ) ਅਤੇ ਪਿੰਡ ਫਲੇੜਾ ਵਿੱਚ ਦੋ ਘਰਾਂ ਦਾ ਵਾਰੰਟ ਕਬਜ਼ਾ ਲੈਣ ਪੁੱਜੇ ਅਧਿਕਾਰੀਆਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਭਾਰੀ ਰੋਹ ਕਾਰਨ ਬੇਰੰਗ ਪਰਤਣਾ ਪਿਆ। ਕਿਸਾਨ ਜਥੇਬੰਦੀ ਨੇ ਇਸ ਮੌਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਭਵਿੱਖ ਅੰਦਰ ਦੋਵੇਂ ਪਿੰਡਾਂ ਦੇ ਵਾਰੰਟ ਕਬਜ਼ਾ ਵਾਪਸ ਲੈਣ ਲਈ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਆਗੂਆਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ-ਮਜ਼ਦੂਰ ਪਹਿਲਾਂ ਹੀ ਕਰਜ਼ੇ ਦੀ ਮਾਰ ਕਾਰਨ ਖ਼ੁਦਕੁਸ਼ੀਆਂ ਕਰ ਰਿਹਾ ਹੈ ਉਪਰੋਂ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਨੇ ਪੰਜਾਬ ਵਿੱਚ ਖ਼ਤਰਨਾਕ ਕਰਜ਼ੇ ਦਾ ਜਾਲ਼ ਵਿਛਾ ਰੱਖਿਆ ਹੈ। ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਕਰਜ਼ੇ ਦੇ ਜਾਲ ਵਿੱਚ ਫਸਾ ਕੇ ਮਨ-ਮਰਜ਼ੀ ਦੇ ਵਿਆਜ ਅਤੇ ਬੀਮੇ ਕਰਨੇ ਇਹਨਾਂ ਕੰਪਨੀਆਂ ਦਾ ਪੇਸ਼ਾ ਬਣ ਚੁੱਕਿਆ ਹੈ ਪਰ ਜਥੇਬੰਦੀ ਨੇ ਫਾਇਨਾਂਸ ਕੰਪਨੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਰਜ਼ੇ ਬਦਲੇ ਨਾ ਕਿਸੇ ਕਿਸਾਨ ਦੀ ਜ਼ਮੀਨ ਅਤੇ ਨਾ ਹੀ ਕਿਸੇ ਦਾ ਘਰ ਨਿਲਾਮ ਹੋਣ ਦਿੱਤਾ ਜਾਵੇਗਾ। ਪਿੰਡ ਫਲੇੜਾ ਦੇ ਕਿਸਾਨ ਗੁਰਸੇਵਕ ਸਿੰਘ, ਸੁਖਦੇਵ ਸਿੰਘ ਅਤੇ ਪਿੰਡ ਤਰੰਜੀਖੇੜਾ (ਖਡਿਆਲੀ) ਦੇ ਕਿਸਾਨ ਸੁਖਦੇਵ ਸਿੰਘ, ਪਰਮਜੀਤ ਕੌਰ, ਗੁਰਦੀਪ ਸਿੰਘ ਦੇ ਘਰ ਨੂੰ ਪ੍ਰਸ਼ਾਸਨ ਤਾਲਾ ਲਾਉਣ ਆਇਆ ਸੀ ਪਰ ਜਥੇਬੰਦੀ ਦੇ ਰੋਹ ਨੂੰ ਦੇਖਦਿਆਂ ਬੇਰੰਗ ਮੁੜਨਾ ਪਿਆ। ਆਗੂਆਂ ਨੇ ਕਿਹਾ ਕਿ ਫਾਇਨਾਂਸ ਕੰਪਨੀਆਂ ਦੀ ਲੁੱਟ ਬੰਦ ਕਰਨ ਲਈ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਵਿੱਢੇ ਜਾਣਗੇ। ਇਸ ਮੌਕੇ ਸੁਨਾਮ ਬਲਾਕ ਦੇ ਆਗੂ ਰਾਮਸਰਨ ਸਿੰਘ ਉਗਰਾਹਾਂ, ਸੁਖਪਾਲ ਸਿੰਘ ਮਾਣਕ ਕਣਕਵਾਲ, ਅਜੈਬ ਸਿੰਘ ਜਖੇਪਲ, ਮਨੀ ਸਿੰਘ ਭੈਣੀ, ਗਗਨ ਚੱਠਾ, ਇੰਦਰਜੀਤ ਸਿੰਘ ਉਗਰਾਹਾਂ, ਭਗਵਾਨ ਸਿੰਘ ਸੁਨਾਮ ਅਤੇ 12 ਪਿੰਡ ਇਕਾਈ ਦੇ ਕਿਸਾਨ ਮਜ਼ਦੂਰ ਸ਼ਾਮਲ ਸਨ।