For the best experience, open
https://m.punjabitribuneonline.com
on your mobile browser.
Advertisement

ਮੀਂਹ ਨਾਲ ਨਰਮਾ ਕਾਸ਼ਤਕਾਰ ਘਬਰਾਏ, ਝੋਨੇ ਵਾਲਿਆਂ ਦੇ ਵਾਰੇ-ਨਿਆਰੇ

10:05 AM Aug 28, 2024 IST
ਮੀਂਹ ਨਾਲ ਨਰਮਾ ਕਾਸ਼ਤਕਾਰ ਘਬਰਾਏ  ਝੋਨੇ ਵਾਲਿਆਂ ਦੇ ਵਾਰੇ ਨਿਆਰੇ
ਪਿੰਡ ਖੋਖਰ ਖੁਰਦ ਵਿੱਚ ਮੀਂਹ ਨਾਲ ਟੇਢੇ ਹੋਏ ਨਰਮੇ ਦੇ ਬੂਟੇ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 27 ਅਗਸਤ
ਮਾਲਵਾ ਖੇਤਰ ’ਚ ਬੀਤੀ ਰਾਤ ਤੋਂ ਅੱਜ ਸ਼ਾਮ ਤੱਕ ਰੁਕ-ਰੁਕ ਪੈ ਰਹੇ ਮੀਂਹ ਕਾਰਨ ਹੁਣ ਨਰਮਾ ਪੱਟੀ ਵਿਚਲੇ ਕਿਸਾਨ ਪ੍ਰੇਸ਼ਾਨ ਹਨ। ਨਰਮਾ ਪੱਟੀ ਵਿੱਚ ਭਾਦੋਂ ਦੇ ਮਹੀਨੇ ਪੈਂਦੀਆਂ ਹਲਕੀਆਂ ਕਣੀਆਂ ਨੂੰ ਝੜੀ ਦੇ ਰੂਪ ਵਿੱਚ ਕਿਸਾਨਾਂ ਵੱਲੋਂ ਵੱਡਾ ਡਰ ਮੰਨਿਆ ਜਾਂਦਾ ਹੈ।
ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਮੀਂਹ ਪੈਣ ਦੀਆਂ ਦਿੱਤੀਆਂ ਸੂਚਨਾਵਾਂ ਤੋਂ ਬਾਅਦ ਹੁਣ ਨਰਮਾ ਉਤਪਾਦਕ ਝੋਰਾ ਮਹਿਸੂਸ ਕਰਨ ਲੱਗੇ ਹਨ, ਹਾਲਾਂਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਇਸ ਮੀਂਹ ਨੂੰ ਸਾਉਣੀ ਦੀਆਂ ਸਾਰੀਆਂ ਫਸਲਾਂ ਲਈ ਲਾਭਦਾਇਕ ਦੱਸ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਭਾਦੋਂ ਦੀ ਝੜੀ ਨਰਮੇ ਦੀ ਫੁੱਲ ਬੂਕੀ ਡੇਗ ਦਿੰਦੀ ਹੈ ਅਤੇ ਖੇਤਾਂ ਵਿਚ ਮੀਂਹ ਦੇ ਭਾਰ ਨਾਲ ਨਰਮੇ ਟੇਡੇ ਹੋ ਕੇ ਡਿੱਗਣ ਲੱਗ ਜਾਂਦੇ ਹਨ। ਦਿਲਚਸਪ ਗੱਲ ਹੈ ਕਿ ਇਸ ਵਾਰ ਨਰਮੇ ਦੀ ਫ਼ਸਲ ਸ਼ੁਰੂ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਦੇ ਬਾਵਜੂਦ ਬੇਹੱਦ ਵਧੀਆ ਸੀ ਅਤੇ ਹੁਣ ਪੈਣ ਲੱਗੀਆਂ ਹਲਕੀਆਂ ਕਣੀਆਂ ਨੇ ਕਿਸਾਨਾਂ ਵਿੱਚ ਸਹਿਮ ਹੈ। ਬੇਸ਼ੱਕ ਖੇਤੀਬਾੜੀ ਮਹਿਕਮੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਦੱਖਣੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪਏ ਮੀਂਹ ਨੂੰ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਲਈ ਲਾਭਦਾਇਕ ਦੱਸਿਆ ਹੈ। ਖੇਤੀ ਯੂਨੀਵਰਸਿਟੀ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਦਾ ਕਹਿਣਾ ਹੈ ਕਿ ਇਸ ਮੀਂਹ ਨੇ ਜਿੱਥੇ ਫ਼ਸਲਾਂ ਦੇ ਝਾੜ ਵਿੱਚ ਵਾਧਾ ਕਰਨਾ ਹੈ, ਉਥੇ ਇਸ ਨਾਲ ਨਰਮੇ ਅਤੇ ਝੋਨੇ ਉਪਰ ਪੈਦਾ ਹੋਣ ਜਾ ਰਹੀਆਂ ਅਨੇਕਾਂ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣ ਵਿੱਚ ਸਹਾਈ ਸਿੱਧ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ 15 ਸਤੰਬਰ ਤੋਂ ਪਹਿਲਾਂ ਸਿੱਧਾ ਪਿਆ ਮੀਂਹ ਸਾਉਣੀ ਦੀਆਂ ਫ਼ਸਲਾਂ ਲਈ ਸ਼ੁਭ ਮੰਨਿਆ ਜਾਂਦਾ ਹੈ।
ਖੇਤੀਬਾੜੀ ਮਹਿਕਮੇ ਦੇ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਇਸ ਖੇਤਰ ਦੇ ਬਰਾਨੀ ਇਲਾਕੇ ਵਿੱਚ ਜਿਹੜੀਆਂ ਫ਼ਸਲਾਂ ਦੇ ਮੀਂਹ ਵੰਨੀਓ ਘੁੰਢ ਮੁੜੇ ਪਏ ਹਨ, ਉਨ੍ਹਾਂ ਫ਼ਸਲਾਂ ਦੇ ਉਪਰ ਅੰਬਰੀ ਪਾਣੀ ਡਿੱਗਣ ਨਾਲ ਅੱਜ ਰੌਣਕਾਂ ਚਮਕ ਆਉਣੀਆਂ ਹਨ। ਉਨ੍ਹਾਂ ਕਿਹਾ ਕਿ ਨਰਮੇ ਦੀ ਫ਼ਸਲ ਉਪਰ, ਜੋ ਬਿਮਾਰੀਆਂ ਪੈਦਾ ਹੋਣ ਦਾ ਖਦਸ਼ਾ ਬਣਿਆ ਸੀ, ਉਹ ਵੀ ਇਸ ਹਲਕੇ ਮੀਂਹ ਨੇ ਥੱਲੇ ਸੁੱਟ ਕੇ ਸਦਾ ਲਈ ਖ਼ਤਮ ਕਰ ਦੇਣਾ ਹੈ।
ਉਨ੍ਹਾਂ ਕਿਹਾ ਕਿ ਇਸ ਮੀਂਹ ਨੇ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਫਾਇਦਾ ਕਰਨਾ ਹੈੈ। ਉਧਰ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਆਪਣੀ ਪੁੱਤਰਾਂ ਵਾਂਗ ਨਰਮੇ ਅਤੇ ਝੋਨੇ ਦੀ ਫ਼ਸਲ ਨੂੰ ਹੁਣ ਤੱਕ ਮਸਾਂ ਹੀ ਪਾਲਿਆਂ ਸੀ, ਪਰ ਜਦੋਂ ਹੁਣ ਨਰਮੇ ਦੇ ਫੁੱਲ ਫ਼ਲ ਚੁੱਕਿਆ ਸੀ ਤਾਂ ਹੁਣ ਬਾਰਸ਼ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ।

Advertisement
Advertisement
Author Image

Advertisement