ਕਿਸਾਨ ਨੇ ਦੋ ਮੰਦਬੁੱਧੀ ਮਜ਼ਦੂਰਾਂ ਨੂੰ ਬੰਦੀ ਬਣਾਇਆ
ਪੱਤਰ ਪ੍ਰੇਰਕ
ਤਰਨ ਤਾਰਨ, 24 ਅਕਤੂਬਰ
ਇਲਾਕੇ ਦੇ ਇੱਕ ਪਿੰਡ ਦੇ ਇਕ 30 ਏਕੜ ਜ਼ਮੀਨ ਦੇ ਮਾਲਕ ਧਨਾਡ ਕਿਸਾਨ ਵੱਲੋਂ ਬੀਤੇ ਕਰੀਬ ਤਿੰਨ ਸਾਲਾਂ ਤੋਂ ਆਪਣੇ ਖੇਤਾਂ ਆਦਿ ਦਾ ਕੰਮ ਕਰਵਾਉਣ ਲਈ ਰੱਖੇ ਦੋ ਮੰਦਬੁੱਧੀ ਮਜ਼ਦੂਰਾਂ ਨੂੰ ਬੰਦੀ ਬਣਾ ਕੇ ਉਨ੍ਹਾਂ ਤੋਂ ਜਾਨਵਰਾਂ ਵਾਂਗਰਾਂ ਕੰਮ ਲਿਆ ਜਾ ਰਿਹਾ ਹੈ। ਕਿਸਾਨ ਰਾਤ ਵੇਲੇ ਉਨ੍ਹਾਂ ਨੂੰ ਸੰਗਲਾਂ ਨਾਲ ਜਕੜ ਦਿੰਦਾ ਹੈ। ਇਕੱਤਰ ਜਾਣਕਾਰੀ ਅਨੁਸਾਰ ਇਹ ਕਿਸਾਨ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਤਿੰਨ ਸਾਲ ਪਹਿਲਾਂ ਅੰਮ੍ਰਿਤਸਰ ਦੇ ਰੇਲਵੇ ਸ਼ਟੇਸ਼ਨ ਤੋਂ ਲੈ ਕੇ ਆਇਆ ਸੀ। ਉਹ ਮਜ਼ਦੂਰਾਂ ਤੋਂ ਰਾਤ-ਦਿਨ ਕੰਮ ਲੈਦਾ ਹੈ। ਉਨ੍ਹਾਂ ਨੂੰ ਕਿਸਾਨ ਦੇ ਖੇਤਾਂ ਤੋਂ ਬਾਹਰ ਪਿੰਡ ਦੇ ਕਿਸੇ ਹੋਰ ਵਿਅਕਤੀ ਦੇ ਘਰ ਜਾਣ ਤੱਕ ਵੀ ਆਗਿਆ ਨਹੀਂ ਹੈ। ਬੀਤੇ ਦਿਨ ਇਕ ਮਜ਼ਦੂਰ ਕਿਸਾਨ ਦੇ ਘਰੋਂ ਪਿੰਡ ਵਿੱਚ ਆ ਗਿਆ ਤਾਂ ਕਿਸਾਨ ਨੇ ਪਿੰਡ ਦੇ ਕਈ ਲੋਕਾਂ ਸਾਹਮਣੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਕਿਸਾਨ ਦੇ ਖੇਤਾਂ ਨਾਲ ਰਹਿੰਦੇ ਹੋਰਨਾਂ ਲੋਕਾਂ ਨੇ ਕਿਹਾ ਕਿ ਕਿਸਾਨ ਇਨ੍ਹਾਂ ਮੰਦਬੁੱਧੀ ਮਜ਼ਦੂਰਾਂ ਦੀ ਬਿਨਾਂ ਕਾਰਨ ਦੇ ਕੁੱਟਮਾਰ ਵੀ ਕਰਦਾ ਹੈ। ਦਲਿਤ ਦਾਸਤਾਨ ਵਿਰੋਧੀ ਅੰਦੋਲਨ ਦੇ ਆਗੂ ਰਣਜੀਤ ਸਿੰਘ ਸ਼ਕਰੀ ਨੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਕੇ ਬੰਦੁਆਂ ਮਜ਼ਦੂਰਾਂ ਨੂੰ ਰਿਹਾਅ ਕਰਵਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਅਤੇ ਐੱਸਡੀਐੱਮ ਅਰਵਿੰਦਰਪਾਲ ਸਿੰਘ ਨੂੰ ਉਨ੍ਹਾਂ ਦੇ ਮੋਬਾਈਲਾਂ ’ਤੇ ਐੱਸਐੱਮਐੱਸ ਭੇਜ ਕੇ ਪ੍ਰਸ਼ਾਸਨ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਪਰ ਅਧਿਕਾਰੀਆਂ ਇਸ ਦਾ ਜਵਾਬ ਨਹੀਂ ਦਿੱਤਾ।