ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨ ਨੇ ਨਰਮਾ ਵਾਹਿਆ
ਪੱਤਰ ਪ੍ਰੇਰਕ
ਕਾਲਾਂਵਾਲੀ, 14 ਜੁਲਾਈ
ਖੇਤਰ ਦੇ ਪਿੰਡ ਗਦਰਾਣਾ ਵਿੱਚ ਕਿਸਾਨ ਨੇ ਪੈਰਾਬਿਲਟ ਅਤੇ ਗੁਲਾਬੀ ਸੁੰਡੀ ਦੇ ਕਹਿਰ ਕਾਰਨ ਆਪਣੀ 6 ਏਕੜ ਖੜ੍ਹੀ ਨਰਮੇ ਦੀ ਫ਼ਸਲ ਨੂੰ ਵਾਹ ਦਿੱਤੀ। ਕਿਸਾਨ ਹਰਮਨਦੀਪ ਸਿੰਘ ਨੇ ਦੱਸਿਆ ਕਿ ਉਸ ਕੋਲ 10 ਏਕੜ ਜ਼ਮੀਨ ਹੈ ਜਿਸ ਵਿੱਚ ਨਰਮਾ ਬੀਜਿਆ ਹੋਇਆ। ਨਰਮੇ ਦੀ ਫ਼ਸਲ ਵਿੱਚ ਫੁੱਲ ਅਤੇ ਟੀਂਡੇ ਵੀ ਲੱਗਣੇ ਸ਼ੁਰੂ ਹੋ ਗਏ ਸਨ। ਉਸ ਅਨੁਸਾਰ ਛੇ ਏਕੜ ਨਰਮੇ ਦੀ ਫ਼ਸਲ ਵਿੱਚ ਪੈਰਾਬਿਲਟ ਅਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਸੀ। ਇਸ ਲਈ ਉਸ ਨੇ ਮਹਿੰਗੇ ਭਾਅ ਦੇ ਕੀਟਨਾਸ਼ਕਾਂ ਦਾ ਛਿੜਕਾਅ ਵੀ ਕੀਤਾ ਪਰ ਇਨ੍ਹਾਂ ’ਤੇ ਕਾਬੂ ਨਹੀਂ ਪਾਇਆ ਗਿਆ ਅਤੇ ਉਸ ਦੀ ਫ਼ਸਲ ਖ਼ਰਾਬ ਹੋ ਗਈ। ਹੁਣ ਉਹ ਇਸ ਫ਼ਸਲ ’ਤੇ ਹੋਰ ਖ਼ਰਚ ਨਹੀਂ ਕਰ ਸਕਦਾ, ਇਸ ਲਈ ਉਹ ਇਸ ਨੂੰ ਵਾਹ ਦਿੱਤਾ ਹੈ।
ਕਿਸਾਨ ਹਰਮਨਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਨਰਮੇ ਦੀ ਫ਼ਸਲ ਨੂੰ ਮਿਹਨਤ ਨਾਲ ਤਿਆਰ ਕੀਤਾ ਸੀ ਅਤੇ ਜਦੋਂ ਫ਼ਸਲ ਨੂੰ ਫਲ ਲੱਗਣ ਦਾ ਸਮਾਂ ਆਇਆ ਤਾਂ ਉਸ ’ਤੇ ਪੈਰਾਬਿਲਟ ਅਤੇ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ। ਕਿਸਾਨ ਨੇ ਦੱਸਿਆ ਕਿ ਪਿਛਲੀ ਵਾਰ ਵੀ ਗੁਲਾਬੀ ਸੁੰਡੀ ਕਾਰਨ ਕਿਸਾਨਾਂ ਦੀ ਨਰਮੇ ਦੀ ਫ਼ਸਲ ਖ਼ਰਾਬ ਹੋ ਗਈ ਸੀ। ਇਸ ਵਾਰ ਕਿਸਾਨਾਂ ਨੂੰ ਉਮੀਦ ਸੀ ਕਿ ਸ਼ਾਇਦ ਨਰਮੇ ਦਾ ਵਧੀਆ ਬੀਜ ਆਵੇਗਾ ਅਤੇ ਨਰਮੇ ਦੀ ਫ਼ਸਲ ਚੰਗੀ ਹੋਵੇਗੀ ਪਰ ਇਸ ਵਾਰ ਵੀ ਕਿਸਾਨਾਂ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ।