ਤੁੰਗਵਾਲੀ ਦੇ ਕਿਸਾਨ ਨੇ ਤਿੰਨ ਏਕੜ ਨਰਮੇ ਦੀ ਫ਼ਸਲ ਵਾਹੀ
ਪਵਨ ਗੋਇਲ
ਭੁੱਚੋ ਮੰਡੀ, 5 ਅਗਸਤ
ਪਿੰਡ ਤੁੰਗਵਾਲੀ ਵਿੱਚ ਕਿਸਾਨ ਹਰਭਜਨ ਸਿੰਘ ਨੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਕਾਰਨ ਖ਼ਰਾਬ ਹੋਈ ਤਿੰਨ ਏਕੜ ਨਰਮੇ ਦੀ ਫ਼ਸਲ ਨੂੰ ਵਾਹ ਦਿੱਤਾ। ਪੀੜਤ ਕਿਸਾਨ ਦੀ ਸਾਰ ਲੈਣ ਉਸ ਦੇ ਖੇਤ ’ਚ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੁਰਜਗਿੱਲ) ਦੇ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਦੀ ਅਗਵਾਈ ਹੇਠ ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਖ਼ਰਾਬ ਹੋਈ ਨਰਮੇ ਦੀ ਫ਼ਸਲ ਦਾ ਨਿਰੀਖਣ ਕੀਤਾ ਅਤੇ ਸਰਕਾਰ ਤੋਂ ਪੀੜਤ ਕਿਸਾਨ ਨੂੰ ਮੁਆਵਜ਼ਾ ਦੇਣ ਅਤੇ ਖੇਤੀਬਾੜੀ ਅਧਿਕਾਰੀਆਂ ਨੂੰ ਖੇਤ ਵਿੱਚ ਭੇਜ ਕੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਪੀੜਤ ਕਿਸਾਨ ਹਰਭਜਨ ਸਿੰਘ ਨੇ ਕਿਹਾ ਕਿ ਉਸ ਨੇ ਤਿੰਨ ਏਕੜ ਜ਼ਮੀਨ ’ਤੇ ਨਰਮੇ ਦੀ ਫ਼ਸਲ ਬੀਜੀ ਸੀ। ਇਸ ’ਚੋਂ ਕੁੱਝ ਜ਼ਮੀਨ ਠੇਕੇ ’ਤੇ ਲਈ ਹੋਈ ਹੈ। ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਨੇ ਸਾਰੀ ਫ਼ਸਲ ਬਰਬਾਦ ਕਰ ਦਿੱਤੀ ਹੈ। ਉਸ ਨੇ ਕਿਹਾ ਕਿ ਉਹ ਇਸ ਫ਼ਸਲ ’ਤੇ ਚਾਰ ਸਪਰੇਆਂ ਕਰ ਚੁੱਕਾ ਹੈ ਪਰ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ’ਤੇ ਕੋਈ ਅਸਰ ਨਹੀਂ ਹੋਇਆ। ਉਸ ਨੇ ਕਿਹਾ ਕਿ ਉਸ ਦੀ ਨਰਮੇ ਦੀ ਫ਼ਸਲ ਪਿਛਲੇ ਪੰਜ ਸਾਲਾਂ ਤੋਂ ਖ਼ਰਾਬ ਹੋ ਰਹੀ ਹੈ ਪਰ ਕਿਸੇ ਵੀ ਅਧਿਕਾਰੀ ਨੇ ਉਸ ਦੀ ਸਾਰ ਨਹੀਂ ਲਈ। ਉਸ ਨੇ ਕਿਹਾ ਕਿ ਕਮਾਈ ਹੋਣਾ ਤਾਂ ਇੱਕ ਪਾਸੇ, ਉਸ ਕੋਲੋਂ ਠੇਕੇ ਦੇ ਪੈਸੇ ਵੀ ਨਹੀਂ ਮੋੜੇ ਜਾ ਰਹੇ। ਇਸ ਮੌਕੇ ਪਿੰਡ ਇਕਾਈ ਦੇ ਪ੍ਰਧਾਨ ਜਗਸੀਰ ਸਿੰਘ, ਕਿਸਾਨ ਆਗੂ ਸਰਬਜੀਤ ਸਿੰਘ ਜੈਦ ਅਤੇ ਬਹਾਦਰ ਸਿੰਘ ਵੀ ਹਾਜ਼ਰ ਸਨ।
ਕੈਂਪਾਂ ਰਾਹੀਂ ਕਿਸਾਨਾਂ ਨੂੰ ਹਰ ਸਮੱਸਿਆ ਬਾਰੇ ਕੀਤਾ ਜਾਂਦੈ ਜਾਗਰੂਕ: ਖੇਤੀਬਾੜੀ ਅਫਸਰ
ਬਲਾਕ ਖੇਤੀਬਾੜੀ ਅਫਸਰ ਡਾ. ਜਸਕਰਨ ਸਿੰਘ ਨੇ ਕਿਹਾ ਕਿ ਕਿਸਾਨ ਦੀ ਸਾਰ ਨਾ ਲੈਣ ਵਰਗੀ ਕੋਈ ਗੱਲ ਨਹੀਂ ਹੈ। ਕੈਂਪ ਲਗਾ ਕੇ ਕਿਸਾਨਾਂ ਨੂੰ ਹਰ ਸਮੱਸਿਆ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਤਾਪਮਾਨ ਜ਼ਿਆਦਾ ਰਹਿਣ ਕਾਰਨ ਚਿੱਟੀ ਮੱਖੀ ਬਾਰੇ ਸ਼ਿਕਾਇਤ ਮਿਲੀ ਸੀ ਪਰ ਮੀਂਹ ਤੋਂ ਬਾਅਦ ਮੱਖੀ ਲਗਪਗ ਖ਼ਤਮ ਹੋ ਚੁੱਕੀ ਹੈ। ਗੁਲਾਬੀ ਸੁੰਡੀ ਬਾਰੇ ਉਨ੍ਹਾਂ ਕਿਹਾ ਕਿ ਕਿਸਾਨ ਬੰਦ ਪਏ ਫੁੱਲਾਂ ਦਾ ਸਰਵੇਖਣ ਕਰਦੇ ਰਹਿਣ ਅਤੇ ਜ਼ਰੂਰਤ ਪੈਣ ’ਤੇ ਯੂਨੀਵਰਸਿਟੀ ਵੱਲੋਂ ਸਿਫਾਰਸ਼ਸ਼ੁਦਾ ਕੀਟਨਸ਼ਕ ਦਵਾਈਆਂ ਹੀ ਫ਼ਸਲ ’ਤੇ ਸਪਰੇਅ ਕਰਨ।