ਤਾਮਕੋਟ ਦੇ ਕਿਸਾਨ ਨੇ 18.5 ਏਕੜ ’ਚ ਕੀਤੀ ਕਣਕ ਦੀ ਸਿੱਧੀ ਬਿਜਾਈ
ਜੋਗਿੰਦਰ ਸਿੰਘ ਮਾਨ
ਮਾਨਸਾ, 24 ਨਵੰਬਰ
ਮੁੱਖ ਖੇਤੀਬਾੜੀ ਵਿਕਾਸ ਅਫ਼ਸਰ ਮਾਨਸਾ ਡਾ. ਹਰਪ੍ਰੀਤਪਾਲ ਕੌਰ ਵੱਲੋਂ ਜ਼ਿਲ੍ਹਾ ਪੱਧਰੀ ਟੀਮ ਸਮੇਤ ਕਿਸਾਨ ਜਸਵਿੰਦਰ ਸਿੰਘ ਵਾਸੀ ਪਿੰਡ ਤਾਮਕੋਟ ਦੇ ਖੇਤ ਵਿੱਚ ਲਗਪਗ 18.5 ਏਕੜ ਰਕਬੇ ਵਿੱਚ ਬਗੈਰ ਅੱਗ ਲਗਾਏ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਵਾਉਂਦੇ ਹੋਏ ਕਣਕ ਦੀ ਬਿਜਾਈ ਕਰਵਾਈ ਗਈ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਦੱਸਿਆ ਕਿ ਇਸ ਕਿਸਾਨ ਵੱਲੋਂ ਪਿਛਲੇ 6 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਬਗੈਰ ਅੱਗ ਲਾਏ ਕਣਕ ਦੀ ਬਿਜਾਈ ਸਫਲਤਾ ਪੂਰਵਕ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਕਿਸਾਨ ਵੱਲੋਂ 16 ਏਕੜ ਰਕਬੇ ਵਿੱਚ ਝੋਨੇ ਦਾ ਪ੍ਰਬੰਧਨ ਪਰਾਲੀ ਦੀਆਂ ਗੱਠਾਂ ਬਣਾ ਕੇ ਅਤੇ 2.5 ਏਕੜ ਰਕਬੇ ਵਿੱਚ ਮਲਚਿੰਗ ਤਕਨੀਕ ਨਾਲ ਪਰਾਲੀ ਦਾ ਪ੍ਰਬੰਧਨ ਕੀਤਾ ਗਿਆ। ਉਨ੍ਹਾਂ ਜਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਖੇਤੀ ਮਸ਼ੀਨਰੀ ਨਾਲ ਪਰਾਲੀ ਦਾ ਪ੍ਰਬੰਧਨ ਕਰਨਾ ਚਾਹੀਦਾ ਹੈ ਤਾਂ ਜੋ ਵਾਤਾਵਰਨ ਨੁੂੰ ਪ੍ਰਦੂਸ਼ਿਤ ਹੋਣ ਬਚਾਇਆ ਜਾ ਸਕੇ ਅਤੇ ਧਰਤੀ ਵਿਚਲੇ ਜ਼ਰੂਰੀ ਤੱਤਾਂ ਨੂੰ ਨਸ਼ਟ ਹੋਣ ਤੋਂ ਬਚਾਅ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਈ ਜਾ ਸਕੇ। ਇਸ ਮੌਕੇ ਜਸਲੀਨ ਕੌਰ ਧਾਲੀਵਾਲ, ਗੁਰਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਚਮਨਦੀਪ ਸਿੰਘ, ਮਨਪ੍ਰੀਤ ਸਿੰਘ, ਜਗਦੀਪ ਸਿੰਘ ਸਰਪੰਚ, ਕਿਸਾਨ ਜਸਵਿੰਦਰ ਸਿੰਘ ਤੇ ਸਿਕੰਦਰ ਸਿੰਘ ਮੌਜੂਦ ਸਨ।