ਨਾਰੋਮਾਜਰਾ ਦੇ ਕਿਸਾਨ ਵੱਲੋਂ ਬਿਨਾਂ ਅੱਗ ਲਗਾਏ ਪਰਾਲੀ ਦਾ ਨਿਬੇੜਾ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 16 ਨਵੰਬਰ
ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣ ਅਤੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਕਿਸਾਨ ਪੂਰੀ ਤਰ੍ਹਾਂ ਸੁਚੇਤ ਹੋ ਗਏ ਹਨ, ਜਿਸ ਦੀ ਮਿਸਾਲ ਪਿੰਡ ਨਾਰੋਮਾਜਰਾ ਦਾ ਕਿਸਾਨ ਸਤਵੀਰ ਸਿੰਘ ਹੈ, ਜੋ ਆਪਣੀ 55 ਏਕੜ ਜ਼ਮੀਨ ਵਿੱਚ ਬਿਨਾਂ ਅੱਗ ਲਗਾਏ ਪਰਾਲੀ ਦਾ ਨਿਪਟਾਰਾ ਕਰਨ ਦੇ ਨਾਲ ਨਾਲ ਫ਼ਸਲੀ ਵਿਭਿੰਨਤਾ ਅਪਣਾ ਕੇ ਦੂਜੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਕੇ ਉੱਭਰਿਆ ਹੈ। ਆਪਣਾ ਖੇਤੀ ਤਜਰਬਾ ਸਾਂਝਾ ਕਰਦਿਆਂ ਸਤਵੀਰ ਸਿੰਘ ਨੇ ਦੱਸਿਆ ਕਿ ਉਹ ਰਵਾਇਤੀ ਫ਼ਸਲੀ ਚੱਕਰ ’ਚੋਂ ਨਿਕਲਣ ਦੇ ਨਾਲ ਫ਼ਸਲੀ ਵਿਭਿੰਨਤਾ ਅਪਨਾ ਕੇ ਖੇਤੀ ਨੂੰ ਲਾਹੇਵੰਦ ਧੰਦੇ ਦੇ ਤੌਰ ’ਤੇ ਵਿਕਸਿਤ ਕਰ ਕੇ ਆਪਣੀ ਆਰਥਿਕ ਸਿਹਤ ਦਾ ਸੁਧਾਰ ਕਰ ਰਿਹਾ ਹੈ। ਉਹ ਕਰੀਬ 15 ਏਕੜ ਆਲੂ ਅਤੇ ਆਲੂਆਂ ਦੀ ਪੁਟਾਈ ਤੋਂ ਬਾਅਦ ਮੱਕੀ ਬੀਜਦਾ ਹੈ।
ਉਹ ਖ਼ੁਦ ਮੱਕੀ ਦਾ ਆਚਾਰ ਤਿਆਰ ਕਰਦਾ ਹੈ ਅਤੇ ਨਾਲ 35 ਗਾਵਾਂ ਦਾ ਡੇਅਰੀ ਫਾਰਮ ਚਲਾ ਰਿਹਾ ਹੈ। ਇਨ੍ਹਾਂ ਗਾਵਾਂ ਲਈ ਚਾਰਾ ਅਤੇ ਅਚਾਰ ਖ਼ੁਦ ਹੀ ਤਿਆਰ ਕਰਦਾ ਹੈ, ਜਿਸ ਨਾਲ ਦੁੱਧ ਉਤਪਾਦਨ ਆਮ ਫੀਡਾ ਦੇ ਮੁਕਾਬਲੇ ਜ਼ਿਆਦਾ ਮਿਲ ਰਿਹਾ ਹੈ। ਉਸ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ 50 ਫ਼ੀਸਦੀ ਸਬਸਿਡੀ ਉੱਪਰ ਸੁਪਰ ਸੀਡਰ ਲਿਆ ਹੈ, ਜਿਸ ਦੀ ਮਦਦ ਨਾਲ ਉਹ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਦਾ ਹੈ, ਜਿਸ ਨਾਲ ਰਵਾਇਤੀ ਢੰਗ ਨਾਲ ਬੀਜੀ ਕਣਕ ਦੇ ਮੁਕਾਬਲੇ ਲਗਭਗ ਦੋ ਕੁਇੰਟਲ ਕਣਕ ਦੇ ਝਾੜ ਵਿੱਚ ਵਾਧਾ ਹੋਇਆ ਹੈ। ਉਹ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਬਹੁਤ ਘੱਟ ਮਾਤਰਾ ਵਿੱਚ ਯੂਰੀਆ ਖਾਦ ਜਾਂ ਬਾਹਰੋਂ ਬਾਜ਼ਾਰੋਂ ਮਿਲਣ ਵਾਲੀਆਂ ਖਾਦਾਂ ਦੀ ਵਰਤੋਂ ਕਰਦਾ ਹੈ, ਪਰਾਲੀ ਬਹੁਤ ਜ਼ਿਆਦਾ ਲੋੜੀਂਦੇ ਤੱਤਾਂ ਨਾਲ ਭਰਪੂਰ ਹੁੰਦੀ ਹੈ। ਜਦੋਂ ਇਸ ਨੂੰ ਮਿੱਟੀ ਵਿੱਚ ਮਿਲਾ ਦਿੰਦੇ ਹਾਂ ਤਾਂ ਉਹ ਸਾਰੇ ਤੱਤ ਮਿੱਟੀ ਵਿੱਚ ਮਿਲ ਕੇ ਮਿੱਟੀ ਦੇ ਉਪਜਾਊ ਪਣ ਵਿੱਚ ਵਾਧਾ ਕਰਦੇ ਹਨ । ਖੇਤੀਬਾੜੀ ਵਿਕਾਸ ਅਫ਼ਸਰ ਡਾ. ਨਵਦੀਪ ਕੁਮਾਰ ਨੇ ਪਿੰਡ ਅਤੇ ਇਲਾਕੇ ਦੇ ਨੌਜਵਾਨ ਕਿਸਾਨਾਂ ਨੂੰ ਪਿੰਡ ਨਾਰੋਮਾਜਰਾ ਦੇ ਕਿਸਾਨ ਸਤਵੀਰ ਸਿੰਘ ਤੋਂ ਪ੍ਰੇਰਨਾ ਲੈਣ ਦੀ ਅਪੀਲ ਕਰਦਿਆਂ ਉਹ ਡੀ.ਏ.ਪੀ. ਖਾਦ ਦੀ ਜਗ੍ਹਾ ਉਸ ਦੇ ਬਦਲਵੇਂ ਸਰੋਤਾਂ (ਖਾਦਾਂ) ਦੀ ਵਰਤੋਂ ਕਰਨ।
ਸੱਤ ਸਾਲਾਂ ਤੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾ ਰਿਹਾ ਹਰਦੀਪ ਸਿੰਘ ਚੱਠਾ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਇਥੋਂ ਨੇੜਲੇ ਪਿੰਡ ਚੱਠਾ ਸੇਖਵਾਂ ਦਾ ਅਗਾਂਹ ਵਧੂ ਕਿਸਾਨ ਹਰਦੀਪ ਸਿੰਘ ਪਿਛਲੇ ਕਰੀਬ ਸੱਤ ਸਾਲ ਤੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਇਸ ਦਾ ਯੋਗ ਪ੍ਰਬੰਧਨ ਦੀ ਮੁਹਿੰਮ ਵਿੱਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਉਪ ਮੰਡਲ ਮੈਜਿਸਟਰੇਟ ਸੰਗਰੂਰ ਚਰਨਜੋਤ ਸਿੰਘ ਵਾਲੀਆ ਨੇ ਦੱਸਿਆ ਕਿ ਹਰਦੀਪ ਸਿੰਘ ਵਰਗੇ ਤਜਰਬੇਕਾਰ ਕਿਸਾਨ ਹੋਰਨਾ ਕਿਸਾਨਾਂ ਲਈ ਰਾਹ ਦਸੇਰਾ ਸਾਬਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰਦੀਪ ਸਿੰਘ ਲਗਪਗ 10 ਏਕੜ ਰਕਬੇ ਵਿੱਚ ਹੈਪੀ ਸੀਡਰ ਦਾ ਇਸਤੇਮਾਲ ਕਰਕੇ ਕਣਕ ਦੀ ਬਿਜਾਈ ਕਰ ਰਿਹਾ ਹੈ ਅਤੇ ਪਿਛਲੇ ਸਾਲਾਂ ਦੌਰਾਨ ਉਸ ਨੂੰ ਇਸ ਕਾਰਜ ਵਿੱਚ ਕਿਸੇ ਵੀ ਤਰ੍ਹਾਂਂ ਦੀ ਵਿੱਤੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਨੇ ਹਰਦੀਪ ਸਿੰਘ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਹੋਰਨਾਂ ਕਿਸਾਨਾਂ ਨੂੰ ਵੀ ਵਾਤਾਵਰਨ ਦੇ ਰਾਖੇ ਬਣਨ ਦਾ ਸੱਦਾ ਦਿੱਤਾ ਹੈ।