ਮਾਲਵੇ ਦਾ ਮਸ਼ਹੂਰ ਛਪਾਰ ਮੇਲਾ ਸ਼ਾਨੋ-ਸ਼ੌਕਤ ਨਾਲ ਸ਼ੁਰੂ
ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 16 ਸਤੰਬਰ
ਮਾਲਵੇ ਦਾ ਮਸ਼ਹੂਰ ਮੇਲਾ ਛਪਾਰ ਅੱਜ ਇੱਥੇ ਸ਼ੁਰੂ ਹੋਇਆ। ਪਹਿਲੇ ਦਿਨ ਵੱਡੀ ਗਿਣਤੀ ਸ਼ਰਧਾਲੂਆਂ ਨੇ ਗੁੱਗਾ ਮਾੜੀ ’ਤੇ ਮਿੱਟੀ ਕੱਢ ਕੇ ਨਾਗ ਦੇਵਤਾ ਦੀ ਪੂਜਾ ਕੀਤੀ ਅਤੇ ਘੁੰਮ-ਫਿਰ ਕੇ ਮੇਲੇ ਦਾ ਆਨੰਦ ਮਾਣਿਆ। ਭਾਵੇਂ ਪਹਿਲਾ ਦਿਨ ਰਵਾਇਤੀ ਤੌਰ ’ਤੇ ਮਹਿਲਾਵਾਂ ਲਈ ਰਾਖਵਾਂ ਹੁੰਦਾ ਹੈ ਪਰ ਔਰਤਾਂ ਤੇ ਬੱਚਿਆਂ ਦੀ ਗਿਣਤੀ ਸਿਰਫ਼ ਬਾਅਦ ਦੁਪਹਿਰ ਤੱਕ ਹੀ ਵੱਧ ਰਹੀ, ਜਿਸ ਮਗਰੋਂ ਨੌਜਵਾਨਾਂ ਸਣੇ ਪੁਰਸ਼ ਵੱਧ ਗਿਣਤੀ ਗਿਣਤੀ ਵਿੱਚ ਨਜ਼ਰ ਆਏ। ਰਸਮੀ ਤੌਰ ’ਤੇ ਭਾਦੋਂ ਦੀ ਚੌਦੇਂ ਨੂੰ ਸ਼ੁਰੂ ਹੋਣ ਵਾਲੇ ਮੇਲੇ ਵਾਲੀ ਥਾਂ ਕਈ ਦਿਨ ਪਹਿਲਾਂ ਹੀ ਤਮਾਸ਼ਿਆਂ, ਚੰਡੋਲਾਂ ਅਤੇ ਖਾਣ-ਪੀਣ ਵਾਲੀਆਂ ਸਟਾਲਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਸਥਾਨਕ ਸ਼ਹਿਰ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਲੋਕਾਂ ਨੇ ਆਉਣਾ ਸ਼ੁਰੂ ਕਰ ਦਿੱਤਾ ਸੀ। ਅੱਜ ਮੇਲੇ ਦੇ ਰਸਮੀ ਤੌਰ ’ਤੇ ਪਹਿਲੇ ਦਿਨ ਹੀ ਤਮਾਸ਼ਿਆਂ ਅਤੇ ਖਜਲਾ ਮਠਿਆਈ ਵਾਲਿਆਂ ਨੇ ਚੰਗੀ ਕਮਾਈ ਕੀਤੀ ਪਰ ਵੱਡੀ ਗਿਣਤੀ ਵਿੱਚ ਲੰਗਰ ਤੇ ਛਬੀਲਾਂ ਲੱਗੀਆਂ ਹੋਣ ਕਰਕੇ ਫਾਸਟ-ਫੂਡ ਤੇ ਢਾਬਿਆਂ ਵਾਲਿਆਂ ਦੇ ਚਿਹਰੇ ਮੁਰਝਾਏ ਦਿਖਾਈ ਦਿੱਤੇ।
ਸਿਆਸੀ ਪਾਰਟੀਆਂ ਨੇ ਇਸ ਵਾਰ ਕਾਨਫਰੰਸਾਂ ਕਰਨ ਤੋਂ ਪਾਸਾ ਵੱਟਿਆ ਹੋਇਆ ਹੈ, ਜਦਕਿ ਆਪੋ-ਆਪਣੀ ਪਾਰਟੀ ਤੋਂ ਟਿਕਟ ਦੇ ਚਾਹਵਾਨਾਂ ਨੇ ਆਪਣੇ ਆਗੂਆਂ ਦੀਆਂ ਫੋਟੋਆਂ ਨਾਲ ਬੈਨਰ ਲਗਵਾ ਕੇ ਆਪਣੀ ਹੋਂਦ ਜ਼ਾਹਿਰ ਕਰਨ ਦੀ ਕੋਸ਼ਿਸ ਕੀਤੀ ਹੈ। ਹਾਲਾਂਕਿ ਸੀਪੀਆਈ(ਐੱਮ) ਵੱਲੋਂ ਖੱਬੇ ਪੱਖੀ ਸੰਗਠਨਾਂ ਦੇ ਸਹਿਯੋਗ ਨਾਲ ਕਾਨਫਰੰਸ ਕਰਨ ਲਈ ਤਿਆਰੀ ਕੀਤੀ ਜਾ ਰਹੀ ਹੈ।